ਬੰਦ ਕਰੋ

ਹੋਲੇ ਮਹੱਲੇ-2023 ਮੌਕੇ ਸ਼ਰਧਾਲੂਆਂ ਲਈ ਚਲਾਈ ਜਾਵੇਗੀ ਸ਼ਟਲ ਬੱਸ ਸੇਵਾ: ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 21/02/2023
Shuttle bus service will be run for pilgrims on the occasion of Holle Mahalle-2023: Deputy Commissioner

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਹੋਲੇ ਮਹੱਲੇ-2023 ਮੌਕੇ ਸ਼ਰਧਾਲੂਆਂ ਲਈ ਚਲਾਈ ਜਾਵੇਗੀ ਸ਼ਟਲ ਬੱਸ ਸੇਵਾ: ਡਿਪਟੀ ਕਮਿਸ਼ਨਰ

ਰੂਪਨਗਰ, 21 ਫਰਵਰੀ: ਹੋਲਾ ਮਹੱਲਾ 2023 ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਮੱਥਾ ਟੇਕਣ ਲਈ ਜ਼ਿਲ੍ਹਾ ਰੂਪਨਗਰ ਵਿਖੇ ਆਉਂਦੇ ਹਨ। ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਰਧਾਲੂਆਂ ਨੂੰ ਆਵਾਜਾਈ ਲਈ ਸਹੂਲਤ ਪ੍ਰਦਾਨ ਕਰਦੇ ਹੋਏ 6 ਮਾਰਚ ਤੋਂ 8 ਮਾਰਚ ਤੱਕ ਸ਼ਟਲ ਬੱਸ ਸੇਵਾ ਚਲਾਈ ਜਾਵੇਗੀ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਜਨਰਲ ਮੈਨੇਜਰ ਰੋਡਵੇਜ਼ ਗੁਰਸੇਵਕ ਸਿੰਘ ਰਾਜਪਾਲ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ 70 ਮਿੰਨੀ ਬੱਸਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਇਹ ਬੱਸ ਸੇਵਾ ਯਕੀਨੀ ਤੌਰ ਉੱਤੇ 24 ਘੰਟੇ ਲਈ ਉਪਲੱਬਧ ਹੋਵੇ।

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਪੁੱਜਣ ਨਾਲ ਵਾਹਨਾਂ ਦੀ ਆਵਾਜਾਈ ਸਚਾਰੂ ਢੰਗ ਨਾਲ ਨਹੀਂ ਹੋ ਪਾਉਂਦੀ ਜਿਸ ਕਾਰਨ ਵੱਡੇ ਪੱਧਰ ਉੱਤੇ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਹਾਲਾਤਾਂ ਵਿਚ ਸ਼ਟਲ ਬੱਸ ਸੇਵਾ ਨਾਲ ਵਿਸ਼ੇਸ਼ ਤੌਰ ਉੱਤੇ ਬਜ਼ੁਰਗ, ਬੱਚਿਆਂ ਅਤੇ ਔਰਤਾਂ ਨੂੰ ਸਫਰ ਕਰਨ ਵਿਚ ਕਾਫੀ ਆਸਾਨੀ ਹੋਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਸ਼ਟਲ ਬੱਸ ਸੇਵਾ ਨੂੰ 24 ਘੰਟੇ ਯਕੀਨੀ ਕਰਨ ਲਈ ਤਕਨੀਕੀ ਢੰਗ ਨਾਲ ਰੋਡ ਮੈਪ ਬਣਾਇਆ ਜਾਵੇ ਜਿਸ ਲਈ ਡਰਾਇਵਰਾਂ ਦੀ ਡਿਊਟੀ ਦੇ ਰੋਸਟਰ ਤਿਆਰ ਕਰ ਲਏ ਜਾਣ ਅਤੇ ਇਸ ਸਬੰਧੀ ਰਿਪੋਰਟ ਇਸੇ ਹਫਤੇ ਉਨ੍ਹਾਂ ਨੂੰ ਪੇਸ਼ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਮੋਟਰ ਵਹੀਕਲ ਇੰਸਪੈਕਟਰ ਸ. ਰਣਪ੍ਰੀਤ ਸਿੰਘ ਨੂੰ ਹਦਾਇਤ ਕਰਦਿਆਂ ਕਿਹਾ ਕਿ ਬੱਸਾਂ ਦੀ ਪਾਰਕਿੰਗ ਸਹੀ ਜਗ੍ਹਾ ਉੱਤੇ ਹੋਵੇ ਤਾਂ ਜੋ ਨਿਰਧਾਰਿਤ ਕੀਤੇ ਗਏ ਸਮੇਂ ਦੇ ਅੰਤਰਾਲ ਉਪਰੰਤ ਬੱਸਾਂ ਨੂੰ ਚਲਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਬੱਸਾਂ ਦੀ ਆਵਾਜਾਈ ਅਤੇ ਸਹੀ ਪਾਰਕਿੰਗ ਨੂੰ ਯਕੀਨੀ ਕਰਨ ਲਈ ਪਾਰਕਿੰਗ ਨਾਕਾ ਅਗੰਮਪੁਰ, ਚੰਡੇਸਰ ਅਤੇ ਝਿੰਜੜੀ ਵਿਖੇ ਟ੍ਰੈਫਿਕ ਪੁਲਿਸ ਦੀ ਤਾਇਨਾਤੀ ਯਕੀਨੀ ਤੌਰ ਉਤੇ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਟ੍ਰੈਫਿਕ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਰੂਰੀ ਸਮਾਨ ਜਾਂ ਰਸਦ ਲਈ ਵੀ ਛੋਟੋ ਹਾਥੀ ਵਾਹਨਾਂ ਦੇ ਪ੍ਰਬੰਧ ਵੱਖਰੇ ਤੌਰ ਉੱਤੇ ਕੀਤੇ ਜਾਣ ਅਤੇ ਪ੍ਰਾਇਵੇਟ ਮਿੰਨੀ ਬੱਸਾਂ ਨਾਲ ਵੀ ਰਾਬਤਾ ਕਾਇਮ ਕੀਤਾ ਜਾਵੇ ਤਾਂ ਜੋ ਲੋੜ ਪੈਣ ਉੱਤੇ ਬੱਸਾਂ ਦੀ ਗਿਣਤੀ ਤੁਰੰਤ ਵਧਾਈ ਜਾ ਸਕੇ।

ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸ. ਅਰਵਿੰਦਰਪਾਲ ਸਿੰਘ ਸੋਮਲ ਆਈ.ਟੀ.ਏ. ਆਰ.ਐਸ.ਗਿੱਲ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।