“ਵਰਲਡ ਹਾਈਪਰਟੈਨਸ਼ਨ ਜਾਗਰੂਕਤਾ ਮਹੀਨੇ” ਦੌਰਾਨ ਸਿਹਤ ਵਿਭਾਗ ਵੱਲੋਂ ਕਰਵਾਈਆਂ ਜਾਣਗੀਆਂ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ – ਸਿਵਲ ਸਰਜਨ ਰੂਪਨਗਰ

“ਵਰਲਡ ਹਾਈਪਰਟੈਨਸ਼ਨ ਜਾਗਰੂਕਤਾ ਮਹੀਨੇ” ਦੌਰਾਨ ਸਿਹਤ ਵਿਭਾਗ ਵੱਲੋਂ ਕਰਵਾਈਆਂ ਜਾਣਗੀਆਂ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ – ਸਿਵਲ ਸਰਜਨ ਰੂਪਨਗਰ
ਰੂਪਨਗਰ, 19 ਮਈ: ਸਿਹਤ ਵਿਭਾਗ ਪੰਜਾਬ ਵੱਲੋਂ 17 ਮਈ ਤੋਂ 17 ਜੂਨ 2025 ਤੱਕ “ਵਿਸ਼ਵ ਹਾਈਪਰਟੈਨਸ਼ਨ ਜਾਗਰੂਕਤਾ ਮਹੀਨਾ ” ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਖ-ਵੱਖ ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ, ਸਕੂਲਾਂ, ਕਾਲਜਾਂ ਅਤੇ ਪੰਚਾਇਤ ਪੱਧਰ ‘ਤੇ ਲੋਕਾਂ ਵਿਚ ਹਾਈ ਬਲੱਡ ਪ੍ਰੈਸ਼ਰ (ਉੱਚ ਰਕਤਚਾਪ) ਬਾਰੇ ਜਾਗਰੂਕਤਾ ਫੈਲਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਸਿਵਲ ਸਰਜਨ ਡਾ. ਸਵਪਨਜੀਤ ਕੌਰ ਨੇ ਦੱਸਿਆ ਕਿ ਹਾਈਪਰਟੈਨਸ਼ਨ ਹਾਰਟ ਅਟੈਕ, ਸਟ੍ਰੋਕ, ਕਿਡਨੀ ਫੇਲ ਅਤੇ ਦਿਮਾਗੀ ਬਿਮਾਰੀਆਂ ਵਾਂਗ ਖ਼ਤਰਨਾਕ ਪਰੀਣਾਮਾਂ ਦਾ ਮੁੱਖ ਕਾਰਨ ਹੈ। ਦੁਨੀਆ ਭਰ ਵਿੱਚ ਹਰ ਤੀਜੇ ਵਿਅਕਤੀ ਨੂੰ ਉੱਚ ਰਕਤਚਾਪ ਦੀ ਸਮੱਸਿਆ ਹੈ ਅਤੇ ਪੰਜਾਬ ਵਿੱਚ ਵੀ ਇਹ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਾਈਪਰਟੈਨਸ਼ਨ ਜਾਗਰੂਕਤਾ ਮਹੀਨੇ ਦੌਰਾਨ ਸ਼ਹਿਰ ਅਤੇ ਪਿੰਡ ਪੱਧਰ ‘ਤੇ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ‘ਚ ਮੁਫ਼ਤ ਬਲੱਡ ਪ੍ਰੈਸ਼ਰ ਜਾਂਚ ਕੈਂਪ ਲਗਾਏ ਜਾਣਗੇ, ਸਕੂਲਾਂ ਕਾਲਜਾਂ ਵਿੱਚ ਚਾਰਟ ਮੇਕਿੰਗ ਕੰਪਟੀਸ਼ਨ ਅਤੇ ਸਲੋਗਨ ਰਾਈਟਿੰਗ ਕੰਪਟੀਸ਼ਨ ਕਰਵਾਏ ਜਾਣਗੇ। ਬੱਸ ਸਟੈਂਡਾਂ, ਪਾਰਕਾਂ, ਰੇਲਵੇ ਸਟੇਸ਼ਨਾਂ ਵਿਖੇ ਆਮ ਲੋਕਾਂ ਨੂੰ ਗੈਰ ਸੰਚਾਰੀ ਰੋਗਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਮੁਹੱਲਾ ਕਲੀਨਿਕਾਂ ਅਤੇ ਮੋਬਾਈਲ ਯੂਨਿਟਾਂ ਰਾਹੀਂ ਪਿੰਡ-ਪਿੰਡ ਜਾਂਚ ਕੈਂਪ ਲਗਾਏ ਜਾਣਗੇ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਕੂਲਾਂ, ਕਾਲਜਾਂ ਅਤੇ ਸਮਾਜਕ ਸਥਾਨਾਂ ‘ਤੇ ਜਾਗਰੂਕਤਾ ਲੈਕਚਰ ਅਤੇ ਰੈਲੀਆਂ, ਪੋਸਟਰ ਮੁਕਾਬਲੇ, ਅਤੇ ਨੁੱਕਦ ਨਾਟਕ, ਸਾਈਕਲ ਰੈਲੀ, ਜਾਗਰੂਕਤਾ ਰੈਲੀਆਂ ਰਾਹੀਂ ਜਨਤਾ ਨੂੰ ਸੰਦੇਸ਼ ਦਿੱਤਾ ਜਾਵੇਗਾ। ਮੀਡੀਆ, ਰੇਡੀਓ, ਸਮਾਜਿਕ ਮੀਡੀਆ ਰਾਹੀਂ ਗੈਰ ਸੰਚਾਰੀ ਰੋਗਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਹਾਈਪਰਟੈਨਸ਼ਨ ਦਾ ਇਲਾਜ ਉਥੇ ਹੀ ਸ਼ੁਰੂ ਹੁੰਦਾ ਹੈ ਜਿੱਥੇ ਇਸ ਬਾਰੇ ਜਾਣਕਾਰੀ ਹੁੰਦੀ ਹੈ। ਜੇਕਰ ਲੋਕ ਨਿਯਮਿਤ ਤੌਰ ਤੇ ਆਪਣਾ ਬਲੱਡ ਪ੍ਰੈਸ਼ਰ ਜਾਂਚਣ, ਸਰੀਰਕ ਕਸਰਤ ਕਰਨ, ਘੱਟ ਨਮਕ ਖਾਣ, ਤਣਾਅ ਘਟਾਉਣ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਅਪਣਾਉਣ ਦੀ ਆਦਤ ਪਾ ਲੈਣ ਤਾਂ ਹਾਈਪਰਟੈਨਸ਼ਨ ਦੇ ਬਹੁਤ ਸਾਰੇ ਮਾਮਲਿਆਂ ਨੂੰ ਰੋਕਿਆ ਜਾ ਸਕਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ 30 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਘੱਟੋ-ਘੱਟ 3 ਮਹੀਨੇ ਵਿੱਚ ਇੱਕ ਵਾਰੀ ਆਪਣਾ ਬਲੱਡ ਪ੍ਰੈਸ਼ਰ ਜਰੂਰ ਚੈੱਕ ਕਰਵਾਉਣਾ ਚਾਹੀਦਾ ਹੈ। ਜਿਨ੍ਹਾਂ ਦਾ ਪਰਿਵਾਰਕ ਇਤਿਹਾਸ ਜਾਂ ਪਹਿਲਾਂ ਤੋਂ ਕੋਈ ਰੋਗ ਹੈ, ਉਹ ਹੋਰ ਵੀ ਸਾਵਧਾਨੀ ਵਰਤਣ।
ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਮਹੀਨੇ ਦੌਰਾਨ ਹੋਣ ਵਾਲੀਆਂ ਸਰਕਾਰੀ ਜਾਂਚ ਮੁਹਿੰਮਾਂ ਵਿੱਚ ਭਰਪੂਰ ਹਿੱਸਾ ਲੈਣ, ਆਪਣਾ ਅਤੇ ਆਪਣੇ ਪਰਿਵਾਰ ਦਾ ਬਲੱਡ ਪ੍ਰੈਸ਼ਰ ਜਾਂਚ ਕਰਵਾਉਣ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਅਪਣਾਉਣ। ਇਹ ਸਿਰਫ਼ ਇੱਕ ਮਹੀਨਾ ਨਹੀਂ, ਸਗੋਂ ਆਪਣੇ ਜੀਵਨ ਵਿੱਚ ਹਮੇਸ਼ਾ ਲਈ ਹਾਈਪਰਟੈਨਸ਼ਨ ਨੂੰ ਨਿਯੰਤ੍ਰਿਤ ਕਰਨ ਦੀ ਸ਼ੁਰੂਆਤ ਦਾ ਸਮਾਂ ਹੈ।