ਹਥਿਆਰਬੰਦ ਸੈਨਾ ਝੰਡਾ ਦਿਵਸ ਦਾ ਰੂਪਨਗਰ ‘ਚ ਹੋਇਆ ਆਗਾਜ਼, ਡਿਪਟੀ ਕਮਿਸ਼ਨਰ ਤੇ ਹੋਰ ਉੱਚ ਅਧਿਕਾਰੀਆਂ ਨੂੰ ਲਗਾਇਆ ਝੰਡਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਹਥਿਆਰਬੰਦ ਸੈਨਾ ਝੰਡਾ ਦਿਵਸ ਦਾ ਰੂਪਨਗਰ ‘ਚ ਹੋਇਆ ਆਗਾਜ਼, ਡਿਪਟੀ ਕਮਿਸ਼ਨਰ ਤੇ ਹੋਰ ਉੱਚ ਅਧਿਕਾਰੀਆਂ ਨੂੰ ਲਗਾਇਆ ਝੰਡਾ
ਡਿਪਟੀ ਕਮਿਸ਼ਨਰ ਵੱਲੋਂ ਨਾਗਰਿਕਾਂ ਨੂੰ ਦਾਨ ਲਈ ਕੀਤੀ ਅਪੀਲ
ਰੂਪਨਗਰ, 05 ਦਸੰਬਰ: ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਰੂਪਨਗਰ ਵੱਲੋਂ ਜ਼ਿਲ੍ਹਾ ਰੂਪਨਗਰ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਸ. ਅਰਵਿੰਦਰਪਾਲ ਸਿੰਘ ਸੋਮਲ ਅਤੇ ਐੱਸਪੀ ਸ਼੍ਰੀ ਅਰਵਿੰਦ ਮੀਨਾ ਦੇ ਟੋਕਨ ਫਲੈਗ ਲਗਾ ਕੇ ਹਥਿਆਰਬੰਦ ਸੈਨਾ ਝੰਡਾ ਦਿਵਸ ਦਾ ਆਗਾਜ਼ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੰਡਾ ਦਿਵਸ ਦੇਸ਼ ਦੇ ਉਨ੍ਹਾਂ ਅਮਰ ਸ਼ਹੀਦਾਂ ਦੀ ਯਾਦ ਤਾਜ਼ਾ ਕਰਦਾ ਹੈ, ਜਿਨ੍ਹਾਂ ਨੇ ਭਾਰਤ ਦੀ ਸੁਰੱਖਿਆ ਲਈ ਆਪਣੇ ਪ੍ਰਾਣ ਨਿਛਾਵਰ ਕੀਤੇ। ਉਨ੍ਹਾਂ ਨੇ ਕਿਹਾ ਕਿ ਸੈਨਾ ਦੇ ਜ਼ਵਾਨਾਂ ਅਤੇ ਅਫਸਰਾਂ ਨੇ ਅੱਤਵਾਦ, ਸਰਹਦੀ ਚੁਣੌਤੀਆਂ ਅਤੇ ਲੜਾਈਆਂ ਦੌਰਾਨ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਹਨ, ਜੋ ਸਾਰੇ ਦੇਸ਼ ਵਾਸੀਆਂ ਲਈ ਪ੍ਰੇਰਣਾਦਾਇਕ ਹਨ।
ਸ਼੍ਰੀ ਵਰਜੀਤ ਵਾਲੀਆ ਨੇ ਕਿਹਾ ਕਿ ਕਈ ਸੈਨਿਕ ਸ਼ਹੀਦ ਹੋਏ ਹਨ ਅਤੇ ਕਈ ਸਦਾ ਲਈ ਨਕਾਰਾ, ਇਸ ਲਈ ਉਹਨਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨਾ ਸਰਕਾਰ ਅਤੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਹਥਿਆਰਬੰਦ ਸੈਨਾ ਝੰਡਾ ਦਿਵਸ ਹਰ ਨਾਗਰਿਕ ਨੂੰ ਇਹ ਮੌਕਾ ਦਿੰਦਾ ਹੈ ਕਿ ਉਹ ਸੁਰਬੀਰ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਸਤਿਕਾਰ ਅਤੇ ਸਹਾਨੁਭੂਤੀ ਜਤਾਉਣ ਲਈ ਯੋਗਦਾਨ ਪਾਏ।
ਉਨ੍ਹਾਂ ਦੱਸਿਆ ਕਿ ਇਸ ਦਿਨ ਇਕੱਠੀ ਕੀਤੀ ਗਈ ਰਕਮ ਰਾਜ ਦੇ ਆਰਮਡ ਫੋਰਸਿਜ਼ ਫਲੈਗ ਡੇ ਫੰਡ ਵਿੱਚ ਜਮ੍ਹਾਂ ਕੀਤੀ ਜਾਂਦੀ ਹੈ, ਜੋ ਸ਼ਹੀਦ ਪਰਿਵਾਰਾਂ, ਨਕਾਰਾ ਹੋਏ ਸੈਨਿਕਾਂ ਅਤੇ ਲੋੜਵੰਦ ਸਾਬਕਾ ਫੌਜੀਆਂ ਦੀ ਭਲਾਈ ਲਈ ਚੱਲ ਰਹੀਆਂ ਯੋਜਨਾਵਾਂ ‘ਤੇ ਖਰਚ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਰੂਪਨਗਰ ਜ਼ਿਲ੍ਹੇ ਦੇ ਨਾਗਰਿਕਾਂ, ਪ੍ਰਾਈਵੇਟ ਸਕੂਲਾਂ, ਕਾਲਜਾਂ, ਹਸਪਤਾਲਾਂ, ਮਹਿਕਮਿਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਦੇਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਕਰ-ਮੁਕਤ ਹੁੰਦੀ ਹੈ ਅਤੇ ਹਰ ਯੋਗਦਾਨ ਸ਼ਹੀਦ ਪਰਿਵਾਰਾਂ ਲਈ ਇੱਕ ਮਜ਼ਬੂਤ ਸਹਾਰਾ ਹੁੰਦਾ ਹੈ।
ਉਨ੍ਹਾਂ ਅੰਤ ਵਿੱਚ ਕਿਹਾ, “ਆਓ, ਉਹਨਾਂ ਸੂਰਬੀਰ ਸ਼ਹੀਦ ਸੈਨਿਕਾਂ ਨੂੰ ਨਮਨ ਕਰੀਏ, ਜਿਨ੍ਹਾਂ ਨੇ ਆਪਣੇ ਅਨਮੋਲ ਜੀਵਨ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦੀ ਸੁਰੱਖਿਆ ਲਈ ਆਪਣਾ ਅੱਜ ਕੁਰਬਾਨ ਕੀਤਾ। ਸ਼ਹੀਦ ਸਦਾ ਅਮਰ ਰਹਿੰਦੇ ਹਨ, ਅਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਯੋਗਦਾਨ ਪਾਉਣਾ ਸਾਡਾ ਸਮਾਜਿਕ ਫਰਜ਼ ਹੈ।”
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫ. ਕਰਨਲ ਸਰਬਜੀਤ ਸਿੰਘ ਸੈਣੀ ਤੇ ਵਾਈਸ ਪ੍ਰੈਜ਼ੀਡੈਂਟ ਸੁਕਆਅਡਰਨ ਲੀਡਰ ਹਾਕਮ ਸਿੰਘ ਰਾਹੀ ਨੇ ਝੰਡਾ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ਭਾਰਤੀ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੇ ਸੂਰਵੀਰ ਸੈਨਿਕਾਂ ਦੀ ਕੁਰਬਾਨੀ ਅਤੇ ਬਹਾਦਰੀ ਵਜੋਂ ਮਨਾਇਆ ਜਾਂਦਾ ਹੈ। ਇਸ ਅਵਸਰ ਤੇ ਦੇਸ਼ ਵਾਸੀ ਝੰਡਾ ਚਿੰਨ੍ਹ ਲਗਾ ਕੇ ਅਤੇ ਖੁੱਲ੍ਹੇ ਦਿਲ ਨਾਲ ਦਾਨ ਕਰਕੇ ਸੈਨਿਕਾਂ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਕਰਦੇ ਹਨ। ਇਸ ਦਿਨ ਇਕੱਤਰ ਕੀਤਾ ਗਿਆ ਫੰਡ ਸ਼ਹੀਦਾ, ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਲਈ ਵਰਤਿਆ ਜਾਂਦਾ ਹੈ।
ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵਿਖੇ ਸੁਪਰਡੰਟ ਰਮਨਦੀਪ ਕੌਰ, ਸੀਨੀਅਰ ਸਲਾਹਕਾਰ ਕੈਪਟਨ ਮੁਲਤਾਨ ਸਿੰਘ ਰਾਣਾ, ਸਲਾਹਕਾਰ ਕੈਪਟਨ ਗੁਰਦੇਵ ਸਿੰਘ, ਨਾਰੀ ਪ੍ਰਧਾਨ ਰੂਪਨਗਰ ਮਨਜੀਤ ਕੌਰ ਵੀਰ, ਬਲਾਕ ਪ੍ਰਧਾਨ ਚਮਕੌਰ ਸਾਹਿਬ ਕੈਪਟਨ ਹਰਪਾਲ ਸਿੰਘ, ਨਾਰੀ ਪ੍ਰਧਾਨ ਹਸੀਨਾ ਬੇਗਮ ਵੀਰ ਅਤੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦਾ ਸਮੂਹ ਸਟਾਫ ਮੌਜੂਦ ਸਨ।