ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵੱਲੋਂ ਸ਼ਰਾਬ ਦੀ ਨਿਗਰਾਨੀ ਕਮੇਟੀ ਅਧੀਨ ਆਉਂਦੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤਾਂ ਜਾਰੀ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵੱਲੋਂ ਸ਼ਰਾਬ ਦੀ ਨਿਗਰਾਨੀ ਕਮੇਟੀ ਅਧੀਨ ਆਉਂਦੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤਾਂ ਜਾਰੀ
ਰੂਪਨਗਰ, 1 ਅਪ੍ਰੈਲ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਰੂਪਨਗਰ ਦੀ ਸ਼ਰਾਬ ਦੀ ਨਿਗਰਾਨੀ ਕਮੇਟੀ ਅਧੀਨ ਆਉਂਦੇ ਵੱਖ-ਵੱਖ ਵਿਭਾਗਾਂ ਨਾਲ ਸਥਾਨਕ ਕਮੇਟੀ ਰੂਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਮੀਟਿੰਗ ਕੀਤੀ ਅਤੇ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕੀਤੇ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਲੋਕ ਸਭਾ ਚੋਣਾਂ-2024 ਦੌਰਾਨ ਸ਼ਰਾਬ ਦੀ ਵਿਕਰੀ ਅਤੇ ਠੇਕਿਆਂ ਸਬੰਧੀ ਵੱਖ-ਵੱਖ ਤੱਥਾਂ ਬਾਰੇ ਵੇਰਵਿਆਂ ਸਹਿਤ ਜਾਣਕਾਰੀ ਦਿੱਤੀ ਅਤੇ ਹਰ ਪੱਧਰ ਉੱਤੇ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਵੇਚਣ ਵਾਲਿਆਂ ਖਿਲਾਫ ਸਖ਼ਤੀ ਨਾਲ ਕਾਰਵਾਈ ਕਰਨ ਲਈ ਕਿਹਾ।
ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਸ਼ਰਾਬ ਦੇ ਠੇਕੇਦਾਰਾਂ ਅਤੇ ਅਹਾਤਿਆ ਨੂੰ ਨਵਾਂ ਲਾਇਸੰਸ ਲਾਗੂ ਕਰਨਾ, ਲਾਇਸੰਸਾ ਨੂੰ ਰੀ-ਨਿਊ ਕਰਨਾ, ਇੰਟਰ ਸਟੇਟ ਅਤੇ ਇੰਟਰ ਡਿਸਟਰਿਕ ਨਾਕਿਆਂ ਤੇ ਸ਼ਰਾਬ ਸਬੰਧੀ ਵਿਸ਼ੇਸ ਚੈਕਿੰਗ ਕਰਨ ਦੀ ਹਦਾਇਤ ਕੀਤੀ। ਮੀਟਿੰਗ ਵਿੱਚ ਗੱਲ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਮੈਰਿਜ ਪੈਲੇਸ, ਬਾਰ ਅਤੇ ਹੋਟਲਾਂ ਤੇ ਸ਼ਰਾਬ ਦੀ ਵਿਕਰੀ ਬਾਰੇ ਵੀ ਧਿਆਨ ਦੇਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ।
ਜ਼ਿਲ੍ਹਾ ਰੂਪਨਗਰ ਦੇ ਈ.ਟੀ.ਓ. ਸ਼੍ਰੀ ਸ਼ੇਖਰ ਵੱਲੋਂ ਸ਼ਰਾਬ ਨਿਗਰਾਨੀ ਕਮੇਟੀ ਅਤੇ ਆਬਕਾਰੀ ਨਿਗਰਾਨੀ ਕਮੇਟੀ ਨੂੰ ਆਬਕਾਰੀ ਦੇ ਵੱਖ-ਵੱਖ ਕਾਨੂੰਨਾਂ ਬਾਰੇ ਜਾਗਰੂਕ ਕਰਵਾਇਆ ਗਿਆ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਨਜਾਇਜ਼ ਸ਼ਰਾਬ ਅਤੇ ਗੈਰ-ਕਾਨੂੰਨੀ ਸ਼ਰਾਬ ਤੇ ਰੋਕ ਲਗਾਉਣ ਲਈ ਕਿਵੇਂ ਯਤਨ ਕੀਤੇ ਜਾ ਸਕਦੇ ਹਨ। ਇਸ ਮੀਟਿੰਗ ਵਿੱਚ ਬਾਹਰਲੇ ਜ਼ਿਲ੍ਹਿਆਂ ਤੋਂ ਸ਼ਰਾਬ ਦੇ ਨਜਾਇਜ਼ ਆਯਾਤ ਨਿਰਯਾਤ ਨੂੰ ਵੀ ਰੋਕਣ ਬਾਰੇ ਗੱਲ ਕੀਤੀ ਗਈ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, ਚੋਣ ਤਹਿਸੀਲਦਾਰ ਰੂਪਨਗਰ ਸ. ਪਲਵਿੰਦਰ ਸਿੰਘ, ਐਸ.ਪੀ. ਸ.ਨਵਨੀਤ ਸਿੰਘ ਮਾਹਲ, ਪੀ.ਸੀ.ਐਸ ਨੋਡਲ ਅਫਸਰ ਫਾਰ ਮੈਨਪਾਵਰ ਕਮ ਐਸ.ਡੀ.ਐਮ. ਮੋਰਿੰਡਾ ਸ. ਸੁਖਪਾਲ ਸਿੰਘ, ਐਸ.ਡੀ.ਐਮ. ਰੂਪਨਗਰ ਸ਼੍ਰੀ ਨਵਦੀਪ ਕੁਮਾਰ, ਐਸ.ਡੀ.ਐਮ. ਨੰਗਲ ਸ਼੍ਰੀਮਤੀ ਅਨਮਜੋਤ ਕੌਰ, ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਸ. ਰਾਜਪਾਲ ਸਿੰਘ ਸੇਖੋਂ ਅਤੇ ਸਟੇਟ ਟ੍ਰੇਨਰ ਸ਼੍ਰੀ ਦਿਨੇਸ਼ ਕੁਮਾਰ ਸੈਣੀ ਵੀ ਹਾਜ਼ਰ ਹੋਏ।