ਬੰਦ ਕਰੋ

ਸ੍ਰੀ ਚਮਕੌਰ ਸਾਹਿਬ ਨੂੰ ਸੈਰ ਸਪਾਟੇ ਵਜੋਂ ਸਥਾਪਿਤ ਕਰਨ ਲਈ ਸਰਹਿੰਦ ਨਹਿਰ ਵਿਖੇ ਬੋਟਿੰਗ ਦੀ ਸ਼ੁਰੂਆਤ

ਪ੍ਰਕਾਸ਼ਨ ਦੀ ਮਿਤੀ : 27/02/2025
Punjab Starts Boating at Sirhind Canal to establish Sri Chamkaur Sahib as a tourist destination

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਸ੍ਰੀ ਚਮਕੌਰ ਸਾਹਿਬ ਨੂੰ ਸੈਰ ਸਪਾਟੇ ਵਜੋਂ ਸਥਾਪਿਤ ਕਰਨ ਲਈ ਸਰਹਿੰਦ ਨਹਿਰ ਵਿਖੇ ਬੋਟਿੰਗ ਦੀ ਸ਼ੁਰੂਆਤ

ਸ਼੍ਰੀ ਚਮਕੌਰ ਸਾਹਿਬ, 25 ਫ਼ਰਵਰੀ: ਪੰਜਾਬ ਸਰਕਾਰ ਵੱਲੋਂ ਸ੍ਰੀ ਚਮਕੌਰ ਸਾਹਿਬ ਨੂੰ ਸੈਰ ਸਪਾਟੇ ਵਜੋਂ ਸਥਾਪਿਤ ਕਰਨ ਲਈ ਹੁਣ ਪੱਕੇ ਤੌਰ ਉੱਤੇ ਬੋਟਿੰਗ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਉਦਘਾਟਨ ਅੱਜ ਵਿਧਾਇਕ ਡਾ. ਚਰਨਜੀਤ ਸਿੰਘ ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕੀਤਾ।

ਇਸ ਮੌਕੇ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਰ ਵਲੋਂ ਜ਼ਿਲ੍ਹਾ ਰੂਪਨਗਰ ਨੂੰ ਵਾਟਰ ਅਤੇ ਅਡਵੈਂਚਰ ਟੂਰਜ਼ਿਮ ਵਜੋਂ ਵਿਕਸਿਤ ਕਰਨ ਲਈ ਅਤੇ ਸਿੱਖ ਇਤਿਹਾਸ ਵਿੱਚ ਮਹੱਤਤਾ ਰੱਖਣ ਵਾਲੇ ਸਥਾਨਾਂ ਨੂੰ ਹੋਰ ਖੂਬਸੂਰਤ ਬਣਾਉਣ ਲਈ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜ੍ਹੀ ਤਹਿਤ ਹੀ ਦਾਸਤਾਨ ਏ ਸ਼ਹਾਦਤ ਦੇ ਸਾਹਮਣੇ ਤੋਂ ਬੋਟਿੰਗ ਦੀ ਸ਼ੁਰੂਆਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਹ ਬੋਟਿੰਗ ਹੁਣ ਅਗਲੇ 7 ਸਾਲਾਂ ਤੱਕ ਜਾਰੀ ਰੱਖੀ ਜਾਵੇਗੀ। ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਦ੍ਰਿਸ਼ ਅਤੇ ਬੋਟਿੰਗ ਦੂਰ ਦੁਰਾਡੇ ਤੋਂ ਆਉਣ ਵਾਲੇ ਸੈਲਾਨੀਆਂ ਲਈ ਇੱਕ ਯਾਦਗਾਰ ਪਲ ਬਣਾਉਣ ਵਿੱਚ ਯਕੀਨਨ ਕਾਮਯਾਬ ਹੋਵੇਗੀ।

ਇਸ ਮੌਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਾਟਰ ਟੂਰਜ਼ਿਮ ਨੂੰ ਉਤਸ਼ਾਹਿਤ ਕਰਨ ਲਈ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਸਰਹੰਦ ਨਹਿਰ ਵਿਖੇ ਵਿਸ਼ੇਸ਼ ਤੌਰ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਸਮੇਤ ਸ੍ਰੀ ਚਮਕੌਰ ਸਾਹਿਬ ਅਤੇ ਦਾਸਤਾਨ ਏ ਸ਼ਹਾਦਤ ਵਿਖੇ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਲਈ ਬੋਟਿੰਗ ਦੀ ਸ਼ੁਰੂਆਤ ਖਿੱਚ ਦਾ ਕੇਂਦਰ ਬਣੇਗੀ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ 2 ਮੋਟਰ ਬੋਟਾਂ ਜਿਸ ਵਿੱਚ 10 ਸੀਟਰ 1 ਬੋਟ, 12 ਸੀਟਰ 1 ਬੋਟ, ਜ਼ੈਡ ਸਕੀਅ ਤੋਂ ਇਲਾਵਾ ਰੇਸਕਿਊ ਲਈ ਅਲੱਗ ਤੋਂ ਬੋਟ ਉਪਲੱਬਧ ਹੈ। ਇਸ ਦੇ ਨਾਲ ਹੀ ਸੇਫਟੀ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ, ਜਿਸ ਵਿੱਚ ਲਾਈਫ ਜੈਕਟਾਂ, ਚੱਪੂ ਕਿਸ਼ਤੀਆਂ ਵੀ ਸ਼ਾਮਿਲ ਹਨ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਲੋਕਾਂ ਦੀ ਸੁਰੱਖਿਆ ਦੇ ਵੀ ਖਾਸ ਪ੍ਰਬੰਧ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਅਣਹੋਣੀ ਹੋਣ ਤੋਂ ਬਚਾਉਣ ਲਈ ਇੱਕ ਸੇਫਟੀ ਮੋਟਰ ਬੋਟ ਦਾ ਵੀ ਪ੍ਰਬੰਧ ਕੀਤਾ ਗਿਆ।

ਇਸ ਮੌਕੇ ਐਸ.ਡੀ.ਐਮ ਸ਼੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ, ਡੀ.ਐਸ.ਪੀ ਮਨਜੀਤ ਸਿੰਘ ਔਲਖ, ਤਹਿਸੀਲਦਾਰ ਸ੍ਰੀ ਚਮਕੌਰ ਸਾਹਿਬ ਹਿਮਾਂਸ਼ੂ, ਨਾਇਬ ਤਹਿਸੀਲਦਾਰ ਕਰਮਜੋਤ ਸਿੰਘ ਅਤੇ ਹੋਰ ਪਾਰਟੀ ਆਗੂ ਹਾਜ਼ਰ ਸਨ।