ਬੰਦ ਕਰੋ

ਆਸ਼ਾ ਵਰਕਰਾਂ ਦੀ ਮੀਟਿੰਗ ਆਯੁਸ਼ਮਾਨ ਆਰੋਗਿਆ ਕੇਂਦਰ ਅਕਬਰਪੁਰ ਵਿਖੇ ਆਯੋਜਿਤ

ਪ੍ਰਕਾਸ਼ਨ ਦੀ ਮਿਤੀ : 03/03/2025
Asha workers meeting held at Ayushman Arogya Kendra Akbarpur

ਆਸ਼ਾ ਵਰਕਰਾਂ ਦੀ ਮੀਟਿੰਗ ਆਯੁਸ਼ਮਾਨ ਆਰੋਗਿਆ ਕੇਂਦਰ ਅਕਬਰਪੁਰ ਵਿਖੇ ਆਯੋਜਿਤ

ਰੂਪਨਗਰ, 3 ਮਾਰਚ: ਆਯੁਸ਼ਮਾਨ ਆਰੋਗਿਆ ਕੇਂਦਰ, ਅਕਬਰਪੁਰ ਵਿੱਚ ਆਸ਼ਾ ਵਰਕਰਾਂ ਦੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਦੀ ਅਗਵਾਈ ਕਮਿਊਨਿਟੀ ਹੈਲਥ ਅਫਸਰ ਗੁਰਵਿੰਦਰ ਕੌਰ, ਏ.ਐਨ.ਐੱਮ ਵੀਨਾ ਰਾਣੀ ਅਤੇ ਹੈਲਥ ਵਰਕਰ ਹਰਜੀਤ ਸਿੰਘ ਨੇ ਕੀਤੀ। ਮੀਟਿੰਗ ਵਿੱਚ ਆਸ਼ਾ ਵਰਕਰਾਂ ਦੀ ਭੂਮਿਕਾ, ਮਾਤਾ-ਸ਼ਿਸ਼ੁ ਸਿਹਤ, ਅਤੇ ਸਰਕਾਰੀ ਸਿਹਤ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਉਤੇ ਵਿਚਾਰ-ਵਟਾਂਦਰਾ ਹੋਇਆ।

ਸੀਨੀਅਰ ਮੈਡੀਕਲ ਅਫਸਰ, ਡਾ. ਆਨੰਦ ਘਈ ਨੇ ਇਸ ਬਾਰੇ ਕਿਹਾ ਕਿ ਆਸ਼ਾ ਵਰਕਰ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹਨ। ਉਹ ਸਮਾਜ ਵਿੱਚ ਸਿਹਤ ਸੰਬੰਧੀ ਜਾਗਰੂਕਤਾ ਫੈਲਾਉਣ, ਮਾਤਾ ਤੇ ਬੱਚਿਆਂ ਦੀ ਸੰਭਾਲ, ਅਤੇ ਸਰਕਾਰੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਦੇ ਦੂਜੇ ਸਿਹਤ ਕਰਮਚਾਰੀਆਂ ਨਾਲ ਸਹਿਯੋਗ ਅਤੇ ਸੱਚੀ ਲਗਨ ਨਾਲ ਹੀ ਲੋਕਾਂ ਤੱਕ ਵਧੀਆ ਸਿਹਤ ਸੇਵਾਵਾਂ ਪਹੁੰਚ ਸਕਦੀਆਂ ਹਨ।

ਬਲਾਕ ਐਕਸਟੇਂਸ਼ਨ ਐਜੂਕੇਟਰ ਸਾਹਿਲ ਸੁਖੇਰਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ “ਸਿਹਤ ਸੇਵਾਵਾਂ ਨੂੰ ਹਰ ਇਕ ਵਿਅਕਤੀ ਤੱਕ ਪਹੁੰਚਾਉਣ ਲਈ ਆਸ਼ਾ ਵਰਕਰਾਂ ਦੀ ਭੂਮਿਕਾ ਬਹੁਤ ਜ਼ਰੂਰੀ ਹੈ। ਉਹ ਨਾ ਸਿਰਫ ਟੀਕਾਕਰਨ, ਮਾਤਾ-ਬੱਚਾ ਸਿਹਤ, ਅਤੇ ਪੋਸ਼ਣ ਸਕੀਮਾਂ ਨੂੰ ਲਾਗੂ ਕਰ ਰਹੀਆਂ ਹਨ, ਸਗੋਂ ਲੋਕਾਂ ਨੂੰ ਸਿਹਤ ਸੰਬੰਧੀ ਸਚੇਤ ਵੀ ਕਰ ਰਹੀਆਂ ਹਨ। ਇਹ ਲੋੜੀਦਾ ਹੈ ਕਿ ਆਸ਼ਾ ਵਰਕਰ ਆਪਣੇ ਕੰਮ ਵਿੱਚ ਨਵੀਨਤਮ ਤਕਨੀਕਾਂ ਤੇ ਸਰਕਾਰੀ ਸਕੀਮਾਂ ਦੀ ਪੂਰੀ ਜਾਣਕਾਰੀ ਰੱਖਣ, ਤਾਂ ਜੋ ਜ਼ਿਆਦਾ-ਤੋਂ-ਜ਼ਿਆਦਾ ਲੋਕ ਉਨ੍ਹਾਂ ਦਾ ਲਾਭ ਉਠਾ ਸਕਣ।

ਮੀਟਿੰਗ ਦੌਰਾਨ ਮਾਤਾ-ਸ਼ਿਸ਼ੁ ਸਿਹਤ, ਟੀਕਾਕਰਨ ਅਭਿਆਨ, ਪੋਸ਼ਣ ਕਾਰਜਕ੍ਰਮ ਅਤੇ ਛੂਤ ਦੀਆਂ ਤੇ ਨਾ-ਛੂਤ ਵਾਲੀਆਂ ਬਿਮਾਰੀਆਂ ਬਾਰੇ ਵਿਸ਼ੇਸ਼ ਚਰਚਾ ਹੋਈ। ਆਸ਼ਾ ਵਰਕਰਾਂ ਨੂੰ ਆਯੁਸ਼ਮਾਨ ਭਾਰਤ ਸਿਹਤ ਅਤੇ ਭਲਾਈ ਕੇਂਦਰ ਦੀਆਂ ਮੁੱਖ ਯੋਜਨਾਵਾਂ, ਰੂਟੀਨ ਟੀਕਾਕਰਨ ਅਤੇ ਬਿਮਾਰੀਆਂ ਦੀ ਪਹਿਲਾਂ ਹੀ ਪਛਾਣ ਕਰਨ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਇੱਕ ਇੰਟਰਐਕਟਿਵ ਸੈਸ਼ਨ ਵਿੱਚ ਆਸ਼ਾ ਵਰਕਰਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਫੀਲਡ ਵਿਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਗੱਲਬਾਤ ਕੀਤੀ। ਮੀਟਿੰਗ ਦਾ ਨਤੀਜਾ ਇਹ ਨਿਕਲਿਆ ਕਿ ਸਮਾਜਿਕ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ, ਲੋਕ ਜਾਗਰੂਕਤਾ ਵਧਾਉਣ, ਅਤੇ ਸਮੇਂ-ਸਿਰ ਇਲਾਜ ਉਪਲਬਧ ਕਰਵਾਉਣ ਵੱਲ ਧਿਆਨ ਦਿੱਤਾ ਜਾਵੇ।