ਮਾਂ ਅਤੇ ਸ਼ਿਸ਼ੂ ਮੌਤ ਦਰ ਨੂੰ ਸਿਫ਼ਰ ’ਤੇ ਲੈ ਕੇ ਆਉਣ ਲਈ ਦਿੱਤੀ ਗਈ ਨਿਯਮਿਤ ਟੀਕਾਕਰਨ ਟ੍ਰੇਨਿੰਗ
ਮਾਂ ਅਤੇ ਸ਼ਿਸ਼ੂ ਮੌਤ ਦਰ ਨੂੰ ਸਿਫ਼ਰ ’ਤੇ ਲੈ ਕੇ ਆਉਣ ਲਈ ਦਿੱਤੀ ਗਈ ਨਿਯਮਿਤ ਟੀਕਾਕਰਨ ਟ੍ਰੇਨਿੰਗ
ਰੂਪਨਗਰ, 13 ਨਵੰਬਰ: ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਸਿਵਲ ਹਸਪਤਾਲ ਰੂਪਨਗਰ ਵਿਖੇ ਨਿਯਮਿਤ ਟੀਕਾਕਰਨ ਸੰਬੰਧੀ ਟ੍ਰੇਨਿੰਗ ਕਰਵਾਈ ਗਈ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਨਵਰੂਪ ਕੌਰ ਨੇ ਦੱਸਿਆ ਕਿ ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਦੀ ਅਗਵਾਈ ਵਿੱਚ ਮੈਡੀਕਲ ਅਫ਼ਸਰ, ਬੀ.ਈ.ਈ, ਐੱਲ.ਐੱਚ.ਵੀ ਅਤੇ ਏ.ਐੱਨ.ਐੱਮ ਲਈ ਕਰਵਾਈ ਗਈ ਇਸ ਇੱਕ ਰੋਜ਼ਾ ਟ੍ਰੇਨਿੰਗ ਵਿਚ ਵਿਸ਼ਵ ਸਿਹਤ ਸੰਗਠਨ ਦੇ ਨੁਮਾਇੰਦੇ ਐਸਐਮਓ ਡਾ. ਵਿਕਰਮ ਵੱਲੋਂ ਟੀਕਾਕਰਨ ਦੀ ਪ੍ਰਕਿਰਿਆ, ਵੈਕਸੀਨ ਸ਼ੈਡਿਊਲ, ਯੂ-ਵਿਨ ਪੋਰਟਲ ਦੀ ਵਰਤੋਂ, ਆਨਲਾਈਨ ਰਿਕਾਰਡ ਅਤੇ ਜਾਂਚ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਨਿਯਮਿਤ ਟੀਕਾਕਰਨ ਪ੍ਰੋਗਰਾਮ ਰਾਹੀਂ ਹਰ ਬੱਚੇ ਨੂੰ ਜਨਮ ਤੋਂ ਬਾਅਦ ਸਮੇਂ ਸਿਰ ਸਾਰੇ ਟੀਕੇ ਲਗਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਬੱਚਿਆਂ ਨੂੰ ਖਤਰਨਾਕ ਬਿਮਾਰੀਆਂ ਜਿਵੇਂ ਕਿ ਟੀ.ਬੀ., ਗੱਲ ਘੋਟੂ, ਟੈਟਨਸ, ਨਿਮੋਨੀਆ, ਕਾਲੀ ਖਾਂਸੀ, ਖਸਰਾ, ਪੋਲਿਓ ਆਦਿ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਇਹ ਪ੍ਰੋਗਰਾਮ ਸਿਹਤ ਵਿਭਾਗ ਵੱਲੋਂ ਹਰ ਬੁੱਧਵਾਰ ਤੇ ਸ਼ਨੀਵਾਰ ਜ਼ਿਲ੍ਹਾ ਹਸਪਤਾਲਾਂ ਵਿੱਚ ਤੇ ਬੁੱਧਵਾਰ ਨੂੰ ਸਾਰੇ ਹੈਲਥ ਸੈਂਟਰਾਂ, ਸਬ ਸੈਂਟਰਾਂ ਅਤੇ ਐੰਗਨਵਾੜੀ ਕੇਂਦਰਾਂ ’ਤੇ ਚਲਾਇਆ ਜਾਂਦਾ ਹੈ।
ਡਾ. ਨਵਰੂਪ ਕੌਰ ਨੇ ਕਿਹਾ ਕਿ ਇਸ ਟ੍ਰੇਨਿੰਗ ਦਾ ਉਦੇਸ਼ ਸਿਹਤ ਸਟਾਫ ਨੂੰ ਨਵੀਂ ਤਕਨੀਕਾਂ ਤੇ ਪ੍ਰਕਿਰਿਆਵਾਂ ਨਾਲ ਅਪਡੇਟ ਕਰਨਾ ਹੈ ਤਾਂ ਜੋ 5 ਸਾਲ ਤੱਕ ਦੇ ਬੱਚਿਆਂ ਦੀ ਟੀਕਾਕਰਨ ਪ੍ਰਗਤੀ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਮਾਂ ਤੇ ਬੱਚੇ ਦੀ ਮੌਤ ਦਰ ਨੂੰ ਸਿਫ਼ਰ ’ਤੇ ਲਿਆਂਦਾ ਜਾ ਸਕੇ।
ਇਸ ਮੌਕੇ ਮਾਸ ਮੀਡੀਆ ਵਿੰਗ ਤੋਂ ਮਾਸ ਮੀਡੀਆ ਅਫ਼ਸਰ ਗੁਰਮੀਤ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਸਿੰਘ ਅਤੇ ਸ਼੍ਰੀਮਤੀ ਰਿਤੂ ਮੌਜੂਦ ਰਹੇ।