ਬੰਦ ਕਰੋ

ਸਿਵਲ ਸਰਜਨ ਰੂਪਨਗਰ ਵੱਲੋਂ ਹਵਾ ਪ੍ਰਦੂਸ਼ਣ ਬਾਰੇ ਜਨਤਾ ਲਈ ਐਡਵਾਇਜ਼ਰੀ ਕੀਤੀ ਗਈ ਜਾਰੀ

ਪ੍ਰਕਾਸ਼ਨ ਦੀ ਮਿਤੀ : 03/11/2025
Civil Surgeon Rupnagar issues advisory to public regarding air pollution

ਸਿਵਲ ਸਰਜਨ ਰੂਪਨਗਰ ਵੱਲੋਂ ਹਵਾ ਪ੍ਰਦੂਸ਼ਣ ਬਾਰੇ ਜਨਤਾ ਲਈ ਐਡਵਾਇਜ਼ਰੀ ਕੀਤੀ ਗਈ ਜਾਰੀ

ਰੂਪਨਗਰ, 3 ਨਵੰਬਰ: ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ-ਜਿਵੇਂ ਮੌਸਮ ਠੰਡਾ ਹੁੰਦਾ ਹੈ, ਹਵਾ ਦੀ ਗੁਣਵੱਤਾ ਵਿਗੜਣ ਲੱਗਦੀ ਹੈ। ਇਸ ਸਮੇਂ ਦੌਰਾਨ ਪਰਾਲੀ ਸਾੜਨ ਅਤੇ ਦੀਵਾਲੀ ਦੇ ਤਿਉਹਾਰ ਦੌਰਾਨ ਪਟਾਕੇ ਸਾੜਨ ਕਰਕੇ ਹਵਾ ਪ੍ਰਦੂਸ਼ਣ ਵੱਧ ਜਾਂਦਾ ਹੈ, ਜੋ ਜਨਤਕ ਸਿਹਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਡਾ. ਸੁਖਵਿੰਦਰਜੀਤ ਸਿੰਘ ਨੇ ਕਿਹਾ ਕਿ ਖਰਾਬ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਬੱਚਿਆਂ, ਗਰਭਵਤੀ ਔਰਤਾਂ, ਬਜ਼ੁਰਗਾਂ, ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ, ਪੁਲਿਸ ਅਤੇ ਮਿਊਂਸਪਲ ਕਰਮਚਾਰੀਆਂ ਲਈ ਵਿਸ਼ੇਸ਼ ਤੌਰ ‘ਤੇ ਹਾਨੀਕਾਰਕ ਹੈ।

ਉਨ੍ਹਾਂ ਨੇ ਹਵਾ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਘਟਾਉਣ ਲਈ ਉਪਾਅ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰਦੂਸ਼ਣ ਵਾਲੀਆਂ ਥਾਵਾਂ, ਖਾਸਕਰ ਹੌਲੀ ਜਾਂ ਭਾਰੀ ਟ੍ਰੈਫਿਕ ਵਾਲੀਆਂ ਸੜਕਾਂ ਤੋਂ ਬਚੋ, ਬਾਹਰੀ ਗਤੀਵਿਧੀਆਂ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਸੀਪੀਸੀਬੀ ਵੈੱਬਸਾਈਟ ਰਾਹੀਂ ਏਕਿਊਆਈ ਦੀ ਜਾਂਚ ਕਰੋ, ਜਦੋਂ ਏਕਿਊਆਈ 200 ਤੋਂ ਵੱਧ ਹੋਵੇ, ਬਾਹਰੀ ਸਵੇਰ-ਸ਼ਾਮ ਦੀਆਂ ਗਤੀਵਿਧੀਆਂ ਤੋਂ ਬਚੋ ਅਤੇ ਜੇ ਲੋੜ ਹੋਵੇ ਤਾਂ ਦੁਪਹਿਰ ਦੇ ਸਮੇਂ ਘਰ ਨੂੰ ਹਵਾਦਾਰ ਕਰੋ, ਕਿਸੇ ਵੀ ਕਿਸਮ ਦੀ ਲੱਕੜ, ਪੱਤਿਆਂ ਜਾਂ ਰਹਿੰਦ-ਖੂੰਹਦ ਨੂੰ ਸਾੜਨ ਤੋਂ ਬਚੋ, ਪਟਾਕੇ ਸਾੜਨ ਤੋਂ ਪਰਹੇਜ਼ ਕਰੋ, ਐਂਟੀਆਕਸੀਡੈਂਟਾਂ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਖਾਓ ਅਤੇ ਵੱਧ ਪਾਣੀ ਪੀਓ, ਬਿਮਾਰ ਅਤੇ ਉੱਚ ਜੋਖਮ ਵਾਲੇ ਲੋਕਾਂ ਨੂੰ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ, ਜਿਨ੍ਹਾਂ ਨੂੰ ਪੁਰਾਣੀਆਂ ਬਿਮਾਰੀਆਂ ਹਨ, ਉਹ ਆਪਣੀਆਂ ਦਵਾਈਆਂ ਨਾਲ ਰੱਖਣ ਅਤੇ ਲੱਛਣ ਵਿਗੜਣ ‘ਤੇ ਤੁਰੰਤ ਡਾਕਟਰੀ ਸਲਾਹ ਲੈਣ, ਗੰਭੀਰ ਪ੍ਰਦੂਸ਼ਣ ਦੇ ਦਿਨਾਂ ਵਿੱਚ ਮਾਸਕ ਪਹਿਨੋ , ਵਾਹਨ ਜਾਂ ਇਮਾਰਤ ਵਿੱਚ ਏਅਰ ਕੰਡੀਸ਼ਨਰ ਦਾ “ਰੀ-ਸਰਕੂਲਰ ਮੋਡ” ਵਰਤੋ, ਤੰਬਾਕੂ ਉਤਪਾਦਾਂ ਤੋਂ ਦੂਰ ਰਹੋ, ਜਨਤਕ ਆਵਾਜਾਈ ਦੀ ਵਰਤੋਂ ਕਰੋ ਅਤੇ ਘਰ ਦੇ ਅੰਦਰ ਮੱਛਰ ਕੋਇਲ ਜਾਂ ਅਗਰਬੱਤੀ ਸਾੜਨ ਤੋਂ ਬਚੋ, ਦੀਵਾਲੀ ਦੌਰਾਨ ਘਰ ਦੇ ਅੰਦਰ ਰਹੋ ਅਤੇ ਜੇ ਕਿਸੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲਵੋ।

ਡਾ. ਸੁਖਵਿੰਦਰਜੀਤ ਸਿੰਘ ਨੇ ਜਨਤਾ ਨੂੰ ਅਪੀਲ ਕੀਤੀ ਕਿ ਸਾਫ ਸਾਹ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਹਰ ਵਿਅਕਤੀ ਦੁਆਰਾ ਲਗਾਇਆ ਰੁੱਖ ਪ੍ਰਦੂਸ਼ਣ-ਮੁਕਤ ਭਵਿੱਖ ਵੱਲ ਇੱਕ ਕਦਮ ਹੈ।