ਰਾਜ ਰਾਣੀ ਬਤੌਰ ਜਿਲਾ ਸਮੂਹ ਸਿੱਖਿਆ ਸੂਚਨਾ ਅਫਸਰ ਹੋਏ ਰਿਟਾਇਰ

ਰਾਜ ਰਾਣੀ ਬਤੌਰ ਜਿਲਾ ਸਮੂਹ ਸਿੱਖਿਆ ਸੂਚਨਾ ਅਫਸਰ ਹੋਏ ਰਿਟਾਇਰ
ਰੂਪਨਗਰ, 1 ਅਕਤੂਬਰ: ਜ਼ਿਲ੍ਹਾ ਰੂਪਨਗਰ ਦੇ ਸਿਹਤ ਵਿਭਾਗ ਵਿੱਚ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀਮਤੀ ਰਾਜ ਰਾਣੀ ਰਿਟਾਇਰ ਹੋ ਗਏ। ਸਿਵਲ ਸਰਜਨ ਦਫ਼ਤਰ ਰੂਪਨਗਰ ਵੱਲੋਂ ਇਸ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਿਹਤ ਵਿਭਾਗ ਦੇ ਡਾਕਟਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਨੇ ਦੱਸਿਆ ਕਿ ਰਾਜ ਰਾਣੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1986 ਵਿੱਚ ਬਤੌਰ ਏ ਐਨ ਐਮ ਸਿਹਤ ਵਿਭਾਗ ਵਿੱਚ ਕੀਤੀ ਅਤੇ ਲਗਭਗ 40 ਸਾਲਾਂ ਦੀ ਅਟੁੱਟ ਤੇ ਸ਼ਾਨਦਾਰ ਸੇਵਾ ਪੂਰੀ ਕਰਨ ਤੋਂ ਬਾਅਦ ਉਹ ਰਿਟਾਇਰ ਹੋਏ।
ਉਨ੍ਹਾਂ ਸਾਲ ਦਰ ਸਾਲ ਆਪਣੇ ਕੰਮ ਪ੍ਰਤੀ ਨਿਸ਼ਠਾ, ਇਮਾਨਦਾਰੀ ਅਤੇ ਜਜ਼ਬੇ ਨਾਲ ਆਪਣੀ ਇਕ ਵੱਖਰੀ ਪਹਿਚਾਣ ਬਣਾਈ। ਪਹਿਲਾ ਬਲਾਕ ਐਕਸਟੈਂਸ਼ਨ ਐਜੂਕੇਸ਼ਨ ਫੇਰ ਡਿਪਟੀ ਮਾਸ ਮੀਡੀਆ ਅਫਸਰ ਅਤੇ ਇਸ ਉਪਰੰਤ ਮਾਸ ਮੀਡੀਆ ਅਫ਼ਸਰ ਦੇ ਤੌਰ ‘ਤੇ ਉਨ੍ਹਾਂ ਨੇ ਸਿਹਤ ਜਾਗਰੂਕਤਾ ਮੁਹਿੰਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਨੇ ਇਸ ਮੌਕੇ ਸ੍ਰੀਮਤੀ ਰਾਜ ਰਾਣੀ ਦੀ ਸੇਵਾਵਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਿਭਾਗ ਦੇ ਕੰਮਕਾਜ ਵਿੱਚ ਪੇਸ਼ਾਵਰਾਨਾ ਦ੍ਰਿਸ਼ਟੀਕੋਣ, ਸਮਰਪਣ ਅਤੇ ਟੀਮਵਰਕ ਨਾਲ ਹਮੇਸ਼ਾ ਯੋਗਦਾਨ ਪਾਇਆ। ਉਨ੍ਹਾਂ ਦੀ ਰਹਿਨੁਮਾਈ ਹੇਠ ਸਿਹਤ ਜਾਗਰੂਕਤਾ ਪ੍ਰੋਗਰਾਮ ਜ਼ਿਲ੍ਹੇ ਵਿੱਚ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੇ ਗਏ। ਡਾ. ਸੁਖਵਿੰਦਰਜੀਤ ਸਿੰਘ ਨੇ ਕਿਹਾ ਕਿ ਸ੍ਰੀਮਤੀ ਰਾਜ ਰਾਣੀ ਦੀ ਘਾਟ ਵਿਭਾਗ ਹਮੇਸ਼ਾ ਮਹਿਸੂਸ ਕਰੇਗਾ।
ਇਸ ਮੌਕੇ ਉਨ੍ਹਾਂ ਦੇ ਸਹਿਕਰਮੀਆਂ ਨੇ ਵੀ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਸ੍ਰੀਮਤੀ ਰਾਜ ਰਾਣੀ ਨਾ ਕੇਵਲ ਇਕ ਵਧੀਆ ਅਧਿਕਾਰੀ ਸਾਬਤ ਹੋਈ ਹਨ, ਸਗੋਂ ਇਕ ਮਿੱਤਰਤਾਪੂਰਨ ਤੇ ਸਹਿਯੋਗਾਤਮਕ ਸੁਭਾਅ ਵਾਲੀ ਵਿਅਕਤੀ ਵਜੋਂ ਵੀ ਸਭ ਦੇ ਦਿਲਾਂ ਵਿੱਚ ਆਪਣਾ ਖਾਸ ਸਥਾਨ ਬਣਾਇਆ। ਉਨ੍ਹਾਂ ਦੀ ਸਾਦਗੀ, ਮਿਲਣਸਾਰ ਸੁਭਾਅ ਅਤੇ ਜਿੰਮੇਵਾਰੀ ਪ੍ਰਤੀ ਗੰਭੀਰਤਾ ਸਭ ਲਈ ਪ੍ਰੇਰਣਾ ਰਹੀ ਹੈ।
ਸਮਾਗਮ ਦੌਰਾਨ ਸ੍ਰੀਮਤੀ ਰਾਜ ਰਾਣੀ ਨੂੰ ਵਿਦਾਈ ਦੇਣ ਲਈ ਸਹਿਕਰਮੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਦੇ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।