ਸਿਹਤ ਵਿਭਾਗ ਵੱਲੋਂ ਵਿਸ਼ਵ ਸਿਹਤ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ

ਸਿਹਤ ਵਿਭਾਗ ਵੱਲੋਂ ਵਿਸ਼ਵ ਸਿਹਤ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ
ਰੂਪਨਗਰ, 7 ਅਪ੍ਰੈਲ: ਵਿਸ਼ਵ ਸਿਹਤ ਦਿਵਸ ਦੇ ਮੌਕੇ ਸਿਹਤ ਵਿਭਾਗ ਰੂਪਨਗਰ ਵੱਲੋਂ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਆਮ ਜਨਤਾ ਨੂੰ ਸਿਹਤ ਸੰਬੰਧੀ ਮਹੱਤਵਪੂਰਨ ਜਾਣਕਾਰੀ ਦੇਣਾ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਇਸ ਦਿਨ ਨੂੰ ਮਨਾਉਣ ਦਾ ਟੀਚਾ ਸਮੁੱਚੇ ਸਮਾਜ ਵਿੱਚ ਸਿਹਤ ਦੀ ਅਹਿਮੀਅਤ ਬਾਰੇ ਚੇਤਨਾ ਫੈਲਾਉਣਾ ਹੈ।
ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਵੱਲੋਂ ਜਾਗਰੂਕਤਾ ਸੈਮੀਨਾਰ ਦੌਰਾਨ ਸਿਹਤ ਸਬੰਧੀ ਵੱਖ-ਵੱਖ ਬਿੰਦੂਆਂ ਤੇ ਚਰਚਾ ਕੀਤੀ ਗਈ, ਜਿਸ ਵਿੱਚ ਸਿਹਤ ਸੰਬੰਧੀ ਮੁੱਖ ਚੁਣੌਤੀਆਂ– ਖਾਸ ਕਰਕੇ ਗੈਰ-ਸੰਚਾਰੀ ਰੋਗ (ਐਨ. ਸੀ. ਡੀ.) ਜਿਵੇਂ ਕਿ ਸ਼ੂਗਰ, ਦਿਲ ਦੀਆਂ ਬੀਮਾਰੀਆਂ ਅਤੇ ਕੈਂਸਰ ਬਾਰੇ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਮਾਨਸਿਕ ਸਿਹਤ – ਤਣਾਅ, ਚਿੰਤਾ ਅਤੇ ਡਿਪ੍ਰੈਸ਼ਨ ਨਾਲ ਨਜਿੱਠਣ ਦੇ ਤਰੀਕੇ ਦੱਸੇ ਗਏ। ਪੋਸ਼ਣ ਅਤੇ ਸੰਤੁਲਿਤ ਖੁਰਾਕ ਸਹੀ ਖੁਰਾਕ ਦੀ ਆਦਤ ਨੂੰ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਗਿਆ। ਵੈਕਸੀਨੇਸ਼ਨ ਅਤੇ ਰੋਗਾਂ ਤੋਂ ਬਚਾਅ– ਟੀਕਾਕਰਨ ਦੀ ਮਹੱਤਤਾ ਅਤੇ ਸੰਚਾਰੀ ਰੋਗਾਂ ਤੋਂ ਸੁਰੱਖਿਆ ਬਾਰੇ ਦੱਸਿਆ ਗਿਆ। ਮਾਹਿਰਾਂ ਦੀਆਂ ਸਲਾਹਾਂ– ਮਸ਼ਹੂਰ ਡਾਕਟਰਾਂ ਅਤੇ ਸਿਹਤ ਮਾਹਿਰਾਂ ਵੱਲੋਂ ਸਿਹਤ ਸੰਭਾਲ ਬਾਰੇ ਸਿਧੇ ਸੁਝਾਅ ਦਿੱਤੇ ਗਏ।
ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸਵਪਨਜੀਤ ਕੌਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਿਹਤ ਸਿਰਫ਼ ਹਸਪਤਾਲ ਜਾਂ ਦਵਾਈਆਂ ਤੱਕ ਸੀਮਤ ਨਹੀਂ, ਸਗੋਂ ਇਹ ਹਰ ਵਿਅਕਤੀ ਦੀ ਦਿਨ ਚਰਿਆ ਵਿੱਚ ਸ਼ਾਮਿਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਲਈ ਸਹੀ ਭੋਜਨ, ਨਿਯਮਤ ਕਸਰਤ, ਯੋਗ ਅਤੇ ਤਣਾਅ ਮੁਕਤ ਜੀਵਨ ਜੀਣਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ, ਐਸ.ਐਮ. ਓ.ਸਿਵਲ ਹਸਪਤਾਲ ਰੂਪਨਗਰ ਡਾ. ਉਪਿੰਦਰ ਸਿੰਘ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਮੈਡਮ ਰਾਜ ਰਾਣੀ ਅਤੇ ਗੁਰਮੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ ਅਤੇ ਰਿਤੂ, ਜਿਲਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ, ਐਲ. ਐਚ. ਵੀ. ਰਾਜਿੰਦਰ ਕੌਰ, ਗੁਰਦੀਪ ਸਿੰਘ, ਭੁਪਿੰਦਰ ਕੌਰ ਅਤੇ ਹਸਪਤਾਲ ਵਿਖੇ ਆਏ ਹੋਏ ਲੋਕ ਮੋਜੂਦ ਸਨ।