ਰੂਪਨਗਰ ਇਲਾਕੇ ਦੇ ਨੌਜ਼ਵਾਨ ਨਾਇਲਟ ਵੱਲੋਂ ਦਿੱਤੀ ਜਾਂਦੀ ਉੱਚ ਪੱਧਰੀ ਸਿੱਖਿਆ ਅਤੇ ਸਿਖਲਾਈ ਦਾ ਭਰਪੂਰ ਫਾਇਦਾ ਉਠਾਉਣ – ਡਿਪਟੀ ਕਮਿਸ਼ਨਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਰੂਪਨਗਰ ਇਲਾਕੇ ਦੇ ਨੌਜ਼ਵਾਨ ਨਾਇਲਟ ਵੱਲੋਂ ਦਿੱਤੀ ਜਾਂਦੀ ਉੱਚ ਪੱਧਰੀ ਸਿੱਖਿਆ ਅਤੇ ਸਿਖਲਾਈ ਦਾ ਭਰਪੂਰ ਫਾਇਦਾ ਉਠਾਉਣ – ਡਿਪਟੀ ਕਮਿਸ਼ਨਰ
ਆਈ.ਟੀ.ਈ.ਐਸ. ਵਿੱਚ ਪਿੰਡਾਂ ਦੇ ਨੌਜ਼ਵਾਨਾਂ ਲਈ ਹੁਨਰ ਸਿਖਲਾਈ ਪ੍ਰੋਗਰਾਮ ਉੱਤੇ ਕਰਵਾਇਆ ਸੈਮੀਨਾਰ
ਇਨਫਾਰਮੇਸ਼ਨ ਤਕਨਾਲੋਜੀ ਅਤੇ ਇਲੈਕਟ੍ਰੋਨਿਕ ਖੇਤਰ ਵਿੱਚ ਦਿੱਤੀ ਜਾਂਦੀ ਹੈ ਰਸਮੀ ਅਤੇ ਗੈਰ-ਰਸਮੀ ਸਿੱਖਿਆ
ਰੂਪਨਗਰ,27 ਜੂਨ: ਰੂਪਨਗਰ ਅਤੇ ਇਸਦੇ ਆਸ ਪਾਸ ਦੇ ਇਲਾਕੇ ਦੇ ਨੌਜ਼ਵਾਨਾਂ ਨੂੰ ਭਾਰਤ ਸਰਕਾਰ ਦੀ ਕੌਮੀ ਸੰਸਥਾ ਵੱਲੋਂ ਦਿੱਤੀ ਜਾਂ ਰਹੀ ਉੱਚ ਪੱਧਰੀ ਸਿੱਖਿਆ ਅਤੇ ਸਿਖਲਾਈ ਦਾ ਭਰਪੂਰ ਫਾਇਦਾ ਉਠਾਉਣਾ ਚਾਹੀਦਾ ਹੈ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰਾਨਿਕਸ ਐਂਡ ਇਨਫਾਰਮੇਸ਼ਨ ਤਕਨਾਲੋਜੀ (ਨਾਇਲਟ) ਦੇ ਰੋਪੜ ਸਥਿਤ ਕੈਂਪਸ ਵਿਖੇ ਆਈ.ਟੀ.ਈ.ਐਸ. ਵਿੱਚ ਪਿੰਡਾਂ ਦੇ ਨੌਜ਼ਵਾਨਾਂ ਲਈ ਹੁਨਰ ਸਿਖਲਾਈ ਪ੍ਰੋਗਰਾਮ ਉੱਤੇ ਕਰਵਾਏ ਇੱਕ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਕੀਤਾ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਆਪਣੇ ਸੰਬੋਧਨ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰਾਨਿਕਸ ਐਂਡ ਇਨਫਾਰਮੇਸ਼ਨ ਤਕਨਾਲੋਜੀ (ਨਾਇਲਟ) ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਨ ਨਾਲ ਪਿੰਡਾਂ ਤੱਕ ਅਤੇ ਜ਼ਿਲ੍ਹੇ ਦੇ ਨੌਜ਼ਵਾਨਾਂ ਤੱਕ ਇੱਥੋਂ ਦੀਆਂ ਸਹੂਲਤਾਂ ਅਤੇ ਉਪਲੱਬਧ ਮੌਕਿਆਂ ਬਾਰੇ ਜਾਣਕਾਰੀ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਅਜਿਹੇ ਮੌਕਿਆਂ ਨਾਲ ਭਵਿੱਖ ਵਿੱਚ ਰੂਪਨਗਰ ਸ਼ਹਿਰ ਅਤੇ ਇਸਦੇ ਆਸ-ਪਾਸ ਰਹਿਣ ਵਾਲੇ ਲੋਕ ਹੋਰ ਵੀ ਜ਼ਿਆਦਾ ਨਾਈਲਿਟ ਦੀਆਂ ਸੇਵਾਵਾਂ ਦਾ ਲਾਭ ਲੈ ਸਕਣਗੇ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਅੱਜ ਦੇ ਆਧੁਨਿਕ ਸਮੇਂ ਵਿੱਚ ਤਕਨੀਕ ਖਾਸ ਕਰ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨਾਲੋਜੀ ਦਾ ਬਹੁਤ ਜ਼ਿਆਦਾ ਮਹੱਤਵ ਹੈ। ਉਨ੍ਹਾਂ ਨੇ ਨਾਇਲਟ ਨੂੰ ਤਕਨੀਕ ਰਾਹੀਂ ਇਸ ਇਲਾਕੇ ਦੀਆਂ, ਖਾਸ ਕਰ ਖੇਤੀਬਾੜੀ ਅਤੇ ਬਾਗਬਾਨੀ ਵਿੱਚ ਲੋੜਾਂ ਅਤੇ ਮੁਸ਼ਕਲਾਂ ਨੂੰ ਹੱਲ ਕਰਨ ਦੇ ਯਤਨ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰਾਨਿਕਸ ਐਂਡ ਇਨਫਾਰਮੇਸ਼ਨ ਤਕਨਾਲੋਜੀ (ਨਾਇਲਟ) ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਇਨਫਾਰਮੇਸ਼ਨ ਤਕਨਾਲੋਜੀ ਮੰਤਰਾਲੇ ਦੀ ਇੱਕ ਅਜਿਹੀ ਸੰਸਥਾ ਹੈ ਜੋ ਕਿ ਇਨਫਾਰਮੇਸ਼ਨ ਤਕਨਾਲੋਜੀ (ਆਈ.ਟੀ./ਕੰਪਿਊਟਰ) ਅਤੇ ਇਲੈਕਟ੍ਰੋਨਿਕੀ ਖੇਤਰ ਵਿੱਚ ਰਸਮੀ ਅਤੇ ਗੈਰ-ਰਸਮੀ ਸਿੱਖਿਆ ਦੇ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਨਾਈਲਟ ਦੇ ਆਪਣੇ 40 ਤੋਂ ਵੱਧ ਸੈਂਟਰ ਹਨ।
ਨਾਇਲਟ ਰੋਪੜ ਦੇ ਕਾਰਜਕਾਰੀ ਡਾਇਰੈਕਟਰ ਡਾ. ਸੰਜੀਵ ਕੁਮਾਰ ਗੁਪਤਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਪੰਜਾਬ ਦੇ ਲਈ ਤਕਨੀਕ ਅਤੇ ਸਹੀ ਜਾਣਕਾਰੀ ਬਹੁਤ ਲਾਭਕਾਰੀ ਹੋ ਸਕਦੀ ਹੈ। ਜਿਵੇਂ ਕਿ ਡ੍ਰੋਨ ਦੀ ਮਦਦ ਨਾਲ ਸਪ੍ਰੇ ਕਰਨ ਨਾਲ ਕਿਸਾਨ ਕੀਟਨਾਸ਼ਕਾਂ ਦੇ ਬੁਰੇ ਪ੍ਰਭਾਵਾਂ ਤੋਂ ਬਚ ਸਕਦੇ ਹਨ।
ਇਸ ਪ੍ਰੋਗਰਾਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਰੂਪਨਗਰ ਸ. ਅਮਰਦੀਪ ਸਿੰਘ ਗੁਜਰਾਲ, ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਸ.ਬਲਜਿੰਦਰ ਸਿੰਘ ਗਰੇਵਾਲ, ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕ ਵਿਕਾਸ ਪੰਚਾਇਤ ਅਫ਼ਸਰਾਂ ਅਤੇ ਰੋਪੜ ਤਹਿਸੀਲ ਦੇ 80 ਤੋਂ ਵੱਧ ਸਰਪੰਚਾਂ ਨੇ ਵੀ ਸ਼ਮੂਲੀਅਤ ਕੀਤੀ।