ਬੰਦ ਕਰੋ

ਉੱਚ ਰਕਤਚਾਪ ਇੱਕ ਸਾਈਲੈਂਟ ਕਿਲਰ, ਕਿਸੇ ਲੱਛਣ ਦੇ ਬਿਨਾ ਹੀ ਵਿਅਕਤੀ ਨੂੰ ਕਰ ਸਕਦਾ ਹੈ ਪ੍ਰਭਾਵਿਤ – ਡਾ. ਬੋਬੀ ਗੁਲਾਟੀ

ਪ੍ਰਕਾਸ਼ਨ ਦੀ ਮਿਤੀ : 27/05/2025
High blood pressure is a silent killer, it can affect a person without any symptoms - Dr. Bobby Gulati

ਉੱਚ ਰਕਤਚਾਪ ਇੱਕ ਸਾਈਲੈਂਟ ਕਿਲਰ, ਕਿਸੇ ਲੱਛਣ ਦੇ ਬਿਨਾ ਹੀ ਵਿਅਕਤੀ ਨੂੰ ਕਰ ਸਕਦਾ ਹੈ ਪ੍ਰਭਾਵਿਤ – ਡਾ. ਬੋਬੀ ਗੁਲਾਟੀ

ਸਮੇਂ-ਸਮੇਂ ‘ਤੇ ਰਕਤਚਾਪ ਦੀ ਜਾਂਚ ਕਰਵਾਉਣਾ ਅਤਿ ਜ਼ਰੂਰੀ

ਸਿਹਤ ਵਿਭਾਗ ਵੱਲੋਂ ਵਿਸ਼ਵ ਹਾਈਪਰਟੈਂਸ਼ਨ ਮਹੀਨੇ ਦੇ ਸਬੰਧ ਵਿੱਚ ਕੱਢੀ ਜਾਗਰੂਕਤਾ ਰੈਲੀ

ਰੂਪਨਗਰ, 27 ਮਈ: 17 ਮਈ ਤੋਂ 17 ਜੂਨ 2025 ਤੱਕ ਮਨਾਏ ਜਾ ਰਹੇ “ਵਿਸ਼ਵ ਹਾਈਪਰਟੈਂਸ਼ਨ ਅਵੇਅਰਨੈੱਸ” ਮਹੀਨੇ ਦੇ ਚਲਦਿਆਂ ਸਿਵਲ ਸਰਜਨ ਰੂਪਨਗਰ ਡਾ. ਸਵਪਨਜੀਤ ਕੌਰ ਦੇ ਨਿਰਦੇਸ਼ਾਂ ਤਹਿਤ ਅੱਜ ਸਿਵਲ ਸਰਜਨ ਦਫਤਰ ਰੂਪਨਗਰ ਵਿਖੇ ਸਹਾਇਕ ਸਿਵਲ ਸਰਜਨ ਡਾ. ਬੋਬੀ ਗੁਲਾਟੀ ਵੱਲੋਂ ਇੱਕ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਇਸ ਮੌਕੇ ਡਾ. ਬੋਬੀ ਗੁਲਾਟੀ ਨੇ ਦੱਸਿਆ ਕਿ ਉੱਚ ਰਕਤਚਾਪ ਇੱਕ ਸਾਈਲੈਂਟ ਕਿਲਰ’ ਹੈ ਜੋ ਅਕਸਰ ਕਿਸੇ ਲੱਛਣ ਦੇ ਬਿਨਾ ਹੀ ਵਿਅਕਤੀ ਨੂੰ ਪ੍ਰਭਾਵਿਤ ਕਰ ਜਾਂਦਾ ਹੈ। ਇਸ ਲਈ ਸਮੇਂ-ਸਮੇਂ ‘ਤੇ ਰਕਤਚਾਪ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਨੇ ਹਾਈਪਰਟੈਂਸ਼ਨ ਦੇ ਕਾਰਨ, ਲੱਛਣ, ਇਲਾਜ ਅਤੇ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਾਈਪਰਟੈਂਸ਼ਨ ਦੇ ਮੁੱਖ ਕਾਰਨ ਲੰਬੇ ਸਮੇਂ ਦੀ ਤਣਾਅ ਭਰੀ ਜ਼ਿੰਦਗੀ, ਨਮਕ ਦੀ ਵੱਧ ਵਰਤੋਂ, ਨਸ਼ਿਆਂ ਦੀ ਆਦਤ (ਜਿਵੇਂ ਕਿ ਸ਼ਰਾਬ, ਸਿਗਰਟ) ਸਰੀਰਕ ਕਸਰਤ ਦੀ ਘਾਟ ਆਦਿ ਹਨ। ਉਨ੍ਹਾਂ ਕਿਹਾ ਕਿ ਅਕਸਰ ਹਾਈਪਰਟੈਂਸ਼ਨ ਦੇ ਲੱਛਣ ਨਹੀਂ ਹੁੰਦੇ, ਪਰ ਕੁਝ ਲੋਕਾਂ ਨੂੰ ਸਿਰ ਦਰਦ, ਚੱਕਰ ਆਉਣਾ, ਥਕਾਵਟ, ਅਤੇ ਦਿਲ ਦੀ ਧੜਕਣ ਤੇਜ਼ ਹੋਣ ਜਿਹੇ ਲੱਛਣ ਮਹਿਸੂਸ ਹੋ ਸਕਦੇ ਹਨ।

ਡਾ. ਬੋਬੀ ਗੁਲਾਟੀ ਨੇ ਦੱਸਿਆ ਕਿ ਹਾਈਪਰਟੈਂਸ਼ਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਮੁੱਖ ਕਾਰਨ ਬਣਦਾ ਹੈ ਜਿਵੇਂ ਕਿ ਸਟ੍ਰੋਕ, ਦਿਲ ਦੇ ਦੌਰੇ ਅਤੇ ਗੁਰਦੇ ਦੀ ਬਿਮਾਰੀ, ਅਤੇ ਇਹ ਡਿਮੇਨਸ਼ੀਆ (ਦਿਮਾਗੀ ਕਮਜੋਰੀ) ਦਾ ਵੀ ਕਾਰਨ ਹੋ ਸਕਦਾ ਹੈ। ਬਹੁਤ ਸਾਰੇ ਲੋਕ ਜੋ ਹਾਈਪਰਟੈਂਸ਼ਨ ਤੋਂ ਪੀੜਤ ਹੁੰਦੇ ਹਨ, ਉਨ੍ਹਾਂ ਨੂੰ ਜਿਆਦਾਤਰ ਇਹ ਪਤਾ ਨਹੀਂ ਹੁੰਦਾ ਕਿ ਉਹ ਇਸ ਬੀਮਾਰੀ ਨਾਲ ਗ੍ਰਸਤ ਹਨ ਕਿਉਂਕਿ ਇਸਦਾ ਕੋਈ ਵੀ ਲੱਛਣ ਦਿਖਾਈ ਨਹੀਂ ਦਿੰਦਾ, ਅਕਸਰ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਜਾਂ ਦੌਰਾ ਪੈਣ ਤੋਂ ਬਾਅਦ ਹੀ ਪਤਾ ਲੱਗਦਾ ਹੈ।

ਉਨ੍ਹਾਂ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਸੇਵਨ ਰੂਟੀਨ ‘ਚ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਵਧੇਰੇ ਕਸਰਤ ਕਰਨੀ ਚਾਹੀਦੀ ਹੈ ਅਤੇ ਆਪਣੇ ਖਾਣ-ਪੀਣ ‘ਤੇ ਧਿਆਨ ਕੇਂਦ੍ਰਤ ਕਰਨਾ ਚਾਹੀਦਾ ਹੈ। ਵਧੇਰੇ ਤੇਲ, ਮਸਾਲੇਦਾਰ ਭੋਜਨ ਅਤੇ ਵਧੇਰੇ ਨਮਕ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਚ ਰਕਤ ਚਾਪ ਤੋਂ ਬਚਣ ਲਈ ਸਿਹਤਮੰਦ ਜੀਵਨਸ਼ੈਲੀ, ਨਮਕ ਦੀ ਵਰਤੋਂ ਘੱਟ ਕਰਨੀ, ਰੋਜ਼ਾਨਾ 30 ਮਿੰਟ ਦੀ ਸਰੀਰਕ ਕਸਰਤ, ਤਣਾਅ ਤੋਂ ਬਚਾਅ ਅਤੇ ਨਿਯਮਤ ਤੌਰ ‘ਤੇ ਰਕਤਚਾਪ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਇਸ ਮੌਕੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਹੱਥਾਂ ਵਿੱਚ ਬੈਨਰ ਅਤੇ ਸਲੋਗਨ ਲੈ ਕੇ ਉੱਚ ਰਕਤ ਚਾਪ ਸਬੰਧੀ ਜਾਗਰੂਕ ਕਰਦੇ ਹੋਏ ਸ਼ਹਿਰ ਵਿੱਚੋਂ ਇੱਕ ਰੈਲੀ ਕੱਢੀ ਗਈ।

ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਮੈਡਮ ਗੁਰਮੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ ਅਤੇ ਰਿਤੂ, ਕੋਆਰਡੀਨੇਟਰ ਸੁਖਜੀਤ ਕੰਬੋਜ ਆਦਿ ਹਾਜ਼ਰ ਸਨ।