ਸਰਕਾਰੀ ਕਾਲਜ ਰੋਪੜ ਵਿਖੇ ਕੈਟ ਦੀ ਮੁਫ਼ਤ ਟਰੇਨਿੰਗ ਲਈ ਲੜਕੀਆਂ ਨੂੰ ਕੀਤਾ ਗਿਆ ਜਾਗਰੂਕ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸਰਕਾਰੀ ਕਾਲਜ ਰੋਪੜ ਵਿਖੇ ਕੈਟ ਦੀ ਮੁਫ਼ਤ ਟਰੇਨਿੰਗ ਲਈ ਲੜਕੀਆਂ ਨੂੰ ਕੀਤਾ ਗਿਆ ਜਾਗਰੂਕ
ਰੂਪਨਗਰ, 25 ਮਾਰਚ: ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਕਾਮਰਸ ਵਿਭਾਗ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਪੰਜਾਬ 100 ਮਿਸ਼ਨ ਸਬੰਧੀ ਇਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਵਰਕਸ਼ਾਪ ਵਿੱਚ ਬਲਾਕ ਮਿਸ਼ਨ ਮੈਨੇਜਰ, ਪੀ.ਐੱਸ.ਡੀ.ਐੱਮ. ਰੂਪਨਗਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਸੋਨੀ ਗੋਇਲ, ਆਈ.ਆਈ.ਐੱਮ. ਅਹਿਮਦਾਬਾਦ, ਡਾਇਰੈਕਟਰ ਐਂਡ ਫਾਊਂਡਰ ਪਰਿਯਾਸ ਅਤੇ ਪੰਜਾਬ -100 ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ। ਉਨ੍ਹਾਂ ਵੱਲੋਂ ਇਸ ਮੌਕੇ ਮੌਜੂਦ ਵਿਦਿਆਰਥਣਾਂ ਨੂੰ ਪੰਜਾਬ-100 ਸੀਜਨ -3 ਬਾਰੇ ਵਿਸ਼ਥਾਰ ਨਾਲ ਸਮਝਾਇਆ ਗਿਆ ਅਤੇ ਦੱਸਿਆ ਕਿ ਇਹ ਮਿਸ਼ਨ ਪੰਜਾਬ ਅਤੇ ਆਲ਼ੇ-ਦੁਆਲ਼ੇ ਦੇ ਖੇਤਰਾਂ ਦੀਆਂ ਵਿਦਿਆਰਥਣਾਂ ਦੇ ਸ਼ਸ਼ਕਤੀਕਰਨ ਤੇ ਕੇਂਦਰਿਤ ਇੱਕ ਪਹਿਲ ਹੈ। ਪੰਜਾਬ ਮਿਸ਼ਨ-100 ਵੱਲੋਂ 100 ਯੋਗ ਵਿਦਿਆਰਥਣਾਂ ਨੂੰ ਦੇਸ਼ ਦੇ ਆਈ.ਆਈ.ਐੱਮ. ਅਤੇ ਹੋਰ ਪ੍ਰਮੁੱਖ ਬਿਜਨਸ ਸਕੂਲਾਂ ਵਿੱਚ ਦਾਖ਼ਲਾ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਮੁਫ਼ਤ ਕੈਟ ਕੋਚਿੰਗ ਮਿਲੇਗੀ।
ਕਾਲਜ ਵਾਈਸ ਪ੍ਰਿੰਸੀਪਲ ਡਾ. ਸੁਖਜਿੰਦਰ ਕੌਰ ਵੱਲੋਂ ਵੱਧ ਤੋਂ ਵੱਧ ਵਿਦਿਆਰਥਣਾਂ ਨੂੰ ਇਸ ਸੁਨਿਹਰੇ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ 115 ਵਿਦਿਆਰਥਣਾਂ ਤੋਂ ਇਲਾਵਾ ਕਾਲਜ ਸਟਾਫ ਮੈਂਬਰ ਡਾ. ਨਿਰਮਲ ਸਿੰਘ ਬਰਾੜ, ਪ੍ਰੋ. ਕੁਲਦੀਪ ਕੌਰ, ਪ੍ਰੋ. ਰੇਨੂ ਅਤੇ ਪ੍ਰੋ. ਲਵਲੀਨ ਵਰਮਾ ਸ਼ਾਮਲ ਸਨ।