ਵਾਹਨ ਚਲਾਉਣ ਸਮੇਂ ਟਰੈਫਿਕ ਨਿਯਮਾ ਦੀ ਪਾਲਣਾ ਕਰਨਾ ਬੇਹੱਦ ਜਰੂਰੀ – ਡਿਪਟੀ ਕਮਿਸ਼ਨਰ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਵਾਹਨ ਚਲਾਉਣ ਸਮੇਂ ਟਰੈਫਿਕ ਨਿਯਮਾ ਦੀ ਪਾਲਣਾ ਕਰਨਾ ਬੇਹੱਦ ਜਰੂਰੀ – ਡਿਪਟੀ ਕਮਿਸ਼ਨਰ
11 ਤੋ 17 ਜਨਵਰੀ ਤੱਕ ਮਨਾਇਆ ਜਾਵੇਗਾ “ਸੜਕ ਸੁਰੱਖਿਆ ਸਪਤਾਹ”
“ਸੁਰੱਖਿਅਤ ਪੰਜਾਬ-ਸੋਹਣਾ ਪੰਜਾਬ” ਤਹਿਤ ਜ਼ਿਲ੍ਹੇ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਕੀਤਾ ਜਾਵੇਗਾ ਜਾਗਰੂਕ
ਰੂਪਨਗਰ, 12 ਜਨਵਰੀ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਿੱਚ 11 ਤੋ 17 ਜਨਵਰੀ ਤੱਕ “ਸੜਕ ਸੁਰੱਖਿਆ ਸਪਤਾਹ” ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਅਤ ਪੰਜਾਬ-ਸੋਹਣਾ ਪੰਜਾਬ ਤਹਿਤ ਸੂਬੇ ਦੇ ਆਮ ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸੜਕ ‘ਤੇ ਵਾਹਨ ਚਲਾਉਣ ਤੋਂ ਪਹਿਲਾਂ ਸਾਰੀਆਂ ਸੁਰੱਖਿਆ ਸਬੰਧੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਆਵਾਜਾਈ ਨਿਯਮਾਂ ਦੀ ਹਮੇਸ਼ਾਂ ਪਾਲਣਾ ਕਰਨੀ ਸਾਨੂੰ ਆਪਣੇ ਤੇ ਆਪਣੇ ਪਰਿਵਾਰ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਪਰਿਵਾਰਕ ਮੈਂਬਰ ਸਾਡੀ ਹਮੇਸ਼ਾ ਘਰ ਦੇ ਵਿੱਚ ਇੰਤਜ਼ਾਰ ਕਰ ਰਹੇ ਹੁੰਦੇ ਹਨ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਵਾਹਨ ਚਲਾਉਣ ਸਮੇਂ ਟਰੈਫਿਕ ਨਿਯਮਾ ਦੀ ਪਾਲਣਾ ਕਰਨਾ ਬੇਹੱਦ ਜਰੂਰੀ ਹੈ। ਚਾਰ ਪਹੀਆ ਵਾਹਨ ਚਲਾਉਣ ਸਮੇਂ ਸੀਟ ਬੈਲਟ ਤੇ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਜਰੂਰ ਪਹਿਨੀਆਂ ਜਾਵੇ। ਉਨ੍ਹਾਂ ਨੇ ਕਿਹਾ ਕਿ ਸਮੇਂ ਸਮੇਂ ਤੇ ਵਾਹਨਾਂ ਦੀ ਲਾਈਟ ਤੇ ਇੰਡੀਕੇਟਰ ਚੈਕ ਕੀਤੇ ਜਾਣ, ਰਾਤ ਸਮੇਂ ਡਿੱਪਰ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸੜਕਾਂ ਤੇ ਲੱਗੇ ਸਾਈਨ ਬੋਰਡ ਬਾਰੇ ਹਰ ਵਾਹਨ ਚਾਲਕ ਨੂੰ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਅਤੇ ਵਾਹਨ ਓਵਰ ਟੇਕ ਕਰਨ ਸਮੇਂ ਨਿਯਮਾਂ ਦਾ ਪਾਲਣ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸਾਰੇ ਸਕੂਲਾਂ ਨੂੰ ਇਸ ਸਬੰਧ ਵਿੱਚ ਸੈਮੀਨਾਰ ਕਰਵਾਉਣ ਅਤੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ ਉਪਰਾਲੇ ਕਰਨ ਲਈ ਨਿਰਦੇਸ਼ ਦਿੱਤੇ ਜਾ ਰਹੇ ਹਨ। ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵਿਦਿਆਰਥੀਆਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਸਾਰੇ ਮਾਪਦੰਢ ਅਪਨਾਉਣ ਲਈ ਨਿਰਦੇਸ਼ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਟਰੈਫਿਕ ਪੁਲਿਸ ਨੂੰ ਸਕੂਲਾਂ ਵਿੱਚ ਵਿਸ਼ੇਸ ਜਾਣਕਾਰੀ ਦੇਣ ਲਈ ਵੀ ਕਿਹਾ ਹੈ ਤਾਂ ਜੋਂ ਵਿਦਿਆਰਥੀਆਂ ਨੂੰ ਵੀ ਸੜਕੀ ਆਵਾਜਾਈ ਦੇ ਨਿਯਮਾ ਬਾਰੇ ਜਾਣਕਾਰੀ ਹੋਵੇ।