ਰੂਪਨਗਰ ਪੁਲਿਸ ਵੱਲੋਂ ਸ੍ਰੀ ਚਮਕੌਰ ਸਾਹਿਬ ਦੇ ਖੇਡ ਸਟੇਡੀਅਮ ਵਿਖੇ ਲੜਕੇ ਅਤੇ ਲੜਕੀਆਂ ਦੇ ਕਬੱਡੀ ਮੈਚ ਦਾ ਆਯੋਜਨ ਕੀਤਾ ਗਿਆ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਰੂਪਨਗਰ ਪੁਲਿਸ ਵੱਲੋਂ ਸ੍ਰੀ ਚਮਕੌਰ ਸਾਹਿਬ ਦੇ ਖੇਡ ਸਟੇਡੀਅਮ ਵਿਖੇ ਲੜਕੇ ਅਤੇ ਲੜਕੀਆਂ ਦੇ ਕਬੱਡੀ ਮੈਚ ਦਾ ਆਯੋਜਨ ਕੀਤਾ ਗਿਆ
ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤੀ ਇਨਾਮਾਂ ਦੀ ਵੰਡ
ਲੜਕਿਆਂ ਵਿੱਚ ਕੋਚਿੰਗ ਸੈਂਟਰ ਆਸਪੁਰ ਤੇ ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਸ੍ਰੀ ਚਮਕੌਰ ਸਾਹਿਬ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ
ਸ੍ਰੀ ਚਮਕੌਰ ਸਾਹਿਬ, 1 ਸਤੰਬਰ: ਸਮਾਜ ਵਿੱਚੋ ਨਸ਼ੇ ਦੇ ਕੋਹੜ ਰੂਪੀ ਦੈਂਤ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ। ਇਸੇ ਲੜੀ ਤਹਿਤ ਨਸ਼ਿਆ ਦੇ ਮਨੁੱਖੀ ਜੀਵਨ ਤੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਨੌਜਵਾਨਾ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸ੍ਰੀ ਚਮਕੌਰ ਸਾਹਿਬ ਦੇ ਖੇਡ ਸਟੇਡੀਅਮ ਵਿਖੇ ਕਬੱਡੀ ਮੈਚ (ਲੜਕੇ ਅਤੇ ਲੜਕੀਆਂ) ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਕਬੱਡੀ ਮੈਚਾਂ ਦੌਰਾਨ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਇਨਾਮਾਂ ਦੀ ਵੰਡ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ਼੍ਰੀ ਗੌਰਵ ਯਾਦਵ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਰੂਪਨਗਰ ਰੇਂਜ ਸ਼੍ਰੀਮਤੀ ਨਲੰਬਰੀ ਜਗਦਲੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਵਲੋਂ ਜਿੱਥੇ ਨਸ਼ਿਆਂ ਦੀ ਖਾਤਮੇ ਲਈ ਨਸ਼ਾ ਤਸਕਰਾਂ ਖਿਲਾਫ ਵਿਆਪਕ ਪੱਧਰ ਉਤੇ ਕਾਰਵਾਈ ਕੀਤੀ ਗਈ ਹੈ, ਉੱਥੇ ਹੀ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡ ਮੈਦਾਨਾਂ ਨਾਲ ਜੋੜਿਆ ਜਾ ਰਿਹਾ ਹੈ, ਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਆਪਣੇ ਸੰਬੋਧਨ ਵਿੱਚ ਨੌਜਵਾਨਾ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਤੇ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਨਸ਼ਿਆ ਦੇ ਖਾਤਮੇ ਲਈ ਜ਼ਿਲ੍ਹਾ ਪੁਲਿਸ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਇਸ ਸਬੰਧੀ ਆਪਣੇ ਆਸ-ਪਾਸ ਕਿਸ਼ੋਰ ਅਵਸਥਾ ਦੇ ਬੱਚਿਆ ਨੂੰ ਜਾਗਰੂਕ ਵੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੇ ਖਾਤਮੇ ਲਈ ਅਰੰਭੀ ਗਈ ਇਹ ਮੁਹਿੰਮ ਭਵਿੱਖ ਵਿੱਚ ਵੀ ਇਸੀ ਤਰ੍ਹਾਂ ਜਾਰੀ ਰਹੇਗੀ।
ਇਸ ਖੇਡ ਟੂਰਨਾਮੈਂਟ ਵਿੱਚ 30 ਅਗਸਤ ਅਤੇ 31 ਅਗਸਤ ਦੋ ਦਿਨ ਲੜਕੇ ਅਤੇ ਲੜਕੀਆਂ ਦੇ ਕਬੱਡੀ ਦੇ ਮੈਚ ਕਰਵਾਏ ਗਏ। ਜਿਨ੍ਹਾਂ ਵਿੱਚ ਕੋਚਿੰਗ ਸੈਂਟਰ ਆਸਪੁਰ ਨੇ ਪਹਿਲਾ ਸਥਾਨ, ਘਨੌਲੀ ਕਲੱਬ ਨੇ ਦੂਜਾ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਸ੍ਰੀ ਚਮਕੌਰ ਸਾਹਿਬ ਦੀ ਟੀਮ ਨੇ ਪਹਿਲਾ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਐੱਸਪੀ ਹੈਡਕੁਆਟਰ ਸ. ਰਾਜਪਾਲ ਸਿੰਘ ਹੁੰਦਲ, ਡੀਐੱਸਪੀ ਸ੍ਰੀ ਚਮਕੌਰ ਸਾਹਿਬ ਸ. ਮਨਜੀਤ ਸਿੰਘ ਔਲਖ ਅਤੇ ਐੱਸਐੱਚਓ ਸ੍ਰੀ ਚਮਕੌਰ ਸਾਹਿਬ ਸ਼੍ਰੀ ਰੋਹਿਤ ਸ਼ਰਮਾ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਕਲੱਬਾਂ ਦੇ ਮੈਂਬਰ, ਇਲਾਕੇ ਦੇ ਮੋਹਤਬਰ ਪਤਵੰਤੇ ਸੱਜਣਾਂ, ਨੌਜਵਾਨਾ ਅਤੇ ਆਮ ਲੋਕਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ।