ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ
ਖਰੀਦ ਅਤੇ ਸਾਂਭ-ਸੰਭਾਲ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਮੀਟਿੰਗ
ਰੂਪਨਗਰ, 10 ਅਪ੍ਰੈਲ: ਰੱਬੀ ਸੀਜ਼ਨ 2024-25 ਦੌਰਾਨ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਿਆਈ ਜਾਣ ਵਾਲੀ ਕਣਕ ਨੂੰ ਖਰੀਦਣ ਅਤੇ ਸਾਂਭ-ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਅੱਜ ਮਿੰਨੀ ਸਕੱਤਰੇਤ ਰੂਪਨਗਰ ਵਿਖੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹੇ ਦੇ ਅਧਿਕਾਰੀਆਂ ਦੀ ਖਰੀਦ ਅਤੇ ਸਾਂਭ-ਸੰਭਾਲ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਰੱਬੀ ਸੀਜ਼ਨ 2024-25 ਦੌਰਾਨ ਰੂਪਨਗਰ ਜ਼ਿਲ੍ਹੇ ਵਿੱਚ ਮੰਡੀ ਬੋਰਡ ਵੱਲੋਂ ਨੋਟੀਫਾਈ 27 ਮੰਡੀਆਂ ਵਿੱਚ ਕਣਕ ਦੀ ਖਰੀਦੋ ਫਰੋਖਤ ਕੀਤੀ ਜਾਵੇਗੀ ਅਤੇ ਇਨ੍ਹਾਂ ਮੰਡੀਆਂ ਵਿੱਚ ਕਣਕ ਦੀ ਖਰੀਦ ਕਰਨ ਲਈ ਬਾਰਦਾਨੇ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾ ਦੀ ਫਸਲ ਸਮੇਂ ਸਿਰ ਖਰੀਦ ਕਰਨ ਤੋਂ ਬਾਅਦ ਕਿਸਾਨਾ ਨੂੰ ਅਦਾਇਗੀ 48 ਘੰਟਿਆਂ ਦੇ ਅੰਤਰਾਲ ਵਿੱਚ ਹੀ ਕੀਤੀ ਜਾਵੇਗੀ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਦੀ ਹਰ ਇੱਕ ਮੰਡੀ ਵਿੱਚ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਮੰਡੀ ਵਿਚੋਂ ਚੁੱਕ ਕੇ ਭੰਡਾਰ ਕਰਨ ਵਾਲੀ ਥਾਂ ਤੇ ਸਟੋਰ ਕਰਨ ਲਈ ਸਰਕਾਰ ਵੱਲੋਂ ਲੇਬਰ, ਲੇਬਰ-ਕਾਰਟੇਜ, ਟਰਾਂਸਪੋਰਟੇਸ਼ਨ ਦੇ ਟੈਂਡਰ ਪਹਿਲਾਂ ਹੀ ਵਿਵਸਥਿਤ ਕੀਤੇ ਜਾ ਚੁੱਕੇ ਹਨ ਅਤੇ ਸੀਜ਼ਨ ਦੌਰਾਨ ਬਾਹਰਲੇ ਰਾਜਾਂ ਤੋਂ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਐਮ.ਐਸ.ਪੀ. ਤੇ ਕਣਕ ਵੇਚਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਟਰ-ਸਟੇਟ ਨਾਕੇ ਅਤੇ ਫਲਾਇੰਗ ਸਕੁਐਡ ਰਾਹੀਂ ਵਾਹਨਾ ਦੀ ਚੈਕਿੰਗ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕੇਵਲ ਉਨ੍ਹਾਂ ਟਰੱਕਾਂ ਨਾਲ ਹੀ ਕਣਕ ਦੀ ਲਿਫਟਿੰਗ ਕਰਵਾਈ ਜਾ ਰਹੀ ਹੈ, ਜਿਨ੍ਹਾਂ ਟਰੱਕਾਂ ਵਿੱਚ ਵੀ.ਟੀ.ਐਸ.(ਵਹੀਕਲ ਟਰੈਕਿੰਗ ਸਿਸਟਮ) ਚਾਲੂ ਹੋਵੇ ਤਾਂ ਜੋ ਜੀ.ਪੀ.ਐਸ. ਸਿਸਟਮ ਰਾਹੀਂ ਵਾਹਨ ਦੀ ਮੂਵਮੈਂਟ ਨੂੰ ਟਰੈਕ ਕੀਤਾ ਜਾ ਸਕੇ।
ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਕੇਵਲ ਵੱਧ ਤੋ ਵੱਧ 12 ਫ਼ੀਸਦੀ ਤੱਕ ਨਮੀ ਵਾਲੀ ਫਸਲ ਹੀ ਮੰਡੀ ਵਿੱਚ ਲਿਆਂਦੀ ਜਾਵੇ ਤਾਂ ਜੋ ਫਸਲ ਦੀ ਬੋਲੀ ਸਮੇਂ ਸਿਰ ਲੱਗ ਸਕੇ ਅਤੇ ਕਿਸਾਨ ਬਿਨਾਂ ਕਿਸੇ ਦੇਰੀ ਤੋਂ ਆਪਣੀ ਫਸਲ ਦੀ ਕੀਮਤ ਵਸੂਲ ਸਕਣ। ਉਨ੍ਹਾ ਇਹ ਵੀ ਅਪੀਲ ਕੀਤੀ ਕਿ ਕਿਸਾਨ ਭਰਾ ਜਿਨਸ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਇਸ ਦਾ ਯੋਗ ਪ੍ਰਬੰਧਨ ਕਰਨ ਨੂੰ ਤਰਜੀਹ ਦੇਣ। ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉੱਥੇ ਬਿਮਾਰੀਆਂ ਲੱਗਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ ਅਤੇ ਜਿੱਥੇ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਉਨ੍ਹਾਂ ਕਿਹਾ ਕਿ ਫ਼ਸਲੀ ਰਹਿੰਦ-ਖੂਹੰਦ ਦੇ ਯੋਗ ਪ੍ਰਬੰਧਨ ਨਾਲ ਫ਼ਸਲ ਦਾ ਝਾੜ ਵੀ ਵੱਧਦਾ ਹੈ ਅਤੇ ਕਿਸਾਨਾਂ ਨੂੰ ਬੇਲੋੜੀਆਂ ਖਾਦਾਂ ਦੀ ਵਰਤੋਂ ਨਹੀਂ ਕਰਨੀ ਪੈਂਦੀ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਪਲਾਈਜ਼ ਸ. ਸਤਵੀਰ ਸਿੰਘ ਮਾਵੀ, ਜ਼ਿਲ੍ਹਾ ਮੰਡੀ ਅਫ਼ਸਰ ਸ. ਦਵਿੰਦਰ ਸਿੰਘ ਕੈਂਥ, ਜ਼ਿਲ੍ਹਾ ਮੈਨੇਜਰ ਮਾਰਕਫੈੱਡ ਸ. ਬਲਜਿੰਦਰ ਸਿੰਘ ਕਾਹਲੋਂ, ਜ਼ਿਲ੍ਹਾ ਮੈਨੇਜਰ ਪਨਸਪ ਸ. ਪਰਮਿੰਦਰ ਸਿੰਘ ਬੋਪਾਰਾਏ, ਜ਼ਿਲ੍ਹਾ ਮੈਨੇਜਰ ਪੰਜਾਬ ਵੇਅਰ ਹਾਊਸ ਸ ਹਰਬਰਿੰਦਰ ਸਿੰਘ ਔਲਖ ਅਤੇ ਮੈਨੇਜਰ ਮੂਵਮੈਂਟ ਐਫ.ਸੀ.ਆਈ. ਸ਼੍ਰੀ ਰਮੇਸ਼ ਕੁਮਾਰ ਵੀ ਹਾਜ਼ਰ ਸਨ।