“ਸੀ.ਐਮ. ਦੀ ਯੋਗਸ਼ਾਲਾ” ਤਹਿਤ ਜ਼ਿਲ੍ਹਾ ਰੂਪਨਗਰ ਵਿਖੇ ਵੱਖ-ਵੱਖ ਸਥਾਨਾਂ ਤੇ ਲੱਗਣਗੀਆਂ ਯੋਗ ਕਲਾਸਾਂ: ਡਿਪਟੀ ਕਮਿਸ਼ਨਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
“ਸੀ.ਐਮ. ਦੀ ਯੋਗਸ਼ਾਲਾ” ਤਹਿਤ ਜ਼ਿਲ੍ਹਾ ਰੂਪਨਗਰ ਵਿਖੇ ਵੱਖ-ਵੱਖ ਸਥਾਨਾਂ ਤੇ ਲੱਗਣਗੀਆਂ ਯੋਗ ਕਲਾਸਾਂ: ਡਿਪਟੀ ਕਮਿਸ਼ਨਰ
• ਡਿਪਟੀ ਕਮਿਸ਼ਨਰ ਨੇ ਨਸ਼ਾ ਛਡਾਉ ਕੇਂਦਰ ਵਿਖੇ ਯੋਗ ਕਲਾਸਾਂ ਲਗਾਉਣ ਦੀ ਦਿੱਤੀ ਹਦਾਇਤ
• ਹੈੱਡਵਰਕਸ ਵਿਖੇ ਯੋਗ ਦੇ ਮਾਹਿਰ ਅਧਿਆਪਕਾਂ ਨੇ ਕਰਵਾਈ ਯੋਗਾ
• ਨਾਗਰਿਕ ਟੈਲੀਫੋਨ ਨੰ: 76694-00500 ਤੇ ਮਿਸਡ ਕਾਲ ਦੇ ਕੇ ਲੈ ਸਕਦੇ ਹਨ ਯੋਗ ਕਲਾਸ ਦਾ ਮੁਫਤ ਲਾਭ
• ਯੋਗ ਕਲਾਸਾਂ ਵਿੱਚ ਮਾਹਰ ਯੋਗ ਅਧਿਆਪਕ ਮੁਫਤ ਵਿੱਚ ਦੇਣਗੇ ਯੋਗ ਦੀ ਸਿਖਲਾਈ
ਰੂਪਨਗਰ, 05 ਅਕਤੂਬਰ: ਪੰਜਾਬ ਸਰਕਾਰ ਵੱਲੋਂ ਸਿਹਤਮੰਦ ਪੰਜਾਬ ਬਣਾਉਣ ਦੇ ਮੰਤਵ ਨਾਲ ਚਲਾਏ ਜਾ ਰਹੇ “ਸੀ.ਐਮ. ਦੀ ਯੋਗਸ਼ਾਲਾ” ਪ੍ਰੋਗਰਾਮ ਅਧੀਨ ਸਰਹਿੰਦ ਦੇ ਵੱਖ-ਵੱਖ ਸਥਾਨਾਂ ਤੇ ਯੋਗ ਕਲਾਸਾਂ ਲਗਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਯੋਗ ਦੇ ਮਾਹਰ ਅਧਿਆਪਕ ਲੋਕਾਂ ਨੂੰ ਮੁਫਤ ਵਿੱਚ ਯੋਗ ਦੀ ਸਿਖਲਾਈ ਦੇਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਿਵਲ ਹਸਪਤਾਲ ਵਿਖੇ ਸਥਿਤ ਨਸ਼ਾ ਛਡਾਉ ਕੇਂਦਰ ਦਾ ਦੌਰਾ ਕਰਦਿਆਂ ਕੀਤਾ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਯੋਗ ਦੀਆਂ ਕਲਾਸਾਂ ਲੈਣ ਲਈ 25 ਨਾਗਰਿਕਾਂ ਦਾ ਇੱਕ ਸਮੂਹ ਹੋਣਾ ਚਾਹੀਦਾ ਹੈ ਅਤੇ ਇਸ ਪ੍ਰੋਗਰਾਮ ਨਾਲ ਜੁੜਨ ਲਈ ਟੈਲੀਫੋਨ ਨੰ: 76694-00500 ਤੇ ਮਿਸਡ ਕਾਲ ਦੇ ਕੇ ਇਸ ਦਾ ਲਾਭ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੀ.ਐਮ.ਦੀ ਯੋਗਸ਼ਾਲਾ ਦੇ ਰਾਹੀਂ ਲੋਕਾਂ ਨੂੰ ਉਨ੍ਹਾਂ ਦੁਆਰਾ ਚੁਣੇ ਗਏ ਥਾਵਾਂ ਤੇ ਜਿਵੇਂ ਕਿ ਪਾਰਕ/ ਜਨਤਕ ਥਾਂ ਤੇ ਮੁਫ਼ਤ ਯੋਗ ਸਿੱਖਿਆ ਦਿੱਤੀ ਜਾਵੇਗੀ। ਜਿਸ ਲਈ ਯੋਗ ਦੇ ਮਾਹਿਰ ਅਧਿਆਪਕ ਨਿਯੁਕਤ ਕੀਤੇ ਗਏ ਹਨ ਜੋ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਬਲਾਕਾਂ ਵਿਚ ਆਮ ਲੋਕਾਂ ਦੀਆਂ ਯੋਗ ਕਲਾਸਾਂ ਲਗਾਉਣਗੇ ਤਾਂ ਜੋ ਸਿਹਤਮੰਦ ਕਰਦੇ ਹੋਏ ਯੋਗ ਆਸਨ ਦੀ ਤਕਨੀਕੀ ਜਾਣਕਾਰੀ ਵੀ ਦਿੱਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਦੇ ਕੋਲ ਯੋਗ ਕਲਾਸ ਕਰਨ ਦੀ ਥਾਂ ਉਪਲਬਧ ਹੈ ਅਤੇ ਘੱਟ ਤੋਂ ਘੱਟ 25 ਲੋਕਾਂ ਦਾ ਸਮੂਹ ਹੈ ਤਾਂ ਪੰਜਾਬ ਸਰਕਾਰ ਯੋਗ ਟ੍ਰੇਂਡ ਇੰਸਟ੍ਰਕਟਰ ਘਰ ਭੇਜੇਗੀ। ਜੇਕਰ ਲੋਕ ਚਾਹੁਣ ਤਾਂ ਉਹ ਖੁਦ/ਇੱਕ ਵਿਅਕਤੀ ਲਈ ਵੀ ਪੰਜੀਕਰਨ ਕਰ ਸਕਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੋਗ ਦੇ ਮਾਹਿਰ ਅਧਿਆਪਕਾਂ ਵਲੋਂ ਹੈੱਡਵਰਕਸ ਸਤਲੁਜ ਵਿਖੇ ਪਹੁੰਚੇ ਸ਼ਹਿਰ ਵਾਸੀਆਂ ਨੂੰ ਯੋਗ ਕਰਵਾਇਆ ਗਿਆ ਅਤੇ ਯੋਗ ਤੋਂ ਹੋਣ ਵਾਲੇ ਸਰੀਰਕ ਅਤੇ ਮਾਨਸਿਕ ਫਾਇਦੇ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਤਕਨੀਕੀ ਯੁੱਗ ਵਿਚ ਲੋਕ ਵੱਖ-ਵੱਖ ਬਿਮਾਰੀਆਂ ਵਿਸ਼ੇਸ਼ ਤੌਰ ਉਤੇ ਮਾਨਸਿਕ ਦਬਾਅ ਦੇ ਸ਼ਿਕਾਰ ਹੁੰਦੇ ਹਨ ਜਦਕਿ ਜ਼ਿਆਦਾਤਰ ਬਿਮਾਰੀਆਂ ਰੋਜ਼ਾਨਾ ਯੋਗ ਅਤੇ ਕਸਰਤ ਕਰਕੇ ਹੀ ਠੀਕ ਕੀਤੀਆਂ ਜਾ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਸੂਬੇ ਦੇ ਨਾਗਰਿਕਾਂ ਨੂੰ ਮੁਫ਼ਤ ਯੋਗ ਸਿੱਖਿਆ ਦੇਣ ਦੀ ਇੱਕ ਪਹਿਲ ਹੈ। ਇਸ ਯੋਜਨਾ ਦੇ ਤਹਿਤ ਪੰਜਾਬ ਵਿੱਚ ਪ੍ਰਮਾਣਿਤ ਯੋਗ ਟੀਚਰਾਂ ਦੀ ਇੱਕ ਟੀਮ ਸਥਾਪਤ ਕੀਤੀ ਗਈ ਹੈ ਤਾਂ ਜੋ ਯੋਗ ਨੂੰ ਘਰ ਘਰ ਤੱਕ ਪਹੁੰਚਾਇਆ ਜਾ ਸਕੇ ਅਤੇ ਜਨਤਾ ਨੂੰ ਯੋਗ ਟੀਚਰਾਂ ਦੀ ਸੁਵਿਧਾ ਦੇ ਕੇ ਇਸ ਨੂੰ ਇੱਕ ਜਨ ਅੰਦੋਲਨ ਵਿੱਚ ਬਦਲਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਨਾਗਰਿਕ ਇਨ੍ਹਾਂ ਕਲਾਸਾਂ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਟੋਲ ਫ੍ਰੀ ਨੰਬਰ 7669400500 ਤੇ ਮਿਸਡ ਕਾਲ ਦੇ ਸਕਦੇ ਹਨ ਜਾਂ ਸੀ.ਐਮ.ਦੀ ਯੋਗਸ਼ਾਲਾ ਪੋਰਟਲ cmdiyogshala.punjab.gov.in ਤੇ ਲੌਗਿਇੰਨ ਕਰ ਸਕਦੇ ਹਨ। ਜੇਕਰ ਕਿਸੇ ਕਾਰਨ ਤੋਂ ਨਾਗਰਿਕ ਪੰਜੀਕਰਨ ਕਰਨ ਵਿੱਚ ਅਸਮਰਥ ਹੈ ਤਾਂ ਉਹ ਰਾਜ ਸਰਕਾਰ ਦੇ ਹੈਲਪ ਲਾਈਨ ਨੰਬਰ 1100 ਤੇ ਸੰਪਰਕ ਕਰ ਸਕਦੇ ਹਨ ਜਾਂ cmdiyogshala@punjb.gov.in ਤੇ ਈਮੇਲ ਭੇਜ ਸਕਦੇ ਹਨ।