ਹਾਰਟ ਅਟੈਕ ਤੋਂ ਪੀੜਤ ਮਰੀਜ਼ਾਂ ਲਈ ਵਰਦਾਨ ਸਾਬਿਤ ਹੋ ਰਿਹਾ ਸਟੈਮੀ ਪ੍ਰੋਜੈਕਟ

ਹਾਰਟ ਅਟੈਕ ਤੋਂ ਪੀੜਤ ਮਰੀਜ਼ਾਂ ਲਈ ਵਰਦਾਨ ਸਾਬਿਤ ਹੋ ਰਿਹਾ ਸਟੈਮੀ ਪ੍ਰੋਜੈਕਟ
ਹੁਣ ਤੱਕ 15 ਮਰੀਜ਼ਾਂ ਦੀ ਬਚਾਈ ਜਾ ਚੁੱਕੀ ਹੈ ਜਾਨ
25 ਤੋਂ 35 ਹਜ਼ਾਰ ਰੁਪਏ ਤੱਕ ਦੀ ਕੀਮਤ ਵਾਲਾ ਟੈਨਿਕਟੀਪਲੇਸ ਇੰਜੈਕਸ਼ਨ ਕੀਤਾ ਜਾਂਦਾ ਹੈ ਮੁਫ਼ਤ ਪ੍ਰਦਾਨ
ਰੂਪਨਗਰ, 24 ਸਤੰਬਰ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨਿਭਾਉਂਦੇ ਹੋਏ ਸਿਵਲ ਹਸਪਤਾਲ ਰੂਪਨਗਰ ਵਿੱਚ ਹਾਰਟ ਅਟੈਕ ਤੋਂ ਪੀੜਤ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸਟੈਮੀ ਪਾਇਲਟ ਪ੍ਰੋਜੈਕਟ ਹਾਰਟ ਅਟੈਕ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਨੇ ਦੱਸਿਆ ਕਿ ਸਟੈਮੀ ਪਾਇਲਟ ਪ੍ਰੋਜੈਕਟ ਤਹਿਤ ਹਾਰਟ ਅਟੈਕ ਹੋਣ ਦੀ ਸੂਰਤ ਵਿਚ ਮਰੀਜ਼ ਦਾ ਇਲਾਜ ਸਿਵਲ ਹਸਪਤਾਲ ਰੂਪਨਗਰ ਵਿਖੇ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਸਟੈਮੀ ਪਾਇਲਟ ਪ੍ਰੋਜੈਕਟ ਇੱਕ ਮਹੱਤਵਪੂਰਨ ਪਹਿਲਕਦਮੀ ਹੈ, ਜਿਸਨੂੰ ”ਮਿਸ਼ਨ ਅੰਮ੍ਰਿਤ” ਵੀ ਕਿਹਾ ਜਾਂਦਾ ਹੈ, ਉਨ੍ਹਾਂ ਦੱਸਿਆ ਕਿ ਇਸ ਦਾ ਉਦੇਸ਼ (ਦਿਲ ਦੇ ਦੌਰੇ ਦੀ ਸਭ ਤੋਂ ਗੰਭੀਰ ਕਿਸਮ) ਨਾਲ ਪੀੜਤ ਮਰੀਜ਼ਾਂ ਦੇ ਇਲਾਜ ਦੇ ਸਮੇਂ ਵਿੱਚ ਸੁਧਾਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਮਰੀਜ਼ਾਂ ਨੂੰ ਟੈਨਿਕਟੀਪਲੇਸ ਇੰਜੈਕਸ਼ਨ (ਜੋ ਦਿਲ ਦੇ ਖੂਨ ਦੇ ਥੱਕੇ ਨੂੰ ਖੋਲ੍ਹਣ ਵਿੱਚ ਮਦਦ ਕਰਦਾ ਹੈ) ਮੁਫ਼ਤ ਪ੍ਰਦਾਨ ਕੀਤਾ ਜਾਂਦਾ ਹੈ, ਜਿਸਦੀ ਆਮ ਕੀਮਤ 25 ਤੋਂ 35 ਹਜ਼ਾਰ ਰੁਪਏ ਤੱਕ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਹੱਬ ਅਤੇ ਸਪੋਕ ਮਾਡਲ ‘ਤੇ ਅਧਾਰਿਤ ਹੈ।
ਡਾ. ਸੁਖਵਿੰਦਰਜੀਤ ਸਿੰਘ ਨੇ ਵਧੀਆ ਸੇਵਾਵਾਂ ਨਿਭਾਉਣ ਵਾਲੇ ਮੈਡੀਕਲ ਮਾਹਿਰ ਡਾ. ਪੁਨੀਤ ਸੈਣੀ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਮੈਡੀਕਲ ਮਾਹਿਰ ਵਲੋਂ ਹੁਣ ਤੱਕ 15 ਮਰੀਜ਼ਾਂ ਦੀ ਜਾਨ ਬਚਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਈ ਮਾਮਲਿਆਂ ਵਿੱਚ ਮਰੀਜ਼ ਨੂੰ ਹਾਰਟ ਅਟੈਕ ਹੋਣ ’ਤੇ ਹਾਲਤ ਕਾਫੀ ਵਿਗੜ ਜਾਂਦੀ ਹੈ ਜਿਸ ਨੂੰ ਤੁਰੰਤ ਚੰਡੀਗੜ੍ਹ ਪੀ.ਜੀ.ਆਈ. ਰੈਫਰ ਕਰਨਾ ਪੈਂਦਾ ਹੈ ਅਤੇ ਇਸ ਦੌਰਾਨ ਮਰੀਜ਼ ਦੀ ਜਾਨ ਨੂੰ ਕਾਫੀ ਖਤਰਾ ਹੁੰਦਾ ਹੈ ਪਰ ਇਸ ਪ੍ਰੋਜੈਕਟ ਤਹਿਤ ਮਰੀਜ਼ ਨੂੰ ਇਸ ਟੀਕੇ ਨਾਲ ਮਰੀਜ਼ ਦੇ ਦਿਲ ਦੀਆਂ ਨਬਜ਼ਾਂ ਵਿਚ ਆਉਣ ਵਾਲੀ ਬਲਾਕਜ਼ ਨੂੰ ਕਾਫੀ ਹੱਦ ਤੱਕ ਠੀਕ ਕੀਤਾ ਜਾ ਸਕਦਾ ਹੈ, ਜਿਸ ਉਪਰੰਤ ਪ੍ਰਭਾਵਿਤ ਮਰੀਜ਼ ਦੀ ਹਾਲਤ ਨੂੰ ਸਥਿਰ ਕਰਕੇ ਨੇੜਲੇ ਸਿਹਤ ਸੰਸਥਾਨ ਜਿੱਥੇ ਇੰਜੋਗਰਾਫੀ ਸਮੇਤ ਸਟੰਟਿੰਗ ਹੁੰਦੀ ਹੋਵੇ ਭੇਜਿਆ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ 35 ਹਜ਼ਾਰ ਰੁਪਏ ਦੀ ਲਾਗਤ ਨਾਲ ਇਹ ਟੀਕਾਕਰਨ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਦੀ ਐਮਰਜੈਂਸੀ ’ਚ ਆਏ ਹਾਰਟ ਅਟੈਕ ਦੇ 15 ਮਰੀਜ਼ਾਂ ਨੂੰ ਹੁਣ ਤੱਕ ਉਕਤ ਟੀਕੇ ਲਗਾ ਕੇ ਉਨ੍ਹਾਂ ਦੀ ਜਾਨ ਬਚਾਈ ਗਈ। ਉਨ੍ਹਾਂ ਦੱਸਿਆ ਕਿ ਸਟੈਮੀ ਸਕੀਮ ਤਹਿਤ ਮਰੀਜ਼ ਦਾ ਪਹਿਲਾਂ ਚੈੱਕਅਪ ਕੀਤਾ ਜਾਂਦਾ ਹੈ ਅਤੇ ਸਥਿਤੀ ਸਪਸ਼ਟ ਹੋਣ ਤੋਂ ਬਾਅਦ ਇਲਾਜ ਕੀਤਾ ਜਾਂਦਾ ਹੈ।
ਮੈਡੀਕਲ ਮਾਹਿਰ ਡਾ. ਪੁਨੀਤ ਸੈਣੀ ਨੇ ਦੱਸਿਆ ਕਿ ਦੇਸ਼ ਵਿੱਚ ਲਗਭਗ 30 ਲੱਖ ਮਰੀਜ਼ ਹਰ ਸਾਲ ਹਾਰਟ ਅਟੈਕ ਤੋਂ ਪੀੜਤ ਹੁੰਦੇ ਹਨ, ਜਿਨ੍ਹਾਂ ਦਾ ਇਲਾਜ ਉਪਰੋਕਤ ਸਕੀਮ ਤਹਿਤ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ-ਕੱਲ ਖਾਣ-ਪੀਣ ਦੀਆਂ ਆਦਤਾਂ, ਬਹੁਤ ਜ਼ਿਆਦਾ ਮਾਨਸਿਕ ਤਣਾਅ, ਘੱਟ ਕਸਰਤ ਕਾਰਨ ਬਹੁਤ ਸਾਰੇ ਲੋਕਾਂ ਨੂੰ ਨਾੜੀਆਂ ਦੇ ਬਲਾਕ ਹੋਣ ਕਾਰਨ ਹਾਰਟ ਅਟੈਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਲਈ ਲੋਕਾਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਪੌਸ਼ਟਿਕ ਖੁਰਾਕ ਸਮੇਤ ਰੌਜ਼ਾਨਾ ਕਸਰਤ ਲਾਜ਼ਮੀ ਕਰਨੀ ਚਾਹੀਦੀ ਹੈ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਦੀ ਛਾਤੀ ਵਿੱਚ ਦਰਦ ਹੁੰਦਾ ਹੈ ਤਾਂ ਇਸ ਨੂੰ ਅਣਗੌਲਿਆ ਨਾ ਕੀਤਾ ਜਾਵੇ ਅਤੇ ਜਾਂਚ ਲਈ ਨੇੜਲੀ ਸਿਹਤ ਸੰਸਥਾ ਵਿੱਚ ਆਪਣਾ ਚੈੱਕਅਪ ਕਰਵਾਇਆ ਜਾਵੇ।