ਫ਼ਸਲਾਂ ਦੀ ਬਿਜਾਈ ਲਈ ਲੋੜੀਦੀਆਂ ਖਾਦਾਂ ਤੇ ਡੀ.ਏ.ਪੀ. ਦੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ – ਡਿਪਟੀ ਕਮਿਸ਼ਨਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਫ਼ਸਲਾਂ ਦੀ ਬਿਜਾਈ ਲਈ ਲੋੜੀਦੀਆਂ ਖਾਦਾਂ ਤੇ ਡੀ.ਏ.ਪੀ. ਦੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ – ਡਿਪਟੀ ਕਮਿਸ਼ਨਰ
ਕੁੱਲ ਇੰਡੈਂਟ ਖਾਦ ਵਿਚੋਂ 80 ਫ਼ੀਸਦੀ ਖਾਦ ਦੀ ਸਪਲਾਈ ਸਮੂਹ ਸਹਿਕਾਰੀ ਸਭਾਵਾਂ ਨੂੰ ਅਤੇ 20 ਫ਼ੀਸਦੀ ਪ੍ਰਾਈਵੇਟ ਡੀਲਰਾਂ ਨੂੰ ਦੇਣੀ ਯਕੀਨੀ ਬਣਾਈ ਜਾਵੇਗੀ
ਰੂਪਨਗਰ, 8 ਅਕਤੂਬਰ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਹਾੜ੍ਹੀ ਦੇ ਸੀਜ਼ਨ 2023-24 ਦੌਰਾਨ ਫ਼ਸਲਾਂ ਦੀ ਬਿਜਾਈ ਲਈ ਲੋੜੀਦੀਆਂ ਖਾਦਾਂ ਅਤੇ ਡੀ.ਏ.ਪੀ. ਦੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਾੜ੍ਹੀ ਦੀ ਬਿਜਾਈ ਦੌਰਾਨ ਕਿਸਾਨਾਂ ਨੂੰ ਪਾਰਦਰਸ਼ੀ ਢੰਗ ਨਾਲ ਨਿਰਵਿਘਨ ਸਪਲਾਈ ਕਰਵਾਈ ਜਾਵੇਗੀ।
ਡਾ. ਪ੍ਰੀਤੀ ਯਾਦਵ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਖਾਦਾਂ ਦੀ ਨਿਰੰਤਰ ਸਪਲਾਈ ਲਈ ਪੰਜਾਬ ਸਰਕਾਰ ਵੱਲੋਂ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੀਆਂ ਸਹਿਕਾਰੀ ਸਭਾਵਾਂ ਨੂੰ ਅਨੁਪਾਤ ਅਨੁਸਾਰ ਡੀ.ਏ.ਪੀ. ਖਾਦ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਕੁੱਲ ਇੰਡੈਂਟ ਖਾਦ ਵਿਚੋਂ 80 ਫ਼ੀਸਦੀ ਖਾਦ ਦੀ ਸਪਲਾਈ ਸਮੂਹ ਸਹਿਕਾਰੀ ਸਭਾਵਾਂ ਨੂੰ ਅਤੇ 20 ਫ਼ੀਸਦੀ ਪ੍ਰਾਈਵੇਟ ਡੀਲਰਾਂ ਨੂੰ ਦੇਣੀ ਯਕੀਨੀ ਬਣਾਈ ਜਾਵੇਗੀ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਰੂਪਨਗਰ ਦੇ ਦਾਇਰਾ ਕਾਰੋਬਾਰ ਮੁਤਾਬਿਕ ਰੂਪਨਗਰ ਜ਼ਿਲ੍ਹੇ ਵਿਚ ਪੈਂਦੇ ਸਹਾਇਕ ਰਜਿਸਟਰਾਰ ਸਰਕਲਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ 51, ਸ੍ਰੀ ਚਮਕੌਰ ਸਾਹਿਬ ਵਿਖੇ 32 ਅਤੇ ਰੂਪਨਗਰ ਵਿਖੇ 19 ਕੁੱਲ 102 ਖੇਤੀਬਾੜੀ ਸਹਿਕਾਰੀ ਸਭਾਵਾਂ ਪੈਂਦੀਆਂ ਹਨ। ਇਨ੍ਹਾਂ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਡੀ.ਏ.ਪੀ ਖਾਦ ਉਨ੍ਹਾਂ ਦੇ ਮੈਂਬਰਾਂ ਦੀ ਮੰਗ ਮੁਤਾਬਿਕ ਜਾਰੀ ਕੀਤਾ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਪੈਦੀਆਂ ਸਮੂਹ ਖੇਤੀਬਾੜੀ ਸਹਿਕਾਰੀ ਸਭਾਵਾਂ ਦਾ ਡੀ.ਏ.ਪੀ ਖਾਦ ਦਾ ਇੰਡੈਂਟ ਹਾੜੀ ਸੀਜ਼ਨ ਦਾ 5527.70 ਮੀਟਰਕ ਟਨ ਹੈ। ਇਸ ਇੰਡੈਂਟ ਵਿਚੋਂ ਖਾਦ ਦੀ ਪਾਲਿਸੀ ਮੁਤਾਬਿਕ ਮਾਰਕਫੈਡ ਵੱਲੋਂ 75 ਫ਼ੀਸਦੀ ਦੀ ਰੇਸ਼ੋ ਮੁਤਾਬਿਕ 4145.78 ਮੀਟਰਕ ਟਨ ਅਤੇ ਇਫਕੋ ਵੱਲੋਂ 25 ਫ਼ੀਸਦੀ ਦੀ ਰੇਸ਼ੋ ਮੁਤਾਬਿਕ 1381.92 ਮੀਟਿਰਕ ਟਨ ਖਾਦ ਦੀ ਵੰਡ ਸਮੂਹ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਉਹਨਾ ਦੇ ਇੰਡੈਂਟ ਦੇ ਮੁਤਾਬਿਕ ਕੀਤੀ ਜਾਣੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਮਾਰਕਫੈੱਡ ਵੱਲੋਂ ਇਸ ਜ਼ਿਲ੍ਹੇ ਵਿਚ 4145.78 ਮੀਟਿਰਕ ਟਨ ਵਿਚੋਂ 635 ਮੀਟਰਕ ਟਨ ਭਾਵ 15.32 ਫ਼ੀਸਦੀ ਅਤੇ ਇਫਕੋ ਵੱਲੋਂ 1381.92 ਮੀਟਰਕ ਟਨ ਵਿਚੋਂ 212.50 ਮੀਟਿਰਕ ਟਨ ਭਾਵ 15.38 ਫ਼ੀਸਦੀ ਖਾਦ ਅਤੇ ਇਸ ਜ਼ਿਲ੍ਹੇ ਦੇ ਬਣਦੇ ਡੀ ਏ ਪੀ ਦੇ ਕੁੱਲ ਇੰਡੈਂਟ 5527.70 ਮੀਟਿਰਕ ਟਨ ਵਿਚੋਂ 847.50 ਮੀਟਰਕ ਟਨ ਭਾਵ ਕਿ ਕੁੱਲ 36.29 ਫ਼ੀਸਦੀ ਡੀ ਏ ਪੀ ਖਾਦ ਦੀ ਸਪਲਾਈ ਕੀਤੀ ਗਈ ਹੈ। ਉਨ੍ਹਾਂ ਵਲੋਂ ਇਸ ਸਬੰਧੀ ਜ਼ਿਲ੍ਹਾ ਮੈਨੇਜਰ ਮਾਰਕਫੈਡ ਵੱਲੋਂ 14 ਅਕਤੂਬਰ 2023 ਨੂੰ ਜ਼ਿਲ੍ਹਾ ਰੂਪਨਗਰ ਵਿਖੇ ਆਈ ਪੀ ਐਲ ਦਾ ਡੀ ਏ ਪੀ ਖਾਦ ਦਾ 900 ਮੀਟਰਕ ਟਨ ਦਾ ਰੇਕ ਲੱਗਣ ਬਾਰੇ ਵੀ ਜਾਣਕਾਰੀ ਦਿੱਤੀ ਗਈ।