ਓ.ਡੀ.ਐੱਫ. ਪਲੱਸ ਮਾਡਲ ਪਿੰਡ ਬਣਾਉਣ ਲਈ ਆਮ ਲੋਕਾਂ ਦੀ ਭੂਮਿਕਾ ਬਹੁਤ ਹੀ ਅਹਿਮ – ਵਧੀਕ ਡਿਪਟੀ ਕਮਿਸ਼ਨਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਓ.ਡੀ.ਐੱਫ. ਪਲੱਸ ਮਾਡਲ ਪਿੰਡ ਬਣਾਉਣ ਲਈ ਆਮ ਲੋਕਾਂ ਦੀ ਭੂਮਿਕਾ ਬਹੁਤ ਹੀ ਅਹਿਮ – ਵਧੀਕ ਡਿਪਟੀ ਕਮਿਸ਼ਨਰ
ਸਾਫ ਸਫਾਈ ਰੱਖਣ ਨਾਲ ਹੀ ਸਿਹਤਮੰਦ ਸਮਾਜ ਦੀ ਕੀਤੀ ਜਾ ਸਕਦੀ ਹੈ ਸਿਰਜਣਾ
ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਜ਼ਿਲ੍ਹਾ ਜਲ ਅਤੇ ਸੈਨੀਟੇਸ਼ਨ ਮਿਸ਼ਨ ਦੀ ਕੀਤੀ ਮੀਟਿਗ
ਰੂਪਨਗਰ, 22 ਨਵੰਬਰ: ਪਿੰਡਾਂ ਵਿੱਚ ਠੋਸ ਅਤੇ ਤਰਲ ਕੂੜਾ ਪ੍ਰਬੰਧਨ ਰਾਹੀਂ ਹਰੇਕ ਪਿੰਡ ਨੂੰ ਓ.ਡੀ.ਐੱਫ. ਪਲੱਸ ਮਾਡਲ ਪਿੰਡ ਬਣਾਉਣ ਵਿਚ ਆਮ ਲੋਕਾਂ ਦੀ ਬਹੁਤ ਹੀ ਅਹਿਮ ਭੂਮਿਕਾ ਹੈ। ਸਹੀ ਤਰੀਕੇ ਨਾਲ ਸਾਫ ਸਫਾਈ ਸਾਡੀ ਸਿਹਤ ਲਈ ਬਹੁਤ ਜਰੂਰੀ ਹੈ, ਜਿਸ ਨਾਲ ਬਿਮਾਰੀਆਂ ਤੋਂ ਦੂਰ ਰਹਿ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਚੰਦਰਜਯੋਤੀ ਸਿੰਘ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਜ਼ਿਲ੍ਹਾ ਜਲ ਅਤੇ ਸੈਨੀਟੇਸ਼ਨ ਮਿਸ਼ਨ ਦੀ ਮੀਟਿੰਗ ਕਰਦਿਆਂ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਚੰਦਰਜਯੋਤੀ ਸਿੰਘ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਭਾਰਤ ਸਰਕਾਰ ਵਲੋਂ ਚਲਾਈ ਗਈ ਇੱਕ ਬਹੁਤ ਹੀ ਅਹਿਮ ਮੁਹਿੰਮ ਹੈ ਜਿਸ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਪਿੰਡ ਵਾਸੀਆਂ ਦੀ ਭਾਗੀਦਾਰੀ ਰਾਹੀਂ ਆਪਣੇ ਘਰ ਅਤੇ ਪਿੰਡਾਂ ਨੂੰ ਸਾਫ-ਸੁਥਰਾ ਬਣਾ ਕੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਰੂਪਨਗਰ ਅਧੀਨ ਪਿੰਡਾਂ ਵਿੱਚ ਠੋਸ ਅਤੇ ਤਰਲ ਕੂੜਾ ਪ੍ਰਬੰਧਨ, ਘਰੇਲੂ ਅਤੇ ਜਨਤਕ ਪਖਾਨੇ, ਬਲਾਕ ਪੱਧਰੀ ਪਲਾਸਟਿਕ ਕੂੜਾ ਪ੍ਰਬੰਧਨ ਯੂਨਿਟ, ਗੋਬਰਧਨ ਅਤੇ ਜਲ ਜੀਵਨ ਮਿਸ਼ਨ ਅਧੀਨ ਉਸਾਰੀਆਂ ਜਾ ਰਹੀਆਂ ਅਤੇ ਨਵੀਆਂ ਉਸਾਰੀਆਂ ਜਾਣ ਵਾਲੀਆਂ ਜਲ ਸਪਲਾਈ ਸਕੀਮਾਂ ਬਾਰੇ ਵਿਸਤਰਤ ਰੂਪ ਵਿੱਚ ਕਮੇਟੀ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੀਟਿੰਗ ਵਿੱਚ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਰੂਪਨਗਰ ਮਾਇਕਲ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਸ੍ਰੀ ਅਨੰਦਪੁਰ ਸਾਹਿਬ ਹਰਜੀਤਪਾਲ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫਸਰ ਕਰਨ ਮਹਿਤਾ, ਜ਼ਿਲ੍ਹਾ ਵਣ ਅਫਸਰ ਹਰਜਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਅਵਤਾਰ ਸਿੰਘ, ਸਿਵਲ ਸਰਜਨ ਡਾ. ਤਰਸੇਮ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਦਰਸ਼ਨ ਸਿੰਘ, ਐਸ.ਡੀ.ਓ. ਮੁਕੇਸ਼ ਕੁਮਾਰ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।