ਸਿਵਲ ਹਸਪਤਾਲ ਰੂਪਨਗਰ ‘ਚ 7 ਮਾਰਚ 2025 ਨੂੰ ਮਨਾਇਆ ਗਿਆ ਜਨ ਔਸ਼ਧੀ ਦਿਵਸ

ਸਿਵਲ ਹਸਪਤਾਲ ਰੂਪਨਗਰ ‘ਚ 7 ਮਾਰਚ 2025 ਨੂੰ ਮਨਾਇਆ ਗਿਆ ਜਨ ਔਸ਼ਧੀ ਦਿਵਸ
ਲੋਕ ਸਿਵਲ ਹਸਪਤਾਲ ਵਿਖੇ ਜਨ ਔਸ਼ਧੀ ਕੇਂਦਰ ਦਾ ਲਾਭ ਲੈਣ
ਰੂਪਨਗਰ, 7 ਮਾਰਚ: ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਿਵਲ ਹਸਪਤਾਲ, ਰੂਪਨਗਰ ਵਿਖੇ ਜਨ ਔਸ਼ਧੀ ਦਿਵਸ ਮਨਾਇਆ ਗਿਆ। ਇਸ ਮੌਕੇ ‘ਤੇ ਸਿਹਤ ਵਿਭਾਗ ਦੇ ਅਧਿਕਾਰੀਆਂ, ਡਾਕਟਰਾ, ਹਸਪਤਾਲ ਸਟਾਫ ਅਤੇ ਰੋਗੀਆਂ ਨੇ ਭਾਗ ਲਿਆ।
ਲੋਕਾਂ ਨੂੰ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਬਾਰੇ ਜਾਣਕਾਰੀ ਦਿੱਤੀ ਗਈ, ਜਿਸਦਾ ਮੁੱਖ ਉਦੇਸ਼ ਉੱਚ ਗੁਣਵੱਤਾ ਵਾਲੀਆਂ ਜਨਰਲ ਦਵਾਈਆਂ ਸਸਤੇ ਰੇਟਾਂ ‘ਤੇ ਉਪਲਬਧ ਕਰਵਾਉਣਾ ਹੈ। ਇਸ ਮੌਕੇ ਲੋਕਾਂ ਨੂੰ ਡਾਕਟਰਾਂ ਨੇ ਜਨ ਔਸ਼ਧੀ ਦਵਾਈਆਂ ਦੀ ਮਹੱਤਤਾ ਅਤੇ ਉਨ੍ਹਾਂ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸਵਪਨਜੀਤ ਕੌਰ ਨੇ ਇਸ ਮੌਕੇ ਕਿਹਾ ਕਿ ਸਿਹਤ ਇੱਕ ਅਮੋਲਕ ਧਨ ਹੈ, ਅਤੇ ਸਰਕਾਰ ਦਾ ਇਹ ਯਤਨ ਹੈ ਕਿ ਹਰ ਵਿਅਕਤੀ ਨੂੰ ਵਧੀਆ ਇਲਾਜ ਉਚਿਤ ਕੀਮਤ ‘ਤੇ ਮਿਲੇ। ਜਨ ਔਸ਼ਧੀ ਕੇਂਦਰ ਇਸ ਦਿਸ਼ਾ ਵੱਲ ਇਕ ਮਹੱਤਵਪੂਰਨ ਕਦਮ ਹਨ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਜਨ ਔਸ਼ਧੀ ਦਵਾਈਆਂ ਦੀ ਵਰਤੋਂ ਕਰਨ, ਜੋ ਉੱਚ ਗੁਣਵੱਤਾ ਵਾਲੀਆਂ ਅਤੇ ਬਹੁਤ ਘੱਟ ਕੀਮਤ ‘ਤੇ ਉਪਲਬਧ ਹਨ। ਉਨ੍ਹਾਂ ਲੋਕਾਂ ਨੂੰ ਜਨ ਔਸ਼ਧੀ ਕੇਂਦਰਾਂ ਤੋਂ ਦਵਾਈਆਂ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹਨਾਂ ਨੂੰ ਵਧੀਆ ਇਲਾਜ ਘੱਟ ਖਰਚ ‘ਤੇ ਮਿਲ ਸਕੇ।
ਇਸ ਮੌਕੇ ‘ਤੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਓਪਿੰਦਰ ਸਿੰਘ ਨੇ ਕਿਹਾ ਕਿ ਜਨ ਔਸ਼ਧੀ ਦਿਵਸ ਮਨਾਉਣ ਦਾ ਮੂਲ ਉਦੇਸ਼ ਲੋਕਾਂ ਤਕ ਇਹ ਸੰਦੇਸ਼ ਪਹੁੰਚਾਉਣਾ ਹੈ ਕਿ ਸਰਕਾਰੀ ਔਸ਼ਧੀ ਕੇਂਦਰਾਂ ‘ਚ ਉਪਲਬਧ ਦਵਾਈਆਂ ਆਮ ਮਾਰਕੀਟ ਨਾਲੋਂ ਕਾਫੀ ਸਸਤੀਆਂ ਹਨ ਅਤੇ ਉਨ੍ਹਾਂ ਦੀ ਗੁਣਵੱਤਾ ਵੀ ਮਾਰਕੀਟ ਦੀਆਂ ਦਵਾਈਆਂ ਵਰਗੀ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਜੋ ਹੋਰ ਵੀ ਜਨ ਔਸ਼ਧੀ ਕੇਂਦਰ ਖੁੱਲ੍ਹੇ ਹਨ, ਉਨ੍ਹਾਂ ਦਾ ਲਾਭ ਲਿਆ ਜਾਵੇ।
ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਮੈਡਮ ਰਾਜ ਰਾਣੀ, ਡਿਪਟੀ ਮਾਸ ਮੀਡੀਆ ਅਫਸਰ ਰੀਤੂ, ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ, ਅਜੇ ਕੁਮਾਰ ਅਤੇ ਹਸਪਤਾਲ ਵਿਖੇ ਆਏ ਹੋਏ ਲੋਕ ਹਾਜਰ ਸਨ।