ਅਕਸ਼ਮ ਤੋਂ ਸਕਸ਼ਮ’ ਮੁਹਿੰਮ ਤਹਿਤ ਸਕੂਲੀ ਬੱਚਿਆਂ ਨੂੰ ਜ਼ਿਲ੍ਹਾ ਕਚਹਿਰੀਆਂ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਕਰਵਾਇਆ ਦੌਰਾ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
‘ਅਕਸ਼ਮ ਤੋਂ ਸਕਸ਼ਮ’ ਮੁਹਿੰਮ ਤਹਿਤ ਸਕੂਲੀ ਬੱਚਿਆਂ ਨੂੰ ਜ਼ਿਲ੍ਹਾ ਕਚਹਿਰੀਆਂ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਕਰਵਾਇਆ ਦੌਰਾ
ਰੂਪਨਗਰ, 23 ਨਵੰਬਰ: ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਸ਼ੁਰੂ ਕੀਤੀ ਗਈ ‘ਅਕਸ਼ਮ ਤੋਂ ਸਕਸ਼ਮ- ਯੁਵਾ ਸਸ਼ਕਤੀਕਰਨ’ ਮੁਹਿੰਮ ਦੇ ਪਹਿਲੇ ਪੜਾਅ ਤਹਿਤ 8 ਸਕੂਲਾਂ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਝੱਜ, ਬਜਰੂੜ, ਧਮਾਣਾ, ਟਿੱਬਾ ਟੱਪਰੀਆਂ, ਘਨੌਲੀ, ਦੁੱਗਰੀ, ਭਰਤਗੜ੍ਹ ਅਤੇ ਲੋਧੀਮਾਜਰਾ ਦੇ ਕੁੱਲ 40 ਬੱਚਿਆਂ ਦੇ ਨਾਲ-ਨਾਲ 08 ਅਧਿਆਪਕਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਾਲ-ਨਾਲ ਜ਼ਿਲ੍ਹਾ ਕਚਹਿਰੀਆਂ, ਪੁਲਿਸ ਸਟੇਸ਼ਨ ਥਾਣਾ ਸਦਰ, ਵੂਮੈਨ ਸੈੱਲ ਅਤੇ ਸਥਾਈ ਲੋਕ ਅਦਾਲਤ, ਫਰੰਟ ਆਫਿਸ, ਮੈਡੀਏਸ਼ਨ ਸੈਂਟਰ ਦਾ ਦੌਰਾ ਕਰਵਾਇਆ ਗਿਆ।
ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਨੇ ਦੱਸਿਆ ਕਿ 09 ਨਵੰਬਰ 2023 ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਮੁੱਖ ਮੰਤਵ ਕਾਨੂੰਨੀ ਸਾਖਰਤਾ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਚੁਣੇ ਹੋਏ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਨੂੰ ਨਾਮਜਦ ਕਰਕੇ ਉਨ੍ਹਾਂ ਨੂੰ ਕੋਰਟ ਕਚਹਿਰੀ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੰਟ ਆਫਿਸ, ਮੈਡੀਏਸ਼ਨ ਸੈਂਟਰ, ਸਥਾਈ ਲੋਕ ਅਦਾਲਤ, ਪੁਲਿਸ ਥਾਣੇ, ਵੂਮੈਨ ਸੈੱਲ ਬਾਰੇ ਜਾਣਕਾਰੀ ਦੇ ਕੇ ਤਿਆਰ ਕੀਤਾ ਜਾਵੇਗਾ ਤਾਂ ਜੋ ਉਹ ਅੱਗੇ ਸਕੂਲ ਦੇ ਹੋਰਨਾਂ ਬੱਚਿਆਂ ਨੂੰ ਉਪਰੋਕਤ ਅਦਾਰਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਿੱਚ ਸਹਾਇਕ ਹੋਣ ਤਾਂ ਕਿ ਜਰੂਰਤ ਪੈਣ ਤੇ ਉਹ ਇਨ੍ਹਾਂ ਅਦਾਰਿਆਂ ਤੋਂ ਆਪਣੇ ਕਾਨੂੰਨੀ ਹੱਕ ਲੈਣ ਬਾਰੇ ਜਾਗਰੂਕ ਹੋਣ ਅਤੇ ਇਨ੍ਹਾਂ ਬਾਰੇ ਅੱਗੇ ਜਾਣਕਾਰੀ ਦਿੰਦੇ ਰਹਿਣ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਮੱਦੇਨਜ਼ਰ ਇਨ੍ਹਾਂ ਬੱਚਿਆਂ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਰਮੇਸ਼ ਕੁਮਾਰੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਇਸ ਮੁਹਿੰਮ ਦੇ ਬੱਚਿਆਂ ਨੂੰ ਕੋਰਟ ਕਚਹਿਰੀਆਂ ਦੇ ਤੌਰ-ਤਰੀਕਿਆਂ ਅਤੇ ਕੰਮ-ਕਾਜ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ। ਕਚਹਿਰੀ ਦੇ ਨਾਲ-ਨਾਲ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਵੱਖ-ਵੱਖ ਅੰਗਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਸਥਾਈ ਲੋਕ ਅਦਾਲਤ ਅਤੇ ਨੈਸ਼ਨਲ ਲੋਕ ਅਦਾਲਤ ਦੇ ਫਾਇਦਿਆਂ ਅਤੇ ਇਨ੍ਹਾਂ ਦੇ ਕੰਮਕਾਜ ਦੇ ਢੰਗਾਂ ਬਾਰੇ ਦੱਸਿਆ ਗਿਆ। ਇਸ ਦੇ ਨਾਲ-ਨਾਲ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਦੇ ਮੈਨੂਅਲ ਤੇ ਆਨਲਾਈਨ ਤਰੀਕਿਆਂ ਦੇ ਬਾਰੇ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਬੱਚਿਆਂ ਨੂੰ ਪੁਲਿਸ ਥਾਣਾ ਸਦਰ ਅਤੇ ਵੂਮੈਨ ਸੈੱਲ ਦਾ ਦੌਰਾ ਕਰਵਾਇਆ ਗਿਆ ਅਤੇ ਉਨ੍ਹਾਂ ਦੁਆਰਾ ਕੀਤੀ ਜਾਂਦੀ ਕਾਰਵਾਈ ਦੇ ਵੱਖ ਵੱਖ ਪਹਿਲੂਆਂ ਬਾਰੇ ਜਿਵੇਂ ਕਿ ਐਫ.ਆਈ.ਆਰ ਅਤੇ ਡੀ.ਡੀ.ਆਰ ਰਜਿਸਟ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੁਹਿੰਮ ਦੇ ਤਹਿਤ ਬੱਚਿਆਂ ਨੂੰ ਬੇਸਿਕ ਕਾਨੂੰਨ, ਆਈ.ਪੀ.ਸੀ ਦੀਆਂ ਮੁੱਖ ਧਾਰਾਵਾਂ, ਪੋਕਸੋ ਐਕਟ, ਜੁਵੇਨਾਈਲ ਐਕਟ ਅਤੇ ਵਿਕਟਿਮ ਕੰਪਨਸੇਸ਼ਨ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਇਹ ਵਰਨਣਯੋਗ ਹੈ ਕਿ ਯੁਵਾ ਪੀੜ੍ਹੀ ਸਾਡਾ ਆਉਣ ਵਾਲਾ ਭਵਿੱਖ ਹੈ ਅਤੇ ਸਮਾਜ ਦਾ ਨਿਰਮਾਤਾ ਹੈ। ਯੁਵਾ ਦਾ ਸਸ਼ਕਤ ਹੋਣਾ ਯਾਨੀ ਸਮਾਜ ਦਾ ਸਸ਼ਕਤ ਹੋਣਾ ਹੈ।