ਮਾਸਟਰ ਪਲਾਨ ਨੰਗਲ ਤਹਿਤ ਈਕੋ ਟੂਰਿਜ਼ਮ ਅਤੇ ਸਪੋਰਟਸ ਹੱਬ ਵਜੋਂ ਹੋਵੇਗਾ ਵਿਕਾਸ

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ
ਮਾਸਟਰ ਪਲਾਨ ਨੰਗਲ ਤਹਿਤ ਈਕੋ ਟੂਰਿਜ਼ਮ ਅਤੇ ਸਪੋਰਟਸ ਹੱਬ ਵਜੋਂ ਹੋਵੇਗਾ ਵਿਕਾਸ
ਮਾਸਟਰ ਪਲਾਨ ਵਿੱਚ ਨੰਗਲ ਸ਼ਹਿਰ ਤੋਂ ਇਲਾਵਾ ਆਸ-ਪਾਸ ਦੇ 82 ਪਿੰਡ ਸ਼ਾਮਿਲ
ਮਾਸਟਰ ਪਲਾਨ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ
ਰੂਪਨਗਰ, 02 ਦਸੰਬਰ
ਮਾਸਟਰ ਪਲਾਨ ਨੰਗਲ (2022-2042) ਦੀ ਤਜਵੀਜ਼ ਸਬੰਧੀ ਥਿੰਕ ਟੈਂਕ ਮੀਟਿੰਗ ਜ਼ਿਲ੍ਹਾ ਟਾਊਨ ਪਲੈਨਰ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ, ਰੂਪਨਗਰ ਸ਼੍ਰੀਮਤੀ ਪ੍ਰੀਤੀ ਯਾਦਵ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਰੂਪਨਗਰ ਦੇ ਮੀਟਿੰਗ ਹਾਲ ਮੀਟਿੰਗ ਵਿੱਚ ਕਰਵਾਈ ਗਈ। ਇਸ ਮੀਟਿੰਗ ਵਿੱਚ ਐਡਵੋਕੇਟ ਦਿਨੇਸ਼ ਕੁਮਾਰ ਚੱਢਾ, ਹਲਕਾ ਵਿਧਾਇਕ ਰੂਪਨਗਰ ਉਚੇਚੇ ਤੌਰ ਉੱਤੇ ਸ਼ਾਮਲ ਹੋਏ।
ਮਾਸਟਰ ਪਲਾਨ ਨੰਗਲ ਵਿੱਚ, ਨੰਗਲ ਸ਼ਹਿਰ ਤੋਂ ਇਲਾਵਾ ਆਸ-ਪਾਸ ਦੇ 82 ਪਿੰਡ ਸ਼ਾਮਿਲ ਕੀਤੇ ਗਏ ਹਨ। ਨੰਗਲ ਮਾਸਟਰ ਪਲਾਨ ਲਈ ਤਿਆਰ ਕੀਤੀਆਂ ਵੱਖ-ਵੱਖ ਲੈਂਡ ਯੂਜ਼ ਦੀਆਂ ਪ੍ਰਪੋਜ਼ਲਾਂ ਬਾਰੇ ਮੀਟਿੰਗ ਵਿੱਚ ਹਾਜ਼ਰ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਮਾਸਟਰ ਪਲਾਨ ਨੰਗਲ ਦਾ ਵਿਜਿਨ ਇਸ ਇਲਾਕੇ ਨੂੰ ਈਕੋ ਟੂਰਿਜ਼ਮ ਅਤੇ ਸਪੋਰਟਸ ਹੱਬ ਵਜੋਂ ਵਿਕਸਿਤ ਕੀਤੇ ਜਾਣ ਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਨੇ ਕਿਹਾ ਕਿ ਸਾਰੇ ਵਿਭਾਗ ਇਸ ਪਲਾਨ ਸਬੰਧੀ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਤਾਂ ਜੋ ਇਸ ਦੇ ਮੰਤਵਾਂ ਦੀ ਪੂਰਤੀ ਹੀ ਸਕੇ ਤੇ ਜ਼ਿਲ੍ਹੇ ਦਾ ਵੱਧ ਤੋਂ ਵੱਧ ਵਿਕਾਸ ਹੋ ਸਕੇ। ਉਹਨਾਂ ਕਿਹਾ ਕਿ ਜਿਹੜੇ ਵੀ ਕਾਰਜ ਇਸ ਪ੍ਰੋਜੈਕਟ ਤਹਿਤ ਹੋਣੇ ਹਨ ਉਹਨਾਂ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ। ਉਹਨਾਂ ਦੱਸਿਆ ਕਿ ਇਹ ਪਲਾਨ ਜ਼ਿਲ੍ਹੇ ਦੀ ਨੁਹਾਰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਵੱਖ-ਵੱਖ ਸਕੀਮਾਂ ਤੇ ਪ੍ਰੋਜੈਕਟਾਂ ਸਬੰਧੀ ਸਮੀਖਿਆ ਕੀਤੀ ਗਈ ਤੇ ਸਾਰੀਆਂ ਸਰਕਾਰੀ ਸਕੀਮਾਂ ਦਾ ਲਾਭ ਹਰ ਯੋਗ ਲਾਭਪਾਤਰੀ ਤੱਕ ਪੁੱਜਦਾ ਕੀਤਾ ਜਾਣਾ ਯਕੀਨੀ ਬਣਾਉਣ ਲਈ ਕਿਹਾ।
ਇਸ ਮੌਕੇ ਪਿੰਡਾਂ ਵਿੱਚ ਜਾਰੀ ਤੇ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਸਬੰਧੀ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤੇ
ਅਧਿਕਾਰੀਆਂ ਨੂੰ ਵਿਕਾਸ ਕਾਰਜ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ।
ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਕਿ ਹਲਕਾ ਰੂਪਨਗਰ ਦੇ ਪਿੰਡਾਂ ਦਾ ਮਿਸਾਲੀ ਵਿਕਾਸ ਕਰਵਾਇਆ ਜਾਵੇਗਾ ਤੇ ਪਿੰਡਾਂ ਦੇ ਲੋਕਾਂ ਦੀਆਂ ਦਿੱਕਤਾਂ ਦੂਰ ਕਰਨ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਵਿਧਾਇਕ ਚੱਢਾ ਵਲੋਂ ਇਸ ਮੌਕੇ ਵੱਖੋ ਵੱਖ ਪਿੰਡਾਂ ਵਿਚ ਸ਼ੁਰੂ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਬਾਬਤ ਵੀ ਅਧਿਕਾਰੀਆਂ ਨਾਲ ਵਿਸਥਾਰ ਵਿਚ ਚਰਚਾ ਕੀਤੀ ਗਈ ਤੇ ਹਦਾਇਤ ਕੀਤੀ ਗਈ ਕਿ ਹਰ ਕੰਮ ਸਮਾਂਬੱਧ ਢੰਗ ਨਾਲ ਪੂਰਾ ਕੀਤਾ ਜਾਵੇ।
ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਸਮੱਸਿਆਵਾਂ ਦਾ ਹੱਲ ਪਹਿਲਾ ਦੇ ਅਧਾਰ ਉੱਤੇ ਕਰਨ ਲਈ ਆਦੇਸ਼ ਦਿੱਤੇ।
ਇਸ ਮੌਕੇ ਸ਼੍ਰੀ ਚੱਢਾ ਨੇ ਕਿਹਾ ਕਿ ਪਿੰਡਾਂ ਵਿਚ ਵਿਕਾਸ ਕਾਰਜ ਜਾਰੀ ਵੀ ਹਨ, ਜਿਹੜੇ ਕਿ ਜਲਦ ਹੀ ਮੁਕੰਮਲ ਕਰ ਲਏ ਜਾਣਗੇ। ਪੰਜਾਬ ਸਰਕਾਰ ਵੱਲੋਂ ਜਿੱਥੇ ਲਗਾਤਾਰ ਸੂਬੇ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ, ਉੱਥੇ ਲੋਕਾਂ ਦੀ ਭਲਾਈ ਲਈ ਇਤਿਹਾਸਕ ਫ਼ੈਸਲੇ ਵੀ ਲਏ ਜਾ ਰਹੇ ਹਨ ਤੇ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲ ਰਹੀ ਹੈ। ਉਹ ਦਿਨ ਰਾਤ ਇੱਕ ਕਰ ਕੇ ਪਿੰਡਾਂ ਦੇ ਵਿਕਾਸ ਲਈ ਤਤਪਰ ਹਨ ਤੇ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ਯਕੀਨੀ ਬਣਾਈ ਜਾਵੇ। ਵਿਕਾਸ ਕਾਰਜਾਂ ਸਬੰਧੀ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਹਰਜੋਤ ਕੌਰ, ਜ਼ਿਲ੍ਹਾ ਟਾਊਨ ਪਲੇਨਰ ਅਫਸਰ ਸ਼੍ਰੀ ਜਗਦੀਪ ਸੈਣੀ, ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰੁਪੇਸ਼ ਕੁਮਾਰ, ਐਸ.ਡੀ.ਓ. ਸਤਿੰਦਰ ਸਿੰਘ, ਐਸ.ਸੀ.ਓ. ਸੁਖਜੀਤ ਸਿੰਘ, ਧਰਮ ਸਿੰਘ, ਬਲਜੀਤ ਸਿੰਘ, ਰਣਜੋਧ ਸਿੰਘ, ਰੁਪਿੰਦਰ ਸਿੰਘ, ਮਨਪ੍ਰੀਤ ਸਿੰਘ ਗਿੱਲ, ਜਸਪ੍ਰੀਤ ਸਿੰਘ, ਸੁਖਜੀਤ ਸਿੰਘ, ਸੋਨਿਕਾ ਪੁਰੀ, ਵਿਵੇਕ ਦੁਰੇਜਾ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।