ਸਿਵਲ ਹਸਪਤਾਲ ਰੂਪਨਗਰ ਵਿਖੇ “ਮਾਂ ਦੇ ਦੁੱਧ ਦੀ ਮਹੱਤਤਾ” ਸਬੰਧੀ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ

ਸਿਵਲ ਹਸਪਤਾਲ ਰੂਪਨਗਰ ਵਿਖੇ “ਮਾਂ ਦੇ ਦੁੱਧ ਦੀ ਮਹੱਤਤਾ” ਸਬੰਧੀ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ
ਰੂਪਨਗਰ, 5 ਅਗਸਤ: ਸਿਹਤ ਵਿਭਾਗ ਰੂਪਨਗਰ ਵੱਲੋਂ ਸਿਵਲ ਸਰਜਨ ਡਾ. ਬਲਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਦੀ ਅਗਵਾਈ ਅਧੀਨ “ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਵਿਸ਼ੇਸ਼ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਅੱਜ ਸਿਵਲ ਹਸਪਤਾਲ ਰੂਪਨਗਰ ਵਿਖੇ ਜਾਗਰੂਕਤਾ ਸੈਮੀਨਾਰ ਵਿੱਚ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ।
ਡਾ. ਨਵਰੂਪ ਕੌਰ ਨੇ ਦੱਸਿਆ ਕਿ 1 ਤੋਂ 7 ਅਗਸਤ ਤੱਕ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਹ ਵਿਸ਼ੇਸ਼ ਹਫ਼ਤਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਵੱਲੋਂ ਨਵਜਨਮੇ ਬੱਚੇ ਦੇ ਪੋਸ਼ਣ ਲਈ ਬਖਸ਼ਿਆ ਗਿਆ “ਮਾਂ ਦਾ ਦੁੱਧ” ਇਕ ਵੱਡਮੁੱਲੀ ਤੇ ਅਣਮੁੱਲੀ ਦਾਤ ਹੈ ਅਤੇ ਇਸ ਦੁੱਧ ਦਾ ਕੋਈ ਬਦਲ ਨਹੀਂ ਹੈ। ਇਸ ਲਈ ਜਨਮ ਤੋਂ ਪਹਿਲੇ ਘੰਟੇ ਦੇ ਅੰਦਰ ਅੰਦਰ ਹੀ ਮਾਂ ਦਾ ਦੁੱਧ ਬੱਚੇ ਨੂੰ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿਉਂਕਿ ਪਹਿਲਾ ਤੇ ਬਾਉਲਾ ਦੁੱਧ ਪੌਸ਼ਟਿਕ ਤੱਤਾਂ ਤੇ ਵਿਟਾਮਿਨ “ਏ” ਨਾਲ ਭਰਪੂਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਘਰਾਂ ਵਿਚ ਵਿਜ਼ਿਟ ਦੌਰਾਨ ਲੋਕਾਂ ਨੂੰ ਜਾਗਰੂਕ ਕਰ ਰਹੀਆ ਹਨ।
ਉਨ੍ਹਾਂ ਕਿਹਾ ਕਿ “ਮਾਂ ਦਾ ਦੁੱਧ” ਨਵਜੰਮੇ ਬੱਚੇ ਲਈ ਸਰਬੋਤਮ ਅਤੇ ਸੰਪੂਰਨ ਆਹਾਰ ਹੁੰਦਾ ਹੈ। ਇਹ ਬੱਚਿਆਂ ਨੂੰ ਕੁਪੋਸ਼ਣ ਅਤੇ ਡਾਇਰੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਉਨ੍ਹਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਵੀ ਸਹਾਇਕ ਹੁੰਦਾ ਹੈ। ਮਾਂ ਦਾ ਦੁੱਧ ਆਸਾਨੀ ਨਾਲ ਹਜਮ ਹੋ ਜਾਂਦਾ ਹੈ ਇਸ ਨਾਲ ਬੱਚੇ ਨੂੰ ਕਾਬਜ ਜਾਂ ਪੇਟ ਦਰਦ ਨਹੀਂ ਹੁੰਦਾ, ਮਾਂ ਦਾ ਦੁੱਧ ਬੱਚੇ ਅਤੇ ਮਾਂ ਦੇ ਬੰਧਨ ਨੂੰ ਮਜਬੂਤ ਕਰਦਾ ਹੈ।
p>ਔਰਤਾਂ ਦੇ ਰੋਗਾਂ ਦੇ ਮਾਹਰ ਡਾ. ਨੀਰਜ ਤੇ ਬੱਚਿਆਂ ਦੇ ਰੋਗਾਂ ਦੇ ਮਾਹਰ ਡਾ. ਗੁਰਸੇਵਕ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਹਮੇਸ਼ਾ ਬੈਠ ਕੇ ਦੁੱਧ ਚੁੰਘਾਉਣਾ, ਬੱਚੇ ਨੂੰ ਦੁੱਧ ਚੁੰਘਾਉਣ ਸਮੇਂ ਮਨ ਵਿੱਚ ਸਿਰਫ ਵਧੀਆਂ ਵਿਚਾਰ ਲਿਆਉਣੇ ਚਾਹੀਦੇ ਹਨ, ਬੱਚੇ ਦਾ ਮੂੰਹ ਛਾਤੀ ਦੇ ਏਨਾ ਨੇੜੇ ਨਾ ਰੱਖੋਂ ਕਿ ਉਸ ਦਾ ਨੱਕ ਦੱਬ ਜਾਵੇ ਅਤੇ ਸਾਹ ਲੈਣ ਵਿੱਚ ਕੋਈ ਮੁਸ਼ਕਿਲ ਨਾ ਹੋਵੇ, ਦੁੱਧ ਚੁੰਘਾਉਣ ਤੋਂ ਬਾਅਦ ਬੱਚੇ ਨੂੰ ਛਾਤੀ ਨਾਲ ਲਾ ਕੇ ਉਸ ਨੂੰ ਡਕਾਰ ਜਰੂਰ ਦਿਵਾਓ।
ਇਸ ਮੌਕੇ ਡਾ. ਜਸਪ੍ਰੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ, ਹੋਰ ਸਟਾਫ ਅਤੇ ਇਲਾਜ ਕਰਵਾਉਣ ਲਈ ਆਏ ਮਰੀਜ਼ ਤੇ ਉਨ੍ਹਾਂ ਦੇ ਰਿਸ਼ਤੇਦਾਰ ਹਾਜ਼ਰ ਸਨ।