ਰੋਟਰੀ ਕਲੱਬ ਰੂਪਨਗਰ ਵੱਲੋਂ ਜ਼ਿਲ੍ਹੇ ਦੇ ਸਕੂਲਾਂ ‘ਚ 8ਵੀਂ ਤੋਂ 12 ਵੀਂ ਲੜਕੀਆਂ ਨੂੰ ਵੰਡੇ 25,000 ਸੈਨੇਟਰੀ ਨੈਪਕਿਨ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਰੋਟਰੀ ਕਲੱਬ ਰੂਪਨਗਰ ਵੱਲੋਂ ਜ਼ਿਲ੍ਹੇ ਦੇ ਸਕੂਲਾਂ ‘ਚ 8ਵੀਂ ਤੋਂ 12 ਵੀਂ ਲੜਕੀਆਂ ਨੂੰ ਵੰਡੇ 25,000 ਸੈਨੇਟਰੀ ਨੈਪਕਿਨ
ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਖਾਲਸਾ ਸਕੂਲ ਰੂਪਨਗਰ ਤੋਂ ਕੀਤੀ ਸ਼ੁਰੂਆਤ
ਰੂਪਨਗਰ, 17 ਜਨਵਰੀ: ਰੋਟਰੀ ਕਲੱਬ ਰੂਪਨਗਰ ਨੇ ਕਿਸ਼ੋਰ ਵਿਦਿਆਰਥਣਾਂ (8ਵੀਂ ਤੋਂ 12 ਵੀਂ ਲੜਕੀਆਂ) ਵਿੱਚ ਮਾਹਵਾਰੀ ਸਿਹਤ ਅਤੇ ਸਫਾਈ ਨੂੰ ਉਤਸ਼ਾਹਿਤ ਕਰਨ ਦੀ ਪਹਿਲਕਦਮੀ ਕਰਦਿਆਂ ਸਥਾਨਕ ਸਕੂਲਾਂ ਨੂੰ 6,000 ਸੈਨੇਟਰੀ ਨੈਪਕਿਨ ਵੰਡੇ।
ਸਹਾਇਕ ਗਵਰਨਰ ਡਾ. ਭੀਮ ਸੈਨ ਦੀ ਅਗਵਾਈ ਹੇਠ ਖਾਲਸਾ ਸਕੂਲ ਰੂਪਨਗਰ ਦੇ ਗਰਾਊਂਡ ਵਿਖੇ ਕਰਵਾਏ ਪ੍ਰੋਗਰਾਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਮਾਹਵਾਰੀ ਦੌਰਾਨ ਸਫਾਈ ਅਤੇ ਸਿਹਤ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥਣਾਂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਨਾਲ ਖੁੱਲ੍ਹ ਕੇ ਗੱਲ ਕਰਨ ਅਤੇ ਸੈਨੇਟਰੀ ਨੈਪਕਿਨ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਲਈ ਉਤਸ਼ਾਹਿਤ ਕੀਤਾ।
ਰੋਟਰੀ ਕਲੱਬ ਤੋਂ ਡਾ. ਭੀਮ ਸੈਨ ਨੇ ਕਿਹਾ ਕਿ ਸਕੂਲਾਂ ਵਿੱਚ 25,000 ਸੈਨੇਟਰੀ ਨੈਪਕਿਨ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਕਲੱਬ ਦਾ ਉਦੇਸ਼ ਭਵਿੱਖ ਵਿੱਚ ਹੋਰ ਸਕੂਲਾਂ ਨੂੰ ਕਵਰ ਕਰਨਾ ਅਤੇ ਸਮਾਜ ਵਿੱਚ ਸਕਾਰਾਤਮਕ ਪ੍ਰਭਾਵ ਪਾਉਣਾ ਹੈ।
ਉਨ੍ਹਾਂ ਵੰਡ ਦੇ ਵੇਰਵਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੰਗਲ ਦੇ ਸਕੂਲਾਂ ਵਿੱਚ 8,000 ਸੈਨੇਟਰੀ ਨੈਪਕਿਨ, ਸ੍ਰੀ ਆਨੰਦਪੁਰ ਸਾਹਿਬ ਸਕੂਲ ਦੇ ਸਕੂਲਾਂ ਵਿੱਚ 5,000 ਸੈਨੇਟਰੀ ਨੈਪਕਿਨ, ਰੂਪਨਗਰ ਅਤੇ ਆਸਪਾਸ ਦੇ ਖੇਤਰਾਂ ਸਕੂਲਾਂ ਵਿੱਚ 12,000 ਸੈਨੇਟਰੀ ਨੈਪਕਿਨ ਵੰਡੇ ਜਾਣਗੇ।
ਇਸ ਮੌਕੇ ਡਾ. ਆਰਤੀ ਅਗਰਵਾਲ ਨੇ ਕਿਸ਼ੋਰ ਲੜਕੀਆਂ ਦੀ ਸਿਹਤ ਸੰਭਾਲ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਵਿੱਚ ਲੜਕੀਆਂ ਦੇ ਜੀਵਨ ਵਿੱਚ ਇਸ ਮਹੱਤਵਪੂਰਨ ਪਹਿਲੂ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ।
ਰੋਟਰੀ ਯੂਥ ਸਰਵਿਸਿਜ਼ ਦੇ ਡਾਇਰੈਕਟਰ ਆਰ.ਟੀ.ਐਨ. ਗਗਨਦੀਪ ਨੇ ਸਟੇਜ ਦੀ ਕਾਰਵਾਈ ਨੂੰ ਬੜੇ ਸੁਚੱਜੇ ਢੰਗ ਨਾਲ ਚਲਾਇਆ, ਪ੍ਰਧਾਨ ਕੁਲਵੰਤ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦੀ ਮੌਜੂਦਗੀ ਅਤੇ ਯੋਗਦਾਨ ਲਈ ਦਿਲੋਂ ਧੰਨਵਾਦ ਕੀਤਾ। ਖਾਲਸਾ ਸਕੂਲ ਦੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਦੇ ਨਾਲ-ਨਾਲ ਸਟਾਫ਼ ਅਤੇ ਵਿਦਿਆਰਥੀਆਂ ਦਾ ਉਨ੍ਹਾਂ ਦੇ ਅਟੁੱਟ ਸਮਰਥਨ ਅਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਪ੍ਰਧਾਨ ਆਰਟੀਐਨ ਸੁਧੀਰ ਸ਼ਰਮਾ, ਕਲੱਬ ਸਕੱਤਰ ਅਰੀਨਾ ਚਾਨਣਾ, ਖਾਲਸਾ ਸਕੂਲ ਅਤੇ ਜੀਐਮਐਨ ਸਕੂਲ ਦੇ ਅਧਿਆਪਕ, ਪ੍ਰਮੁੱਖ ਸ਼ਖਸੀਅਤਾਂ, ਰੋਟੇਰੀਅਨ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਮੌਜੂਦ ਸਨ।