ਬੰਦ ਕਰੋ

ਆਈ ਜੀ ਗੁਰਪ੍ਰੀਤ ਭੁੱਲਰ ਤੇ ਐਸ ਐਸ ਪੀ ਵਿਵੇਕਸ਼ੀਲ ਸੋਨੀ ਨੇ ਪੰਜਾਬ ਹਿਮਾਚਲ ਬਾਰਡਰ ਏਰੀਆ ਚ ਲਾਈਵ ਰੇਡ ਕੀਤੀ

ਪ੍ਰਕਾਸ਼ਨ ਦੀ ਮਿਤੀ : 01/08/2023
IG Gurpreet Bhullar & SSP Viveksheel Soni conduct live raid at Punjab-Himachal border area

ਆਈ ਜੀ ਗੁਰਪ੍ਰੀਤ ਭੁੱਲਰ ਤੇ ਐਸ ਐਸ ਪੀ ਵਿਵੇਕਸ਼ੀਲ ਸੋਨੀ ਨੇ ਪੰਜਾਬ ਹਿਮਾਚਲ ਬਾਰਡਰ ਏਰੀਆ ਚ ਲਾਈਵ ਰੇਡ ਕੀਤੀ

ਹਿਮਾਚਲ ਪੰਜਾਬ ਬਾਰਡਰ ਵਿਖੇ 8 ਡਰਮ ਗੈਰ ਕਾਨੂੰਨੀ ਕੱਚੀ ਸ਼ਰਾਬ ਸਮੇਤ ਭੱਠੀ ਬਰਾਮਦ ਕੀਤੀ

ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤਹਿਤ 5 ਵਿਅਕਤੀਆਂ ਦੀ ਗ੍ਰਿਫਤਾਰੀ ਨਾਲ 6 ਮੁਕੱਦਮੇ ਦਰਜ ਕੀਤੇ

15 ਵਿਅਕਤੀਆਂ ਨੂੰ ਨਸ਼ੇ ਦਾ ਨੈੱਟਵਰਕ ਤੋੜਨ ਲਈ ਗ੍ਰਿਫਤਾਰ ਕੀਤਾ ਗਿਆ

4 ਭਗੌੜੇ ਤੇ 310 ਗ੍ਰਾਮ ਹੈਰੋਇਨ ਨਾਲ ਡਰੱਗ ਮਨੀ ਵੀ ਫੜ੍ਹੀ ਗਈ

ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰਨ ਵਾਲਿਆਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਭੇਜਣਾ ਸਾਡੀ ਪਹਿਲੀ ਤਵੱਜੋਂ: ਐੱਸ ਐੱਸ ਪੀ ਵਿਵੇਕਸ਼ੀਲ ਸੋਨੀ

ਸ੍ਰੀ ਅਨੰਦਪੁਰ ਸਾਹਿਬ, 1 ਅਗਸਤ

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਹਦਾਇਤਾਂ ’ਤੇ ਪੰਜਾਬ ਪੁਲੀਸ ਵੱਲੋਂ ਨਸ਼ਿਆਂ ਖਿਲਾਫ਼ ਰਾਜ ਭਰ ਵੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਆਈ ਜੀ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਤੇ ਐਸ ਐਸ ਪੀ ਵਿਵੇਕਸ਼ੀਲ ਸੋਨੀ ਨੇ ਐਸ ਟੀ ਐਫ਼ ਦੀ ਟੀਮਾਂ ਨਾਲ ਪੰਜਾਬ ਹਿਮਾਚਲ ਦੇ ਸਰਹੱਦੀ ਇਲਾਕੇ ਗੰਭੀਰਪੁਰ ਖਡ ਬਾ-ਹੱਦ ਮਜ਼ਾਰੀ ਵਿਖੇ ਲਾਈਵ ਰੇਡ ਕੀਤੀ। ਇਸ ਰੇਡ ਵਿਚ 14 ਗਜ਼ਟਿਡ ਅਫਸਰ ਤੇ 250 ਪੁਲਿਸ ਮੁਲਾਜ਼ਮ ਸ਼ਾਮਲ ਸਨ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਾਸੋ (ਕੋਰਡੋਨ ਐਂਡ ਸਰਚ ਆਪ੍ਰੇਸ਼ਨ) ਤਹਿਤ ਵਿਆਪਕ ਪੱਧਰ ਉਤੇ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਅਧੀਨ ਗੁਪਤ ਸੂਚਨਾ ਦੇ ਆਧਾਰ ਉਤੇ ਰੂਪਨਗਰ ਦੇ ਵੱਖ ਵੱਖ ਸੰਵੇਦਨਸ਼ੀਲ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਹਿਮਾਚਲ ਦੇ ਸਰਹੱਦੀ ਇਲਾਕੇ ਗੰਭੀਰਪੁਰ ਖਡ ਬਾ-ਹੱਦ ਮਜ਼ਾਰੀ ਵਿਖੇ ਕੁਝ ਲੋਕਾਂ ਵਲੋਂ ਗੈਰ ਕਾਨੂੰਨੀ ਢੰਗ ਨਾਲ ਕੱਚੀ ਸ਼ਰਾਬ ਦੀ ਭੱਠੀ ਲਗਾਈ ਗਈ ਹੈ ਜਿਸ ਉੱਤੇ ਕਾਰਵਾਈ ਕਰਦਿਆਂ ਮੌਕੇ ਉਤੇ ਜਾ ਕੇ 8 ਡਰਮ ਸ਼ਰਾਬ ਦੇ ਬਰਾਮਦ ਕੀਤੇ ਗਏ ਤੇ ਹੋਰ ਬਰਾਮਦਗੀ ਲਈ ਪੁਲਿਸ ਟੀਮਾਂ ਵਲੋਂ ਲਗਾਤਾਰ ਤਲਾਸ਼ੀ ਲਈ ਜਾ ਰਹੀ ਹੈ।

ਗੁਰਪ੍ਰੀਤ ਭੁੱਲਰ ਨੇ ਅੱਗੇ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ ਚਲਾਈ ਤਲਾਸ਼ੀ ਮੁਹਿੰਮ ਤਹਿਤ ਅੱਜ 6 ਮੁਕੱਦਮੇ ਦਰਜ ਕਰਕੇ 5 ਦੋਸ਼ੀ ਵੀ ਗ੍ਰਿਫਤਾਰ ਕੀਤੇ ਗਏ ਹਨ। ਇਸ ਤੋਂ ਇਲਾਵਾ ਵੱਖ ਵੱਖ ਮਾਮਲਿਆਂ ਵਿਚ ਭਗੌੜੇ ਕਰਾਰ ਦਿੱਤੇ 4 ਦੋਸ਼ੀ ਵੀ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤਲਾਸ਼ੀ ਮੁਹਿੰਮ ਅਧੀਨ 310 ਗ੍ਰਾਮ ਹੈਰੋਇਨ ਨਾਲ ਡਰੱਗ ਮਨੀ ਵੀ ਫੜ੍ਹੀ ਗਈ ਹੈ।

ਐਸ ਐਸ ਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰਨ ਵਾਲਿਆਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਭੇਜਣਾ ਸਾਡੀ ਪਹਿਲੀ ਤਵੱਜੋਂ ਹੈ ਜਿਸ ਕਰਕੇ ਨਸ਼ੇ ਦਾ ਨੈੱਟਵਰਕ ਤੋੜਨ ਲਈ 15 ਵਿਅਕਤੀ ਵੱਖਰੇ ਤੌਰ ਉੱਤੇ ਗ੍ਰਿਫਤਾਰ ਕੀਤੇ ਹਨ।

ਐੱਸਐੱਸਪੀ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ ਸ਼ਹਿਰ ਤੇ ਪਿੰਡ ਦੀਆਂ ਵੱਖ ਵੱਖ ਰਿਹਾਇਸ਼ੀ ਕਲੋਨੀਆਂ ਅਤੇ ਸ਼ੱਕੀ ਖੇਤਰਾਂ ਵਿੱਚ ਤਲਾਸ਼ੀ ਮੁਹਿੰਮ ਚਲਾ ਕੇ ਨਸ਼ੇ ਦੇ ਸੌਦਾਗਰਾਂ ਨੂੰ ਨਸ਼ੇ ਸਮੇਤ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਜੋ ਅੱਗੇ ਵੀ ਜਾਰੀ ਰਹਿਣਗੀਆਂ।