ਬੰਦ ਕਰੋ

ਸਿਹਤ ਵਿਭਾਗ ਨੇ ਜ਼ਿਲ੍ਹੇ ਦੇ ਸਮੂਹ ਇੰਪੈਨਲਡ ਅਲਟਰਾਸਾਊਂਡ ਸੈਂਟਰਾਂ ਨਾਲ ਕੀਤੀ ਮੀਟਿੰਗ

ਪ੍ਰਕਾਸ਼ਨ ਦੀ ਮਿਤੀ : 29/01/2026
Health Department held a meeting with all the empanelled ultrasound centers in the district.

ਸਿਹਤ ਵਿਭਾਗ ਨੇ ਜ਼ਿਲ੍ਹੇ ਦੇ ਸਮੂਹ ਇੰਪੈਨਲਡ ਅਲਟਰਾਸਾਊਂਡ ਸੈਂਟਰਾਂ ਨਾਲ ਕੀਤੀ ਮੀਟਿੰਗ

ਰੂਪਨਗਰ, 29 ਜਨਵਰੀ: ਜ਼ਿਲ੍ਹਾ ਰੂਪਨਗਰ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਅਤੇ ਪਾਰਦਰਸ਼ੀ ਬਣਾਉਣ ਦੇ ਮੰਤਵ ਨਾਲ ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਸਮੂਹ ਇੰਪੈਨਲਡ ਅਲਟਰਾਸਾਊਂਡ ਸੈਂਟਰਾਂ ਦੀ ਇੱਕ ਅਹਿਮ ਅਤੇ ਜ਼ਰੂਰੀ ਮੀਟਿੰਗ ਆਯੋਜਿਤ ਕੀਤੀ ਗਈ।

ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅੰਜਲੀ ਚੌਧਰੀ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਕਾਰਜਸ਼ੀਲ ਸਮੂਹ ਇੰਪੈਨਲਡ ਅਲਟਰਾਸਾਊਂਡ ਸੈਂਟਰਾਂ ਦੇ ਪ੍ਰਤੀਨਿਧੀਆਂ ਨੇ ਹਾਜ਼ਰੀ ਭਰੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਸਸਤੀ, ਗੁਣਵੱਤਾਪੂਰਨ ਅਤੇ ਪਹੁੰਚਯੋਗ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਇਸ ਮੰਤਵ ਨੂੰ ਪੂਰਾ ਕਰਨ ਲਈ ਸਰਕਾਰੀ ਸਿਹਤ ਸੰਸਥਾਵਾਂ ਅਤੇ ਆਮ ਆਦਮੀ ਕਲੀਨਿਕਾਂ ਤੋਂ ਰੈਫਰ ਹੋ ਕੇ ਆਉਣ ਵਾਲੀਆਂ ਗਰਭਵਤੀ ਔਰਤਾਂ ਲਈ ਅਲਟਰਾਸਾਊਂਡ ਵਰਗੀ ਅਹਿਮ ਜਾਂਚ ਸੇਵਾ ਸਰਕਾਰੀ ਰੇਟਾਂ ਅਨੁਸਾਰ ਮੁਹੱਈਆ ਕਰਵਾਉਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਇੰਪੈਨਲਡ ਅਲਟਰਾਸਾਊਂਡ ਸੈਂਟਰ ਸਰਕਾਰ ਵੱਲੋਂ ਨਿਰਧਾਰਤ ਕੀਤੀਆਂ ਗਈਆਂ ਦਰਾਂ ਅਨੁਸਾਰ ਹੀ ਮਰੀਜ਼ਾਂ ਨੂੰ ਅਲਟਰਾਸਾਊਂਡ ਦੀ ਸੁਵਿਧਾ ਪ੍ਰਦਾਨ ਕਰਨ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਕਰਨ।

ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਕਿਹਾ ਕਿ ਅਲਟਰਾਸਾਊਂਡ ਸੇਵਾਵਾਂ ਮਾਂ ਅਤੇ ਬੱਚੇ ਦੀ ਸਿਹਤ ਸਬੰਧੀ ਬਹੁਤ ਮਹੱਤਵਪੂਰਣ ਹਨ। ਖ਼ਾਸ ਕਰਕੇ ਗਰਭਵਤੀ ਮਹਿਲਾਵਾਂ ਲਈ ਇਹ ਸੇਵਾ ਸਮੇਂ ਸਿਰ ਅਤੇ ਸਰਕਾਰੀ ਦਰਾਂ ‘ਤੇ ਉਪਲਬਧ ਹੋਣਾ ਲਾਜ਼ਮੀ ਹੈ। ਉਨ੍ਹਾਂ ਸਾਰੇ ਸੈਂਟਰਾਂ ਨੂੰ ਪੀਸੀਪੀਐਨਡੀਟੀ ਐਕਟ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਲਈ ਵੀ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਇਹ ਵੀ ਹਦਾਇਤ ਕੀਤੀ ਗਈ ਕਿ ਸਾਰੇ ਲਾਜ਼ਮੀ ਰਿਕਾਰਡ, ਰਜਿਸਟਰ ਅਤੇ ਆਨਲਾਈਨ ਰਿਪੋਰਟਿੰਗ ਸਮੇਂ ਸਿਰ ਅਤੇ ਸਹੀ ਤਰੀਕੇ ਨਾਲ ਭਰੇ ਜਾਣ।

ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਅਲਟਰਾਸਾਊਂਡ ਸੈਂਟਰਾਂ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਸੈਂਟਰ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਸਿਹਤ ਵਿਭਾਗ ਨਾਲ ਸਹਿਯੋਗ ਕਰਦੇ ਹੋਏ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ।

ਮੀਟਿੰਗ ਦੇ ਅੰਤ ਵਿੱਚ ਸਾਰੇ ਇੰਪੈਨਲਡ ਅਲਟਰਾਸਾਊਂਡ ਸੈਂਟਰਾਂ ਦੇ ਪ੍ਰਤੀਨਿਧੀਆਂ ਵੱਲੋਂ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦੇਣ ਅਤੇ ਸਰਕਾਰੀ ਨਿਯਮਾਂ ਅਨੁਸਾਰ ਸੇਵਾਵਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ।

ਇਸ ਮੌਕੇ ਜ਼ਿਲ੍ਹਾ ਡੈਂਟਲ ਸਿਹਤ ਅਫਸਰ ਡਾ. ਰਜਨੀਤ ਬੈਂਸ, ਗਾਇਨਕੋਲਜਿਸਟ ਡਾ. ਨੀਰਜ, ਜ਼ਿਲ੍ਹਾ ਅਕਾਊਂਟ ਅਫਸਰ ਮਨਜਿੰਦਰ ਸਿੰਘ, ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ, ਪੀਐਨਡੀਟੀ ਅਸਿਸਟੈਂਟ ਖੁਸ਼ਹਾਲ ਅਤੇ ਸਮੂਹ ਸੈਂਟਰਾਂ ਦੇ ਪ੍ਰਤੀਨਿਧੀ ਹਾਜ਼ਰ ਸਨ।