ਉਪ ਮੰਡਲ ਮੈਜਿਸਟ੍ਰੇਟ ਸ੍ਰੀ ਚਮਕੌਰ ਸਾਹਿਬ ਵੱਲੋਂ ਹੜ੍ਹ ਸੰਭਾਵਿਤ ਖੇਤਰਾਂ ਦਾ ਕੀਤਾ ਗਿਆ ਦੌਰਾ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਉਪ ਮੰਡਲ ਮੈਜਿਸਟ੍ਰੇਟ ਸ੍ਰੀ ਚਮਕੌਰ ਸਾਹਿਬ ਵੱਲੋਂ ਹੜ੍ਹ ਸੰਭਾਵਿਤ ਖੇਤਰਾਂ ਦਾ ਕੀਤਾ ਗਿਆ ਦੌਰਾ
ਐਮਰਜੈਂਸੀ ਸਮੇਂ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪੱਧਰ ਪੱਧਰ ’ਤੇ ਸਥਾਪਿਤ ਕੀਤੇ ਗਏ ਕੰਟਰੋਲ ਰੂਮ ਦੇ ਨੰਬਰ 0181-221157 ਤੇ ਕੀਤਾ ਜਾ ਸਕਦਾ ਹੈ ਸੰਪਰਕ
ਸ੍ਰੀ ਚਮਕੌਰ ਸਾਹਿਬ, 27 ਅਗਸਤ: ਉਪ ਮੰਡਲ ਮੈਜਿਸਟ੍ਰੇਟ ਸ੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ ਸਿੱਧੂ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਦੀਆਂ ਹਦਾਇਤਾਂ ਤੇ ਹੜ੍ਹ ਸੰਭਾਵਿਤ ਖੇਤਰ ਪਿੰਡ ਚੌਂਤਾ, ਬੜਾ ਦਾਊਦਪੁਰ ਅਤੇ ਫੱਸੇ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਉਪ ਮੰਡਲ ਮੈਜਿਸਟ੍ਰੇਟ ਨੇ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਸਤਲੁਜ ਤੇ ਹੋਰ ਨਦੀਆਂ ਨਾਲ ਲੱਗਦੇ ਹੜ੍ਹ ਸੰਭਾਵਿਤ ਖੇਤਰਾਂ ਵਿੱਚ ਸਥਿਤੀ ’ਤੇ 24 ਘੰਟੇ ਚੌਕਸੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਹੜ੍ਹਾਂ ਵਰਗੇ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ, ਕਿਉਂਕਿ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਉਨ੍ਹਾਂ ਕਿਹਾ ਕਿ ਇਸਦੇ ਬਾਵਜੂਦ ਪ੍ਰਸ਼ਾਸਨ ਹਰ ਸਥਿਤੀ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਸ. ਅਮਰੀਕ ਸਿੰਘ ਸਿੱਧੂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਖੁਦ ਫੀਲਡ ਵਿੱਚ ਜਾ ਕੇ ਸਥਿਤੀ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਨੂੰ ਸਮੇਂ ਸਿਰ ਕੰਟਰੋਲ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਜੇਕਰ ਹੜ੍ਹ ਵਰਗੇ ਕੋਈ ਵੀ ਹਾਲਾਤ ਪੈਦਾ ਹੁੰਦੇ ਹਨ ਤਾਂ ਪ੍ਰਸ਼ਾਸਨ ਬਿਨਾਂ ਕਿਸੇ ਦੇਰੀ ਰਾਹਤ ਕਾਰਜ ਚਲਾਉਣ ਲਈ ਢੁੱਕਵੇਂ ਪ੍ਰਬੰਧਾਂ ਤੇ ਤਿਆਰੀ ਨਾਲ ਲੈਸ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪੱਧਰ ਪੱਧਰ ’ਤੇ ਹੜ੍ਹ ਕੰਟਰੋਲ ਰੂਮ ਸਥਾਪਤ ਕੀਤਾ ਗਿਆ, ਜਿਸ ਦਾ ਫੋਨ ਨੰਬਰ 0181-221157 ਹੈ ਤੇ ਐਮਰਜੰਸੀ ਪੈਣ ਤੇ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।