ਜ਼ਿਲ੍ਹੇ ਦੇ 6 ਕੇਂਦਰਾਂ ‘ਚ ਫ਼ੌਜ ਦੀ ਪ੍ਰੀਖਿਆ ਲਈ ਸਿਖਲਾਈ ਦੇਣ ਵਾਲੇ ਪੇਸ਼ੇਵਰ ਕੋਚਾਂ ਅਤੇ ਲੈਕਚਰਾਰਾਂ ਨੂੰ ਕੀਤਾ ਸਨਮਾਨਿਤ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹੇ ਦੇ 6 ਕੇਂਦਰਾਂ ‘ਚ ਫ਼ੌਜ ਦੀ ਪ੍ਰੀਖਿਆ ਲਈ ਸਿਖਲਾਈ ਦੇਣ ਵਾਲੇ ਪੇਸ਼ੇਵਰ ਕੋਚਾਂ ਅਤੇ ਲੈਕਚਰਾਰਾਂ ਨੂੰ ਕੀਤਾ ਸਨਮਾਨਿਤ
ਜ਼ਿਲ੍ਹਾ ਪ੍ਰਸ਼ਸਾਨ ਵਲੋਂ 6 ਹਫ਼ਤਿਆਂ ‘ਚ ਨਿਰਧਾਰਿਤ ਲਿਖਤੀ ਸਿਲੇਬਸ ਅਤੇ ਸਰੀਰਕ ਸਮਰੱਥਾ ਵਧਾਉਣ ਦੀ ਦਿੱਤੀ ਗਈ ਮੁਫ਼ਤ ਸਿਖਲਾਈ
ਰੂਪਨਗਰ, 02 ਜੁਲਾਈ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਕੀਤੇ ਗਏ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਵੱਲੋਂ ਜ਼ਿਲ੍ਹੇ ਵਿੱਚ ਫ਼ੌਜ ਦੀ ਪ੍ਰੀਖਿਆ ਲਈ ਮੁਫ਼ਤ ਸਿਖਲਾਈ ਦੇਣ ਵਾਲੇ 6 ਕੇਂਦਰਾਂ ਦੇ ਪੇਸ਼ੇਵਰ ਕੋਚਾਂ ਅਤੇ ਲੈਕਚਰਾਰਾਂ ਨੂੰ ਯਾਦਗਾਰੀ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਨੇ ਕਿਹਾ ਕਿ, “ਸਾਡੇ ਇਹ ਕੋਚ ਅਤੇ ਲੈਕਚਰਾਰ ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਸੰਵਾਰਨ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੇਵਲ ਨੌਕਰੀ ਦੀ ਤਿਆਰੀ ਨਹੀਂ, ਸਗੋਂ ਰਾਸ਼ਟਰ ਦੀ ਸੇਵਾ ਵੱਲ ਵੀ ਇੱਕ ਕਦਮ ਹੈ।”
ਡਿਪਟੀ ਕਮਿਸ਼ਨਰ ਨੇ ਕੋਚਾਂ ਦੀ ਮਿਹਨਤ ਅਤੇ ਸਮਰਪਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਨੌਜਵਾਨਾਂ ਲਈ ਰਾਹ ਖੋਲ੍ਹਣ ਵਾਲਾ ਕੰਮ ਕਰ ਰਹੇ ਹਨ ਜੋ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਰੱਖਦੇ ਹਨ।
ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਇਹ ਸਨਮਾਨ ਸਕੂਲਾਂ ਦੇ ਟੀਚਰ, ਕਾਲਜਾਂ ਅਤੇ ਵਿਭਾਗਾ ਦੇ ਪ੍ਰੋਫੈਸਰਾ ਨੂੰ ਦਿੱਤਾ ਗਿਆ ਜਿਨ੍ਹਾਂ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ 29 ਜੂਨ ਨੂੰ ਹੋਈ ਫੌਜ ਦੀ ਪ੍ਰੀਖਿਆ ਲਈ ਬਿਨਾਂ ਕਿਸੇ ਖਰਚੇ ਦੇ ਮੁਫ਼ਤ ਸਰੀਰਕ, ਲਿਖਤੀ ਅਤੇ ਮਨੋਵਿਗਿਆਨਕ ਤਿਆਰੀ 19 ਮਈ 2025 ਤੋਂ 28 ਜੂਨ 2025 ਤੱਕ ਕਰਵਾਈ ਸੀ।
ਉਨ੍ਹਾਂ ਦੱਸਿਆ ਕਿ ਆਰਮੀ ਦੀ ਭਰਤੀ ਲਈ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿੱਚ 6 ਮੁਫਤ ਲਿਖਤੀ ਅਤੇ ਸਰੀਰਕ ਸਿਖਲਾਈ ਕੇਂਦਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਕਾਲਜ/ਚਰਨ ਗੰਗਾ ਸਟੇਡੀਅਮ, ਨੰਗਲ ਵਿਖੇ ਸੀ-ਪਾਈਟ ਕੈਂਪ (ਸਿਵਾਲਿਕ ਕਾਲਜ), ਸ੍ਰੀ ਚਮਕੌਰ ਸਾਹਿਬ ਵਿਖੇ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ, ਰੂਪਨਗਰ ਵਿਖੇ ਡਾਇਟ ਰੂਪਨਗਰ, ਨੂਰਪੁਰ ਬੇਦੀ ਵਿਖੇ ਡੀ.ਏ.ਵੀ ਸਕੂਲ, ਤਖ਼ਤਗੜ੍ਹ ਸਥਾਪਿਤ ਕੀਤੇ ਗਏ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਟ੍ਰੇਨਿੰਗ ਦੇ ਦੌਰਾਨ 400 ਦੇ ਕਰੀਬ ਨੌਜਵਾਨਾਂ ਨੇ ਭਾਗ ਲਿਆ, ਇਸ ਲਿਖਤੀ ਪ੍ਰੀਖਿਆ ਦੀ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਦੇ ਦੂਜੇ ਪੜਾਅ ਵਿੱਚ ਸਰੀਰਕ ਪ੍ਰੀਖਿਆ ਵਿੱਚ ਹਿੱਸਾ ਲੈਣ ਲਈ ਬੁਲਾਇਆ ਜਾਵੇਗਾ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਰ ਅਫ਼ਸਰ ਪ੍ਰਭਜੋਤ ਸਿੰਘ, ਪਲੇਸਮੈਂਟ ਅਫ਼ਸਰ ਮੀਨਾਕਸ਼ੀ ਸ਼ਰਮਾ ਅਤੇ ਕੈਰੀਅਰ ਕਾਉਂਸਲਰ ਜਸਵੀਰ ਸਿੰਘ ਵੀ ਹਾਜ਼ਰ ਸਨ।