“ਉੱਚੇ ਵਿਚਾਰਾਂ ਨਾਲ ਸਾਦੀ ਜ਼ਿੰਦਗੀ ਜੀਓ”: ਪੀ ਸੀ ਐਸ ਅਧਿਕਾਰੀ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ
“ਉੱਚੇ ਵਿਚਾਰਾਂ ਨਾਲ ਸਾਦੀ ਜ਼ਿੰਦਗੀ ਜੀਓ”: ਪੀ ਸੀ ਐਸ ਅਧਿਕਾਰੀ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ
ਰੂਪਨਗਰ, 29 ਮਈ: ਸ. ਜਸਜੀਤ ਸਿੰਘ, ਪੀ ਸੀ ਐਸ, ਮੁੱਖ ਮੰਤਰੀ ਫੀਲਡ ਅਧਿਕਾਰੀ (ਸੀ ਐਮ ਐਫ ਓ ), ਰੂਪਨਗਰ, ਸਕੂਲ ਆਫ ਐਮੀਨੈਂਸ ਵਿਖੇ ਨੌਜਵਾਨਾਂ ਵਿਚ ਨਸ਼ਿਆਂ ਦੀ ਵਧ ਰਹੀ ਸਮੱਸਿਆ ਬਾਰੇ ਜਾਗਰੂਕਤਾ ਫੈਲਾਉਣ ਸੰਬੰਧੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਸਮਾਗਮ ਦੌਰਾਨ ਕਲਾਸ 12 ਦੇ ਵਿਦਿਆਰਥੀਆਂ — ਹਿਮਾਂਸ਼ੀ, ਮਨਮੀਤ, ਸਿਮਰਨਜੀਤ ਕੌਰ, ਮੰਜੋਤ ਕੌਰ, ਭਾਵਨਾ, ਹਰਮਨ, ਸਿਮਰਨ, ਅਭਿਮਨਿਊ ਸਿੰਘ, ਦਲਜੀਤ ਸਿੰਘ, ਗੁਰਸ਼ਰਨ ਸਿੰਘ ਤੇ ਜਸਕਰਨ — ਵੱਲੋਂ ਇੱਕ ਨਾਟਕ ਪੇਸ਼ ਕੀਤਾ ਗਿਆ। ਜਿਸ ਵਿਚ ਨਸ਼ੇ ਦੀ ਆਦਤ ਦੇ ਖਤਰਨਾਕ ਅਤੇ ਮਾਰੂ ਪ੍ਰਭਾਵਾਂ ਨੂੰ ਭਾਵੁਕ ਢੰਗ ਨਾਲ ਦਰਸਾਇਆ ਗਿਆ ਅਤੇ ਫੇਰ ਕਿਵੇਂ ਇਕ ਨੌਜਵਾਨ ਆਪਣੇ ਆਤਮ ਵਿਸ਼ਵਾਸ ਤੇ ਚੇਤਨ ਮਨ ਦੀ ਅੰਦਰਲੀ ਤਾਕਤ ਨਾਲ ਨਸ਼ਿਆਂ ਤੋਂ ਬਚ ਕੇ ਇਕ ਨਵੀਂ ਰਾਹ ਉਤੇ ਚੱਲਦੇ ਹਨ, ਜਿਸ ਨੂੰ ਨਾਟਕ ਵਿਚ ਬਾਖੂਬੀ ਦਿਖਾਇਆ ਗਿਆ।
ਆਪਣੇ ਸੰਬੋਧਨ ਵਿੱਚ ਜਸਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਉੱਚੇ ਟੀਚੇ ਤੇ ਸਪਨੇ ਬਣਾਉਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ, “ਜਦੋਂ ਜੀਵਨ ਵਿੱਚ ਇਕ ਸਾਫ ਤੇ ਸਪੱਸ਼ਟ ਟੀਚਾ ਹੁੰਦਾ ਹੈ, ਤਾਂ ਉਹ ਨਸ਼ਿਆਂ ਦੀ ਆਕਰਸ਼ਣ ਨੂੰ ਹਰਾਉਣ ਦਾ ਸਭ ਤੋਂ ਵੱਡਾ ਹਥਿਆਰ ਬਣ ਜਾਂਦਾ ਹੈ ਅਤੇ ਫੋਕਸ, ਅਨੁਸ਼ਾਸਨ ਤੇ ਮਿਹਨਤ ਨਾਲ ਭਵਿੱਖ ਸੁੰਦਰ ਤੇ ਸਫਲ ਬਣਦਾ ਹੈ।”
ਇਸ ਸਮਾਗਮ ਵਿੱਚ ਸਕੂਲ ਦੀ ਪ੍ਰਿੰਸੀਪਲ ਜਸਵਿੰਦਰ ਕੌਰ ਅਤੇ ਅਧਿਆਪਕ ਜਿਵੇਂ ਕਿ ਹਰਮਿੰਦਰ ਕੌਰ, ਦਵਿੰਦਰ ਕੌਰ, ਅਮਰਜੀਤ ਕੌਰ, ਜੋਤੀ ਅਰੋੜਾ, ਸੰਦੀਪ ਕੁਮਾਰ, ਰੁਪਿੰਦਰਜੀਤ ਕੌਰ, ਸੁਸ਼ੀਲ, ਸਤਵੀਰ ਕੌਰ, ਮੋਨਿਕਾ ਰਾਣੀ ਨੇ ਵੀ ਭਾਗ ਲਿਆ ਅਤੇ ਇਸ ਸਮਾਰੋਹ ਨੂੰ ਯਾਦਗਾਰ ਅਤੇ ਅਰਥਪੂਰਨ ਬਣਾਉਣ ਵਿੱਚ ਯੋਗਦਾਨ ਪਾਇਆ।
ਇਹ ਸਮਾਗਮ ਇੱਕ ਨਸ਼ਾ ਵਿਰੋਧੀ ਸਹੁੰ ਨਾਲ ਸਮਾਪਤ ਹੋਇਆ, ਜਿਸ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮੁੱਖ ਮਹਿਮਾਨ ਨੇ ਹਿੱਸਾ ਲੈ ਕੇ ਨਸ਼ਾ ਮੁਕਤ ਜੀਵਨ ਜੀਉਣ ਦਾ ਅਹਿਦ ਕੀਤਾ — ਇਹ ਸਹੁੰ ਫੋਕਸ, ਉਦੇਸ਼ ਅਤੇ ਹੌਂਸਲੇ ਉੱਤੇ ਆਧਾਰਿਤ ਸਾਂਝੀ ਵਚਨਬੱਧਤਾ ਦੀ ਪ੍ਰਤੀਕ ਸੀ।