ਸਾਫ਼ ਰੋਪੜ ਮੁਹਿੰਮ ਤਹਿਤ ਸ਼ਹਿਰ ਦਾ ਸੁੰਦਰੀਕਰਨ ਕਰਨ ਚ ਹਰ ਨਾਗਰਿਕ ਦਾ ਸਹਿਯੋਗ ਜਰੂਰੀ: ਐਸ.ਡੀ.ਐਮ ਸਚਿਨ ਪਾਠਕ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਸਾਫ਼ ਰੋਪੜ ਮੁਹਿੰਮ ਤਹਿਤ ਸ਼ਹਿਰ ਦਾ ਸੁੰਦਰੀਕਰਨ ਕਰਨ ਚ ਹਰ ਨਾਗਰਿਕ ਦਾ ਸਹਿਯੋਗ ਜਰੂਰੀ: ਐਸ.ਡੀ.ਐਮ ਸਚਿਨ ਪਾਠਕ
ਨਹਿਰ ਦੇ ਨਾਲ ਪੁਰਾਣੇ ਪਟਵਾਰਖਾਨੇ ਤੱਕ ਚੱਲ ਰਹੀ ਸਫਾਈ ਦਾ ਐਸ.ਡੀ.ਐਮ ਨੇ ਲਿਆ ਜਾਇਜ਼ਾ
ਰੂਪਨਗਰ, 25 ਅਪ੍ਰੈਲ: ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਵੱਲੋਂ ਸ਼ੁਰੂ ਕੀਤੀ ਗਈ ਸਾਫ਼ ਰੋਪੜ ਮੁਹਿੰਮ ਤਹਿਤ ਸ਼ਹਿਰ ਦਾ ਸੁੰਦਰੀਕਰਨ ਕਰਨ ਵਿੱਚ ਹਰ ਨਾਗਰਿਕ ਦਾ ਸਹਿਯੋਗ ਜਰੂਰੀ ਹੈ ਤਾਂ ਹੀ ਅਸੀਂ ਰੋਪੜ ਦਾ ਰੂਪਾਂਤਰਣ ਕਰਕੇ ਇਸ ਨੂੰ ਦੇਸ਼ ਦੇ ਸਭ ਤੋ ਸਾਫ਼ ਸ਼ਹਿਰਾਂ ਵਿਚ ਮੋਹਰੀ ਬਣਾਉਣ ਵਿਚ ਸਫਲ ਹੋ ਸਕਦੇ ਹਾਂ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਸ.ਡੀ.ਐਮ ਸਚਿਨ ਪਾਠਕ ਨੇ ਸਰਹਿੰਦ ਨਹਿਰ ਉਤੇ ਬਣੇ ਪੁਰਾਣੇ ਪੁੱਲ ਤੋਂ ਜ਼ਿਲ੍ਹਾ ਪ੍ਰੀਸ਼ਦ ਤੱਕ ਚੱਲ ਰਹੀ ਸਫਾਈ ਦਾ ਜਾਇਜ਼ਾ ਲੈਂਦਿਆਂ ਕੀਤਾ।
ਐੱਸ ਡੀ ਐੱਮ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੂਪਨਗਰ ਸ਼ਹਿਰ ਨੂੰ ਸਾਫ ਰੱਖਣ ਲਈ ਮੁਹਿੰਮ ਵਿੱਢੀ ਹੋਈ ਹੈ, ਇਸੇ ਲੜੀ ਤਹਿਤ ਹੁਣ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਨਗਰ ਕੌਂਸਲ ਦਫ਼ਤਰ ਤੋਂ ਨਹਿਰ ਦੇ ਨਾਲ-ਨਾਲ ਪੁਰਾਣੇ ਪਟਵਾਰਖਾਨੇ ਤੱਕ ਸਫਾਈ ਕੀਤੀ ਜਾ ਰਹੀ ਹੈ ਜਿਸ ਦੀ ਸ਼ਹਿਰ ਵਾਸੀਆਂ ਵੱਲੋਂ ਵਿਆਪਕ ਪੱਧਰ ਉਤੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਇਸ ਮੌਕੇ ਉਨ੍ਹਾਂ ਸਫਾਈ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਵੱਲੋਂ ਕੀਤੀ ਜਾ ਰਹੀ ਸਖਤ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਰੋਪੜ ਦੀ ਸਫ਼ਾਈ ਮੁਹਿੰਮ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਸ਼ਹਿਰ ਦੇ ਹਰ ਸੜਕ ਨੂੰ ਸਾਫ ਸੁਥਰਾ ਕਰਕੇ ਇੱਕ ਮਨਮੋਹਿਕ ਵਾਤਾਵਰਣ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਸਚਿਨ ਪਾਠਕ ਨੇ ਕਿਹਾ ਕਿ ਰੋਪੜ ਸ਼ਹਿਰ ਨੂੰ ਸਫਾਈ ਪੱਖੋਂ ਪਹਿਲੇ ਨੰਬਰ ਉੱਤੇ ਲਿਆਉਣ ਲਈ ਸ਼ਹਿਰ ਵਾਸੀਆਂ ਨੂੰ ਆਪਣਾ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੇ ਸਹਿਯੋਗ ਤੋਂ ਬਿਨਾਂ ਇਹ ਮਿਸ਼ਨ ਪੂਰਾ ਨਹੀਂ ਹੋ ਸਕਦਾ ਅਤੇ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਰੱਖਣਾ ਚਾਹੀਦਾ ਹੈ ਅਤੇ ਘਰ ਤੋਂ ਬਾਹਰ ਸੜਕਾਂ, ਪਾਰਕਾਂ ਅਤੇ ਕਿਤੇ ਵੀ ਕੂੜਾ ਸੁੱਟਣ ਦੀ ਬਜਾਏ ਉਥੋਂ ਦੀ ਸਾਫ ਸਫਾਈ ਦਾ ਖਿਆਲ ਰੱਖਣਾ ਚਾਹੀਦਾ ਹੈ।
ਇਸ ਮੌਕੇ ਸੈਂਟਰੀ ਇੰਸਪੈਕਟਰ ਮਲਕੀਤ ਸਿੰਘ, ਨਗਰ ਕੌਂਸਲ ਕਲਰਕ ਨਵਤੇਜ ਸਿੰਘ, ਲਵਲੀ ਸ਼ਰਮਾ ਅਤੇ ਸਫਾਈ ਕਰਮਚਾਰੀ ਹਾਜਰ ਸਨ।