ਮਿਸ਼ਨ ਸੁਨਹਿਰੀ ਸ਼ੁਰੂਆਤ ਤਹਿਤ ਬੇਰੋਜ਼ਗਾਰ ਨੌਜਵਾਨਾਂ ਲਈ ਜਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਬੀ.ਪੀ.ਓ. ਟ੍ਰੇਨਿੰਗ ਦੀ ਸ਼ੁਰੂਆਤ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਮਿਸ਼ਨ ਸੁਨਹਿਰੀ ਸ਼ੁਰੂਆਤ ਤਹਿਤ ਬੇਰੋਜ਼ਗਾਰ ਨੌਜਵਾਨਾਂ ਲਈ ਜਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਬੀ.ਪੀ.ਓ. ਟ੍ਰੇਨਿੰਗ ਦੀ ਸ਼ੁਰੂਆਤ
ਰੂਪਨਗਰ, 2 ਅਗਸਤ: ਜ਼ਿਲ਼੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜਿਲ੍ਹੇ ਵਿੱਚ ਬੇਰੋਜ਼ਗਾਰ ਉਮੀਦਵਾਰਾਂ ਨੂੰ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ “ਮਿਸ਼ਨ ਸੁਨਹਿਰੀ ਸ਼ੁਰੂਆਤ” ਤਹਿਤ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਅਰੁਣ ਕੁਮਾਰ ਵੱਲੋਂ ਦੱਸਿਆ ਗਿਆ ਕਿ ਮਿਸ਼ਨ ਸੁਨਹਿਰੀ ਤਹਿਤ ਪੰਜਾਬ ਸਰਕਾਰ ਵੱਲੋਂ ਬਿਜਨਸ ਪ੍ਰੋਸੈਸ ਆਊਟਸੋਰਸ ਖੇਤਰ ਵਿੱਚ ਸੂਬੇ ਦੇ 1000 ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ, ਆਕਰਸ਼ਕ ਤਨਖਾਹ ਦਰਾਂ ਉੱਤੇ ਮੁਹੱਈਆ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿੱਚ ਬਾਰਵ੍ਹੀਂ ਅਤੇ ਗਰੈਜੂਏਟ ਉਮੀਦਵਾਰਾਂ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰਾਹੀਂ ਨਿੱਜੀ ਖੇਤਰ ਦੀਆਂ ਕੰਪਨੀਆਂ ਵਿੱਚ ਕਸਟਮਰ ਕੇਅਰ ਐਗਜ਼ੀਕਿਊਟਿਵ, ਅਕਾਊਂਟਸ ਐਗਜ਼ੀਕਿਊਟਿਵ ਅਤੇ ਸੇਲਜ਼ ਐਗਜੀਕਿਊਟਿਵ ਦੀਆਂ ਸੇਵਾਵਾਂ ਲਈ ਚੁੱਣਿਆ ਜਾਣਾ ਹੈ।
ਇਸ ਮੌਕੇ ਪਲੇਸਮੈਂਟ ਅਫ਼ਸਰ ਮੀਨਾਕਸ਼ੀ ਬੇਦੀ ਵੱਲੋਂ ਦੱਸਿਆ ਗਿਆ ਕਿ ਅੱਜ ਤੋਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ 198 ਉਮੀਦਵਾਰਾਂ ਵੱਲੋਂ 10 ਦਿਨਾਂ ਦੀ ਸਿਖਲਾਈ ਲੈਣ ਲਈ ਆਪਣਾ ਨਾਮ ਰਜਿਸਟਰ ਕੀਤਾ ਗਿਆ ਹੈ। ਇਸ ਸਿਖਲਾਈ ਦੌਰਾਨ ਉਮੀਦਵਾਰਾਂ ਨੂੰ ਕਮਿਊਨਿਕੇਸ਼ਨ ਸਕਿੱਲਜ਼, ਇੰਗਲਿਸ਼, ਗ੍ਰਾਹਕਾਂ ਨਾਲ ਵਰਤੋਂ ਵਿਵਹਾਰ ਆਦਿ ਸਾਫਟ ਸਕਿੱਲਜ਼ ਦੀ ਸਿਖਲਾਈ ਦਿੱਤੀ ਜਾਵੇਗੀ। ਸਿਖਲਾਈ ਉਪਰੰਤ 16 ਅਗਸਤ ਤੋਂ ਉਮੀਦਵਾਰਾਂ ਦੀ ਪਲੇਸਮੈਂਟ ਸਬੰਧੀ ਕਾਰਵਾਈ ਆਰੰਭੀ ਜਾਵੇਗੀ। ਇਨ੍ਹਾਂ ਉਮੀਦਵਾਰਾਂ ਨੂੰ 10,000 ਤੋਂ 35,000 ਰੁਪਏ ਪ੍ਰਤੀਮਹੀਨਾ ਦਾ ਸੈਲਰੀ ਪੈਕੇਜ਼ ਦਿੱਤਾ ਜਾਵੇਗਾ।
ਅਰੁਣ ਕੁਮਾਰ ਵੱਲੋਂ ਦੱਸਿਆ ਗਿਆ ਕਿ ਜੇਕਰ ਜਿਲ੍ਹੇ ਨਾਲ ਸਬੰਧਤ ਕੋਈ ਵੀ ਬਾਰਵ੍ਹੀਂ ਅਤੇ ਗਰੈਜੂਏਟ ਪਾਸ ਨੌਜਵਾਨ ਇਸ ਕਿੱਤੇ ਵਿੱਚ ਜਾਣ ਦੇ ਚਾਹਵਾਨ ਹਨ ਤਾਂ ਉਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਜਾਂ ਦਫਤਰ ਦੇ ਹੈਲਪਲਾਈਨ ਨੰਬਰ 85570-10066 ਤੇ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਦੀਪਿਕਾ ਸ਼ਰਮਾ, ਟਰੇਨਰ ਵੱਲੋਂ ਉਮੀਦਵਾਰਾਂ ਨੂੰ ਕਮਿਊਨਿਕੇਸ਼ਨ ਸਕਿੱਲਜ਼, ਇੰਗਲਿਸ਼, ਗ੍ਰਾਹਕਾਂ ਨਾਲ ਵਰਤੋਂ ਵਿਵਹਾਰ ਆਦਿ ਸਾਫਟ ਸਕਿੱਲਜ਼ ਦੀ ਸਿਖਲਾਈ ਦਿੱਤੀ ਗਈ।