ਵੋਟਰ ਰਜਿਸ਼ਟਰੇਸ਼ਨ ਲਈ ਵਰਤੇ ਜਾਣ ਵਾਲੇ ਫਾਰਮਾਂ ਵਿਚ ਸੋਧ: ਡਾ. ਪ੍ਰੀਤੀ ਯਾਦਵ

ਵੋਟਰ ਰਜਿਸ਼ਟਰੇਸ਼ਨ ਲਈ ਵਰਤੇ ਜਾਣ ਵਾਲੇ ਫਾਰਮਾਂ ਵਿਚ ਸੋਧ: ਡਾ. ਪ੍ਰੀਤੀ ਯਾਦਵ
ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ
ਵੋਟਰ ਰਜਿਸ਼ਟਰੇਸ਼ਨ ਲਈ ਵਰਤੇ ਜਾਣ ਵਾਲੇ ਫਾਰਮਾਂ ਵਿਚ ਸੋਧ: ਡਾ. ਪ੍ਰੀਤੀ ਯਾਦਵ
ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਸਬੰਧੀ ਮੁਹਿੰਮ ਜਾਰੀ
ਰੂਪਨਗਰ, 12 ਅਗਸਤ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਵੋਟਰ ਰਜਿਸ਼ਟਰੇਸ਼ਨ ਲਈ ਵਰਤੇ ਜਾਣ ਵਾਲੇ ਫਾਰਮ 6,7,8,11, 11ਏ, 11ਬੀ ਵਿੱਚ ਸੋਧ ਕੀਤੀ ਗਈ ਹੈ।
ਫਾਰਮ ਨੰ. 6 ਨਵੀਂ ਵੋਟ ਬਣਾਉਣ ਲਈ ਵਰਤਿਆ ਜਾਵੇਗਾ। ਇਸ ਤੋਂ ਇਲਾਵਾ ਬਿਨੈਕਾਰ ਵੱਲੋਂ ਫਾਰਮ ਵਿੱਚ ਆਪਣੇ ਆਧਾਰ ਕਾਰਡ ਦੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਫਾਰਮ ਵਿੱਚ ਮਾਤਾ/ਪਿਤਾ ਦੀ ਥਾਂ ਲੀਗਲ ਗਾਰਡੀਅਨ ਦਾ ਨਾਮ ਦਰਜ ਕਰਨ ਦੀ ਪ੍ਰੋਵੀਜ਼ਨ ਵੀ ਦਿੱਤੀ ਗਈ ਹੈ। ਜਨਮ ਮਿਤੀ, ਰਿਹਾਇਸ਼ ਪਰੂਫ ਵਜੋਂ ਮਨਜ਼ੂਰਸ਼ੁਦਾ ਦਸਤਾਵੇਜ਼ਾਂ ਨੂੰ ਫਾਰਮ ਵਿੱਚ ਅੰਕਿਤ ਕੀਤਾ ਗਿਆ ਹੈ। ਦਿਵਿਆਂਗ ਬਿਨੈਕਾਰਾਂ ਵੱਲੋਂ ਫਾਰਮ 6 ਵਿੱਚ ਆਪਣੀ ਵਿਕਲਾਂਗਤਾ ਦੀ ਕੈਟਾਗਿਰੀ ਅਤੇ ਪ੍ਰਤੀਸ਼ਤਤਾ ਬਾਰੇ ਘੋਸ਼ਣਾ ਕਰਨ ਸਬੰਧੀ ਕਾਲਮ ਐਡ ਕੀਤਾ ਗਿਆ ਹੈ।
ਫਾਰਮ ਨੰ. 7 ਵਿੱਚ ਵੋਟ ਕੱਟਣ ਸਬੰਧੀ ਇਤਰਾਜ਼ ਕੀਤਾ ਜਾ ਸਕਦਾ ਹੈ। ਵੋਟਰ ਦੀ ਮੌਤ ਹੋਣ ਦੀ ਸੂਰਤ ਵਿੱਚ ਬਿਨੈਕਾਰ ਵੱਲੋਂ ਮੌਤ ਦੇ ਪ੍ਰਮਾਣ ਪੱਤਰ ਦੀ ਕਾਪੀ ਨੱਥੀ ਕਰਨੀ ਜ਼ਰੂਰੀ ਹੈ ਅਤੇ ਜਿਸ ਵਿਅਕਤੀ ਦੇ ਸਬੰਧ ਵਿੱਚ ਇਤਰਾਜ਼ ਕੀਤਾ ਗਿਆ ਹੈ, ਬਿਨੈਕਾਰ ਵੱਲੋਂ ਉਸਦਾ ਨਾਮ ਅਤੇ ਪਤੇ ਬਾਰੇ ਜਾਣਕਾਰੀ ਫਾਰਮ ਵਿੱਚ ਭਰੀ ਜਾਣੀ ਹੈ।
ਫਾਰਮ ਨੰ. 8 ਵਿੱਚ ਬਿਨੈਕਾਰ ਵੱਲੋਂ ਵੋਟਰ ਸੂਚੀ ਵਿੱਚ ਆਪਣੇ ਵੇਰਵਿਆਂ ਦੀ ਸੋਧ, ਡੁਪਲੀਕੇਟ ਵੋਟਰ ਕਾਰਡ ਜਾਰੀ ਕਰਨ ਲਈ, ਵੋਟਰ ਸੂਚੀ ਵਿੱਚ ਮਾਰਕ ਕਰਵਾਉਣ ਲਈ ਬਿਨੈ ਦਿੱਤਾ ਜਾ ਸਕਦਾ ਹੈ।
ਸਾਰੇ ਸੋਧੇ ਹੋਏ ਨਵੇਂ ਫਾਰਮ ਮਿਤੀ 01, ਅਗਸਤ,2022 ਤੋਂ ਲਾਗੂ ਹੋ ਗਏ ਹਨ। ਫਾਰਮ ਹਾਰਡ ਕਾਪੀ ਦੇ ਰੂਪ ਵਿੱਚ ਜ਼ਿਲ੍ਹਾ ਚੋਣ ਦਫ਼ਤਰ ਪਾਸ ਉਪਲੱਬਧ ਹਨ। ਬੀ ਐਲ ਓਜ਼/ ਈ ਆਰ ਓਜ਼ ਦੇ ਦਫ਼ਤਰ ਤੋਂ ਇਲਾਵਾ ਆਨਲਾਈਨ ਫਾਰਮ ਐਨ ਵੀ ਐਸ ਪੀ ਪੋਰਟਲ, ਵੋਟਰ ਪੋਰਟਲ ਜਾਂ ਵੋਟਰ ਹੈਲਪ ਲਾਈਨ ਐਪ ਰਾਹੀਂ ਵੀ ਭਰਨ ਲਈ ਉਪਲੱਬਧ ਹਨ। ਇਸ ਤੋਂ ਇਲਾਵਾ ਇਹ ਸਾਰੇ ਫਾਰਮ ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਦੀ ਆਫ਼ੀਸ਼ੀਅਲ ਵੈਬਸਾਈਟ www.eci.gov.in, www.ceopunjab.gov.in ਤੋਂ ਵੀ ਪੀ.ਡੀ.ਐਫ਼ ਫਾਰਮੈਂਟ ਵਿੱਚ ਡਾਊਨਲੋਡ ਕੀਤੇ ਜਾ ਸਕਦੇ ਹਨ।
ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਸਬੰਧੀ ਮਿਤੀ 01.08.2022 ਤੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦਾ ਮੁੱਖ ਮੰਤਵ ਵੋਟਰ ਸੂਚੀ ਵਿੱਚ ਦਰਜ ਵੋਟਰਾਂ ਦੀ ਤਸਦੀਕੀ ਕਰਨਾ ਅਤੇ ਸੰਭਾਵੀ ਤੌਰ ਉੱਤੇ ਇੱਕ ਹਲਕੇ ਤੋਂ ਵੱਧ ਜਾਂ ਇੱਕ ਹਲਕੇ ਵਿੱਚ ਇੱਕ ਤੋਂ ਵੱਧ ਜਗ੍ਹਾ ‘ਤੇ ਬਣੀਆਂ ਡੁਪਲੀਕੇਟ ਵੋਟਾਂ ਦੀ ਸ਼ਨਾਖਤ ਕਰਨਾ ਹੈ ਤਾਂ ਜ਼ੋ ਵੋਟਰ ਸੂਚੀ ਵਿੱਚ ਸੁਧਾਰ ਲਿਆਂਦਾ ਜਾ ਸਕੇ ਅਤੇ ਪੋਲ ਪ੍ਰਤੀਸ਼ਤਤਾ ਵਿੱਚ ਵਾਧਾ ਹੋ ਸਕੇ ਅਤੇ ਭਾਰਤੀ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਇਸ ਮੁਹਿੰਮ ਨੂੰ ਮਿਤੀ 31 ਮਾਰਚ 2023 ਤੱਕ 100 ਫ਼ੀਸਦ ਸਫ਼ਲਤਾ ਪੂਰਵਕ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਮੌਜੂਦਾ ਵੋਟਰ ਸੂਚੀ ਵਿੱਚ ਰਜਿਸਟਰਡ ਵੋਟਰਾਂ ਵੱਲੋਂ ਵੋਟਰ ਕਾਰਡ ਨਾਲ ਆਧਾਰ ਕਾਰਡ ਲਿੰਕ ਕਰਵਾਉਣ ਲਈ ਫਾਰਮ 6 ਬੀ ਭਰ ਕੇ ਸਬੰਧਤ ਬੀ.ਐਲ.ਓ ਦੁਆਰਾ GARUDA ਐਪ ਰਾਹੀਂ ਪ੍ਰੋਸੈਸ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੋਟਰ ਘਰ ਬੈਠੇ ਆਨਲਾਈਨ ਵੈਬਪੋਰਟਲ ਭਾਵ NVSP, Voter Portal or Voter Helpline Mobile ਐਪ ਦੀ ਵਰਤੋਂ ਕਰਦੇ ਹੋਏ ਰਜਿਸਟਰਡ ਮੋਬਾਇਲ ਨੰਬਰ ‘ਤੇ ਆਉਣ ਵਾਲੇ OTP ਰਾਹੀਂ ਆਪਣੇ ਵੋਟਰ ਕਾਰਡ ਨਾਲ ਆਧਾਰ ਕਾਰ ਲਿੰਕ ਕਰਨ ਸਕਦੇ ਹਾਂ।
ਭਾਰਤੀ ਚੋਣ ਕਮਿਸ਼ਨ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ, ਕਿ ਆਧਾਰ ਕਾਰਡ ਦੀ ਜਾਣਕਾਰੀ ਸਾਂਝੀ ਕਰਨਾ ਵੋਟਰ ਦੀ ਸਵੈ-ਇੱਛਾ ‘ਤੇ ਨਿਰਭਰ ਹੈ। ਜੇਕਰ ਕਿਸੇ ਵੋਟਰ ਪਾਸ ਆਧਾਰ ਕਾਰਡ ਨਹੀਂ ਹੈ, ਤਾਂ ਉਸ ਨੂੰ ਫਾਰਮ 6 ਬੀ ਵਿੱਚ ਅੰਕਿਤ 11 ਦਸਤਾਵੇਜ਼ਾਂ ਵਿੱਚੋਂ ਕਿਸੇ ਇੱਕ ਤਸਦੀਕੀ ਦਸਤਾਵੇਜ਼ ਨੂੰ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ।
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੌਜੂਦਾ ਵੋਟਰ ਸੂਚੀ ਵਿੱਚ ਦਰਜ ਵੋਟਰਾਂ ਪਾਸੋਂ ਆਧਾਰ ਕਾਰਡਾਂ ਦੀ ਜਾਣਕਾਰੀ ਇਕੱਤਰ ਕਰਨ ਲਈ ਜ਼ਿਲ੍ਹੇ ਦੇ ਬੀ.ਐਲ.ਓਜ਼ ਦੁਆਰਾ ਪੋਲਿੰਗ ਸਟੇਸ਼ਨਾਂ ‘ਤੇ 04.09.2022 ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ ਅਤੇ ਇਨ੍ਹਾਂ ਕੈਂਪਾਂ ਦੌਰਾ ਬੀ.ਐਲ.ਓਜ਼ ਦੁਆਰਾ ਵੋਟਰਾਂ ਪਾਸੋਂ ਫਾਰਮ 6 ਬੀ ਦਸਤੀ ਪ੍ਰਾਪਤ ਕੀਤੇ ਜਾਣਗੇ।
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1500 ਤੋਂ ਵੱਧ ਵੋਟਾਂ ਵਾਲੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕਰਨ ਉਪਰੰਤ ਰਿਪੋਰਟ 06.09.2022 ਤੱਕ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ ਤੇ ਜ਼ਿਲ੍ਹਾ ਰੂਪਨਗਰ ਵਿੱਚ 1500 ਤੋਂ ਵੱਧ ਵੋਟਾਂ ਵਾਲਾ ਕੋਈ ਵੀ ਪੋਲਿੰਗ ਸਟੇਸ਼ਨ ਨਹੀਂ ਹੈੈ। ਇਸ ਦੇ ਨਾਲ ਨਾਲ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਆਪਣੇ ਵਿਧਾਨ ਸਭਾ ਚੋਣ ਹਲਕੇ ਦੇ ਸਾਰੇ ਪੋਲਿੰਗ ਸਟੇਸ਼ਨਾਂ ਦੀ 100 ਫ਼ੀਸਦ ਫਿਜੀਕਲ ਵੈਰੀਫਿਕੇਸ਼ਨ ਕਰਵਾਉਣੀ ਯਕੀਨੀ ਬਣਾਉਣਗੇ।
ਡਿਪਟੀ ਕਮਿਸ਼ਨਰ ਨੇ ਵੱਖੋ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਜੇਕਰ ਪੋਲਿੰਗ ਸਟੇਸ਼ਨਾਂ ਤੇ ਬੂਥਾਂ ਅਤੇ ਵੋਟਰ ਸੂਚੀਆਂ ਸਬੰਧੀ ਕੋਈ ਦਿੱਕਤ ਜਾਂ ਸੁਝਾਅ ਹੋਣ ਤਾਂ ਉਹ ਜ਼ਰੂਰ ਧਿਆਨ ਵਿੱਚ ਲਿਆਂਦੇ ਜਾਣ। ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਹਰਜੋਤ ਕੌਰ, ਤਹਿਸੀਲਦਾਰ (ਚੋਣਾਂ) ਅਮਨਦੀਪ ਸਿੰਘ, ਆਮ ਆਦਮੀ ਪਾਰਟੀ ਤੋਂ ਹਰਮਿੰਦਰ ਸਿੰਘ, ਰਾਮ ਕੁਮਾਰ ਮੁਕਾਰੀ ਤੇ ਸੰਦੀਪ ਜੋਸ਼ੀ, ਬੀ.ਜੀ.ਪੀ. ਵਲੋਂ ਵਿਪਨ ਸ਼ਰਮਾ, ਪੰਜਾਬ ਲੋਕ ਕਾਂਗਰਸ ਵਲੋਂ ਜਰਨੈਲ ਸਿੰਘ, ਸੀ.ਪੀ.ਆਈ.ਐਮ ਵਲੋਂ ਗੁਰਦੇਵ ਸਿੰਘ ਬਾਗੀ , ਲਖਵੀਰ ਸਿੰਘ ਤੇ ਸੁਖਵੀਰ ਸਿੰਘ, ਕਾਂਗਰਸ ਤੋਂ ਅਸ਼ਵਨੀ ਸ਼ਰਮਾ, ਬਹੁਜਨ ਸਮਾਜ ਪਾਰਟੀ ਤੋਂ ਐਡਵੋਕੇਟ ਚਰਨਜੀਤ ਸਿੰਘ ਘਈ ਹਾਜ਼ਰ ਸਨ।