ਆਯੂਸ਼ਮਾਨ ਅਰੋਗਿਆ ਕੇਂਦਰ ਵਿੱਚ ਵੀ ਲੱਗਣਗੇ ਹੁਣ ਹਲਕਾਅ ਦੇ ਟੀਕੇ – ਸਿਵਲ ਸਰਜਨ

ਆਯੂਸ਼ਮਾਨ ਅਰੋਗਿਆ ਕੇਂਦਰ ਵਿੱਚ ਵੀ ਲੱਗਣਗੇ ਹੁਣ ਹਲਕਾਅ ਦੇ ਟੀਕੇ – ਸਿਵਲ ਸਰਜਨ
ਰੂਪਨਗਰ, 26 ਜੁਲਾਈ: ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਹੁਣ ਸੂਬੇ ਦੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਵੱਖ-ਵੱਖ ਪਿੰਡਾਂ ਵਿੱਚ ਚੱਲ ਰਹੇ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿੱਚ ਵੀ ਹਲਕਾਅ ਦੇ ਟੀਕੇ ਲਗਾਏ ਜਾਣਗੇ।
ਇਨ੍ਹਾਂ ਸ਼ਬਦਾਂ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਨੇ ਦੱਸਿਆ ਕਿ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿਚ ਹਲਕਾਅ ਦੇ ਟੀਕਿਆਂ ਦਾ ਲਗਾਉਣਾ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਬਿੱਲੀ, ਕੁੱਤਾ, ਬਾਂਦਰ, ਨਿਓਲਾ, ਗਿੱਦੜ ਆਦਿ ਜਾਂ ਹੋਰ ਜਾਨਵਰ ਕੱਟ ਲੈਣ ਤਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਆਯੂਸ਼ਮਾਨ ਅਰੋਗਿਆ ਕੇਂਦਰ ਵਿੱਚ ਇਹ ਟੀਕਾ ਲਗਾਓ ਕੇ ਹਲਕਾਅ (ਰੈਬੀਜ਼) ਦੀ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇਹ ਟੀਕਾ ਜਾਨਵਰ ਦੇ ਕੱਟਣ ਦੇ ਤੁਰੰਤ (ਜ਼ੀਰੋ) ਪਹਿਲੇ, ਤੀਸਰੇ, ਸੱਤਵੇਂ ਅਤੇ 28ਵੇਂ ਦਿਨ ਲਗਾਉਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਜਾਨਵਰ ਦੇ ਕੱਟ ਲੈਣ ਉਪਰੰਤ ਦੇਸੀ ਓਹੜ-ਪੋਹੜ ਨਹੀਂ ਕਰਨਾ ਚਾਹੀਦਾ ਬਲਕਿ ਨੇੜੇ ਦੇ ਸਰਕਾਰੀ ਜ਼ਿਲ੍ਹਾ ਹਸਪਤਾਲ, ਐਸਡੀਐਚ, ਸੀਐਚਸੀ ਜਾਂ ਆਯੂਸ਼ਮਾਨ ਅਰੋਗਿਆ ਕੇਂਦਰ ਪਹੁੰਚ ਕੇ ਇਹ ਟੀਕਾ ਲਗਵਾ ਲੈਣਾ ਚਾਹੀਦਾ ਹੈ ਕਿਉਂਕਿ ਜੇਕਰ ਡਾਕਟਰੀ ਸਲਾਹ ਅਨੁਸਾਰ ਟੀ ਨਹੀਂ ਲਗਵਾਇਆ ਜਾਂਦਾ ਤਾਂ ਇਹ ਕਈ ਵਾਰ ਖ਼ਤਰੇ ਦਾ ਕਾਰਨ ਬਣ ਸਕਦਾ ਹੈ, ਜਿਸ ਦਾ ਬਾਅਦ ਵਿਚ ਇਲਾਜ ਸੰਭਵ ਨਹੀ ਹੈ।