ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਪਿੰਡਾਂ ਨੂੰ ਸਾਫ-ਸੁਥਰਾ ਬਣਾ ਕੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ: ਡਿਪਟੀ ਕਮਿਸ਼ਨਰ
ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਪਿੰਡਾਂ ਨੂੰ ਸਾਫ-ਸੁਥਰਾ ਬਣਾ ਕੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ: ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਵੱਲੋਂ ਮਿਸ਼ਨ ਦੇ ਕੰਮਾਂ ਦੀ ਪ੍ਰਗਤੀ ਸਬੰਧੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਫਸਰਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
100 ਜਾਂ 100 ਤੋਂ ਘੱਟ ਘਰਾਂ ਵਾਲੇ ਪਿੰਡਾਂ ਨੂੰ ਪਹਿਲ ਦੇ ਅਧਾਰ ਤੇ ਠੋਸ ਅਤੇ ਤਰਲ ਕੂੜਾ ਪ੍ਰਬੰਧਨ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ
ਰੂਪਨਗਰ, 05 ਸਤੰਬਰ: ਸਵੱਛ ਭਾਰਤ ਮਿਸ਼ਨ ਗ੍ਰਾਮੀਣ ਭਾਰਤ ਸਰਕਾਰ ਵਲੋਂ ਚਲਾਈ ਗਈ ਇੱਕ ਬਹੁਤ ਹੀ ਅਹਿਮ ਮੁਹਿੰਮ ਹੈ ਜਿਸ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਪਿੰਡ ਵਾਸੀਆਂ ਦੀ ਭਾਗੀਦਾਰੀ ਰਾਹੀਂ ਆਪਣੇ ਘਰ ਅਤੇ ਪਿੰਡਾਂ ਨੂੰ ਸਾਫ-ਸੁਥਰਾ ਬਣਾ ਕੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਦੇ ਕੰਮਾਂ ਦੀ ਪ੍ਰਗਤੀ ਸਬੰਧੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਫਸਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਦਿਆਂ ਕੀਤਾ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਰੂਪਨਗਰ ਅਧੀਨ ਪਿੰਡਾਂ ਵਿੱਚ ਕਰਵਾਏ ਜਾ ਰਹੇ ਠੋਸ ਕੂੜਾ ਪ੍ਰਬੰਧਨ ਅਤੇ ਤਰਲ ਕੂੜਾ ਪ੍ਰਬੰਧਨ ਦੇ ਕੰਮਾਂ ਬਾਰੇ ਅਤੇ ਇਸ ਉਪਰੰਤ ਓ.ਡੀ.ਐੱਫ ਪਲੱਸ ਕੀਤੇ ਜਾ ਚੁੱਕੇ ਅਤੇ ਮਹੀਨਾ ਸਤੰਬਰ ਅਤੇ ਅਕਤੂਬਰ 2023 ਦੌਰਾਨ ਹੋਰ ਓ.ਡੀ.ਐੱਫ ਪਲੱਸ ਕੀਤੇ ਜਾਣ ਵਾਲੇ ਪਿੰਡਾਂ ਦੇ ਕਾਰਜਾਂ ਦੀ ਵੇਰਵੇ ਸਹਿਤ ਨਿਰੀਖਣ ਕੀਤਾ।
ਇਸ ਮੀਟਿੰਗ ਵਿੱਚ ਜਿਲ੍ਹਾ ਸੈਨੀਟੇਸ਼ਨ ਅਫਸਰ ਰੂਪਨਗਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਹੁਣ ਤੱਕ 161 ਪਿੰਡਾਂ ਨੂੰ ਓ.ਡੀ.ਐੱਫ ਪਲੱਸ ਘੋਸ਼ਿਤ ਕਰ ਦਿੱਤਾ ਗਿਆ ਹੈ ਜਿਸ ਨਾਲ ਜ਼ਿਲ੍ਹਾ ਰੂਪਨਗਰ ਹਲਕੇ ਹਰੇ ਰੰਗ ਦੇ ਜੋਨ ਵਿੱਚ ਆ ਗਿਆ ਹੈ।
ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਰੂਪਨਗਰ ਦੇ ਜਿਹੜੇ ਪਿੰਡਾਂ ਵਿੱਚ 100 ਜਾਂ 100 ਤੋਂ ਘੱਟ ਘਰ ਹਨ, ਉਹਨਾਂ ਪਿੰਡਾਂ ਵਿੱਚ ਪਹਿਲ ਦੇ ਅਧਾਰ ਤੇ ਠੋਸ ਅਤੇ ਤਰਲ ਕੂੜਾ ਪ੍ਰਬੰਧਨ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ ਅਤੇ ਇਹਨਾਂ ਪਿੰਡਾਂ ਨੂੰ ਓ.ਡੀ.ਐੱਫ ਪਲੱਸ ਮਾਡਲ ਪਿੰਡ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਮੁੱਖ ਕਾਰਜਕਾਰੀ ਅਫਸਰ, ਜ਼ਿਲ੍ਹਾ ਪ੍ਰੀਸ਼ਦ ਰੂਪਨਗਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਅਤੇ ਸਮੂਹ ਬੀ.ਡੀ.ਪੀ.ਓਜ਼ ਨੂੰ ਹਦਾਇਤ ਕੀਤੀ ਗਈ ਕਿ ਬਕਾਇਆ ਰਹਿੰਦੇ ਠੋਸ ਕੂੜਾ ਪ੍ਰਬੰਧਨ ਅਤੇ ਤਰਲ ਕੂੜਾ ਪ੍ਰਬੰਧਨ ਦੇ ਕੰਮਾਂ ਨੂੰ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਜ਼ਿਲ੍ਹਾ ਰੂਪਨਗਰ ਦਾ ਓ.ਡੀ.ਐੱਫ ਪਲੱਸ ਦਾ ਟੀਚਾ ਸਮੇਂ ਸਿਰ ਪ੍ਰਾਪਤ ਕੀਤਾ ਜਾ ਸਕੇ ਅਤੇ ਪਿੰਡਾਂ ਨੂੰ ਸਾਫ-ਸੁਥਰਾ ਰੱਖਿਆ ਜਾ ਸਕੇ।