ਬੰਦ ਕਰੋ

ਸਿਹਤਮੰਦ ਅਤੇ ਖੁਸ਼ਹਾਲ ਪਰਿਵਾਰ ਲਈ ਮਰਦਾਂ ਦੀ ਭਾਗੀਦਾਰੀ ਜਰੂਰੀ – ਡਾ ਸੁਖਵਿੰਦਰਜੀਤ ਸਿੰਘ

ਪ੍ਰਕਾਸ਼ਨ ਦੀ ਮਿਤੀ : 28/11/2025
Men's participation is essential for a healthy and happy family - Dr. Sukhwinderjit Singh

ਸਿਹਤਮੰਦ ਅਤੇ ਖੁਸ਼ਹਾਲ ਪਰਿਵਾਰ ਲਈ ਮਰਦਾਂ ਦੀ ਭਾਗੀਦਾਰੀ ਜਰੂਰੀ – ਡਾ ਸੁਖਵਿੰਦਰਜੀਤ ਸਿੰਘ

ਸਿਹਤ ਵਿਭਾਗ ਵੱਲੋਂ ਪੰਦਰਵਾੜੇ ਦੌਰਾਨ ਲਗਾਏ ਜਾ ਰਹੇ ਹਨ ਜਾਗਰੂਕਤਾ ਅਤੇ ਸਪੈਸ਼ਲ ਅਪ੍ਰੇਸ਼ਨ ਕੈਂਪ

ਰੂਪਨਗਰ, 28 ਨਵੰਬਰ: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਤੇ ਜ਼ਿਲ੍ਹਾ ਰੂਪਨਗਰ ਵਿੱਚ ਚੀਰਾ ਰਹਿਤ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਨੇ ਦੱਸਿਆ ਕਿ ਸਿਹਤਮੰਦ ਅਤੇ ਖੁਸ਼ਹਾਲ ਪਰਿਵਾਰ ਲਈ ਮਰਦਾਂ ਦੀ ਭਾਗੀਦਾਰੀ ਬਹੁਤ ਜਰੂਰੀ ਹੈ। ਵੱਧ ਰਹੀ ਮਹਿੰਗਾਈ ਦੇ ਕਾਰਨ ਹਰੇਕ ਮਨੁੱਖ ਨੁੰ ਆਪਣਾ ਪਰਿਵਾਰ ਛੋਟਾ ਰੱਖਣਾ ਚਾਹੀਦਾ ਤਾਂ ਜੋ ਆਪਣੇ ਬੱਚਿਆਂ ਦੀ ਵਧੀਆ ਦੇਖਭਾਲ ਅਤੇ ਸਹੂਲਤਾਂ ਦੇ ਸਕੀਏ।

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਰਿਵਾਰ ਨਿਯੋਜਨ ਦੀਆਂ ਸਹੂਲਤਾਂ ਸਰਕਾਰੀ ਸਿਹਤ ਕੇਂਦਰਾਂ ਤੇ ਮੁਫ਼ਤ ਉਪਲਬਧ ਕਰਵਾਉਣ ਤੋਂ ਇਲਾਵਾ ਆਸ਼ਾ ਵਰਕਰਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਵੀ ਯਤਨ ਕੀਤੇ ਜਾ ਰਹੇ ਹਨ। ਪਰਿਵਾਰ ਨਿਯੋਜਨ ਦੀਆਂ ਸੇਵਾਵਾਂ ਨੂੰ ਹਾਸਿਲ ਕਰਨ ਲਈ ਯੋਗ ਜੋੜਿਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਸਿਵਲ ਸਰਜਨ ਨੇ ਦੱਸਿਆ ਕਿ ਇਸੇ ਲੜੀ ਤਹਿਤ ਸਿਹਤ ਵਿਭਾਗ 21 ਨਵੰਬਰ ਤੋਂ 4 ਦਸੰਬਰ ਤੱਕ ਚੀਰਾ ਰਹਿਤ ਨਸਬੰਦੀ ਪੰਦਰਵਾੜਾ ਮਨਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਯੋਗ ਜੋੜਿਆਂ ਨੂੰ 21 ਨਵੰਬਰ ਤੋਂ 27 ਨਵੰਬਰ ਤੱਕ ਪਰਿਵਾਰ ਨਿਯੋਜਨ ਦੇ ਪੱਕੇ ਅਤੇ ਕੱਚੇ ਸਾਧਨਾਂ ਬਾਰੇ, ਖਾਸ ਕਰਕੇ ਚੀਰਾ ਰਹਿਤ ਨਸਬੰਦੀ ਸਬੰਧੀ ਜਾਗਰੂਕ ਕੀਤਾ ਅਤੇ 28 ਨਵੰਬਰ ਤੋਂ 4 ਦਸੰਬਰ ਤੱਕ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਚੀਰਾ ਰਹਿਤ ਨਸਬੰਦੀ ਦੇ ਸਪੈਸ਼ਲ ਕੈਂਪ ਲਗਾਏ ਜਾਣਗੇ।

ਡਾ. ਸੁਖਵਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਰਸ਼ ਦੀ ਨਸਬੰਦੀ ਕਰਨ ਲਈ ਕੋਈ ਵੀ ਟਾਂਕਾ ਜਾਂ ਚੀਰਾ ਨਹੀਂ ਲਗਾਇਆ ਜਾਂਦਾ ਨਸਬੰਦੀ ਕਰਵਾਉਣ ਤੋਂ ਬਾਅਦ ਹੀ ਪੁਰਸ਼ ਕੁਝ ਘੰਟਿਆਂ ਬਾਅਦ ਹੀ ਆਪਣੇ ਘਰ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੁਰਸ਼ ਵਿੱਚ ਨਸਬੰਦੀ ਕਰਵਾਉਣ ਤੋਂ ਬਾਅਦ ਕਿਸੇ ਵੀ ਕਿਸਮ ਦੀ ਕੋਈ ਵੀ ਕਮਜ਼ੋਰੀ ਨਹੀਂ ਆਉਂਦੀ।