ਭੂਮੀਗਤ ਪਾਣੀ ਦੀ ਸੰਭਾਲ ਲਈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ: ਮੁੱਖ ਖੇਤੀਬਾੜੀ ਅਫਸਰ

ਭੂਮੀਗਤ ਪਾਣੀ ਦੀ ਸੰਭਾਲ ਲਈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ: ਮੁੱਖ ਖੇਤੀਬਾੜੀ ਅਫਸਰ
ਸਾਉਣੀ 2023 ਦੀ ਕਾਸ਼ਤ ਜ਼ਿਲ੍ਹਾ ਪੱਧਰੀ ਮੀਟਿੰਗ, ਰੂਪਨਗਰ
ਰੂਪਨਗਰ, 29 ਮਈ: ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ, ਰੂਪਨਗਰ ਨੇ ਜ਼ਿਲ੍ਹਾ ਪੱਧਰੀ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਪੂਰੇ ਜ਼ਿਲ੍ਹੇ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਅਗਾਂਹਵਧੂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਝੋਨੇ ਦੀ ਬਿਜਾਈ ਕਾਰਨ ਜ਼ਮੀਨ ਦਾ ਹੇਠਲਾ ਪਾਣੀ ਥੱਲੇ ਜਾ ਰਿਹਾ ਹੈ। ਇਸ ਲਈ ਭੂਮੀਗਤ ਪਾਣੀ ਦੀ ਸੰਭਾਲ ਲਈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ।
ਮੁੱਖ ਮੰਤਰੀ, ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਵਾਤਾਵਰਣ ਬਚਾਉਣ ਅਤੇ ਮੁਨਾਫੇ ਵਿੱਚ ਵਾਧਾ ਕਰਨ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਜੀ ਵੱਲੋਂ ਹੇਠਲੇ ਪਾਣੀ ਦੀ ਸੰਭਾਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਅਤੇ ਮਾਹਿਰਾਂ ਦੀ ਸਲਾਹ ਨਾਲ ਝੋਨੇ ਦੀ ਸਿੱਧੀ ਬਿਜਾਈ ਤੇ ਜ਼ੋਰ ਦਿੰਦਿਆਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਅਗਾਂਹਵਧੂ ਕਿਸਾਨ ਲੋਕਾਂ ਲਈ ਉਦਾਹਰਣ ਬਣ ਰਹੇ ਹਨ। ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ। ਜ਼ਿਲੇ ਵਿੱਚ ਸਿੱਧੀ ਬਿਜਾਈ ਹੇਠ ਖੇਤੀ ਦਾ ਜਾਇਜ਼ਾ ਮਾਨਯੋਗ ਕੈਬਨਿਟ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਜੀ ਵੱਲੋਂ ਲਿਆ ਗਿਆ ਹੈ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ ਗਿਆ ਹੈ।
ਮੁੱਖ ਖੇਤੀਬਾੜੀ ਅਫਸਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨਾਲ ਸਾਂਝਾ ਕੀਤਾ ਗਿਆ ਕਿ ਸਾਉਣੀ 2023 ਦੌਰਾਨ ਜ਼ਿਲ੍ਹਾ ਰੂਪਨਗਰ ਨੂੰ ਸਿੱਧੀ ਬਿਜਾਈ ਹੇਠ 7010 ਏਕੜ ਦਾ ਟੀਚਾ ਦਿੱਤਾ ਗਿਆ ਹੈ। ਜਿਸ ਦੀ ਵੰਡ ਬਿਜਾਈ ਅਨੁਸਾਰ ਸਾਰੇ ਬਲਾਕਾਂ ਨੂੰ ਕਰ ਦਿੱਤੀ ਗਈ ਹੈ। ਝੋਨੇ ਦੀ ਸਿੱਧੀ ਬਿਜਾਈ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਰੂਪਨਗਰ ਹਰ ਸਮੇਂ ਕਿਸਾਨਾਂ ਦੀ ਸੇਵਾ ਲਈ ਤੈਨਾਤ ਹੈ। ਕਿਸੇ ਵੀ ਕਿਸਾਨ ਨੂੰ ਮੁਸ਼ਿਕਲ ਆਉਣ ਤੇ ਤੁਰੰਤ ਨਿਪਟਾਰਾ ਕੀਤਾ ਜਾਵੇਗਾ।
ਇਸ ਮੌਕੇ ਤੇ ਅਗਾਂਹਵਧੂ ਕਿਸਾਨ ਸ਼੍ਰੀ ਅਜਾਇਬ ਸਿੰਘ ਪਿੰਡ ਬੜੀ ਗੰਧੋ ਨੇ ਮੁੱਖ ਖੇਤੀਬਾੜੀ ਅਫਸਰ ਜੀ ਦੇ ਧਿਆਨ ਵਿੱਚ ਲਿਆਂਦਾ ਕਿ ਪਿਛਲੇ ਤਿੰਨ ਸਾਲਾਂ ਤੋਂ ਉਹ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ। ਇਸ ਸਾਲ ਉਸ ਵੱਲੋਂ 10 ਏਕੜ ਰਕਬਾ ਸਿੱਧੀ ਬਿਜਾਈ ਹੇਠ ਲਿਆਂਦਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੀ ਬਿਜਾਈ ਨਾਲ ਪਾਣੀ, ਬਿਜਲੀ ਅਤੇ ਮਜ਼ਦੂਰੀ ਦੀ ਬੱਚਤ ਨਾਲ ਬਿਜਾਈ ਦਾ ਕਾਫੀ ਖਰਚਾ ਘਟਿਆ ਹੈ। ਉਨ੍ਹਾਂ ਨੇ ਬੇਨਤੀ ਕੀਤੀ ਕਿ ਵਿਭਾਗ ਅਤੇ ਸਾਡੇ ਵਰਗੇ ਕਿਸਾਨਾਂ ਨਾਲ ਜ਼ਿਲ੍ਹੇ ਵਿੱਚ ਸਿੱਧੀ ਬਿਜਾਈ ਹੇਠ ਰਕਬਾ ਵਧਾਇਆ ਜਾ ਸਕਦਾ ਹੈ।
ਡਾ. ਗੁਰਮੇਲ ਸਿੰਘ ਵੱਲੋਂ ਸਮੂਹ ਬਲਾਕਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਕਿ ਜ਼ਿਲ੍ਹੇ ਵਿੱਚ ਮੱਕੀ ਹੇਠ ਰਕਬਾ ਵਧਾਉਣ ਲਈ ਸਬਸਿਡੀ ਤੇ ਮੱਕੀ ਦਾ ਬੀਜ਼ ਉਪਲਬਧ ਹੈ। ਜਿਸ ਦੀ ਕੀਮਤ ਸਰਕਾਰ ਵੱਲੋਂ ਜਲਦੀ ਹੀ ਤੈਅ ਕਰ ਦਿੱਤੀ ਜਾਵੇਗੀ। ਫਸਲੀ ਵਿਭਿੰਨਤਾ ਅਧੀਨ ਰਕਬਾ ਵਧਾਉਣ ਲਈ ਜ਼ਿਲ੍ਹੇ ਵਿੱਚ ਮੱਕੀ, ਗੰਨਾ ਅਤੇ ਮੂਲ ਅਨਾਜਾਂ ਦੀ ਖੇਤੀ ਵੱਲ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇ।
ਕਿਸਾਨਾਂ ਨੂੰ ਮਿਆਰੀ ਬੀਜ਼, ਖਾਦਾਂ ਅਤੇ ਕੀਟਨਾਸ਼ਕ ਉਪਲੱਬਧ ਕਰਾਉਣ ਲਈ ਜ਼ਿਲ੍ਹਾ ਪੱਧਰੀ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਜੋ ਇਨਪੁਟਸ ਦੀ ਸਪਲਾਈ ਅਤੇ ਕੁਆਲਿਟੀ ਨੂੰ ਨਿਰੰਤਰ ਬਣਾਉਣ ਲਈ ਕੰਮ ਕਰਨਗੀਆਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਤੈਨਾਤ ਰਹਿਣਗੀਆਂ।
ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੀਆਂ ਰੁਕੀਆਂ ਕਿਸ਼ਤਾਂ ਦੇ ਭੁਗਤਾਨ ਲਈ ਸਰਕਾਰੀ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਕਿਸਾਨਾਂ ਨੇ ਅਜੇ ਤੱਕ ਈ- ਕੇ ਵਾਈ ਸੀ ਨਹੀਂ ਕਰਵਾਈ ਉਹ ਤੁਰੰਤ ਇਸਨੂੰ ਨੇੜੇ ਦੇ ਕੰਪਿਊਟਰ ਸਰਵਿਸ ਸੈਂਟਰ ਤੇ ਜਾ ਕੇ ਕਰਵਾ ਸਕਦੇ ਹਨ।
ਕਿਸ਼ਤਾਂ ਦਾ ਭੁਗਤਾਨ ਈ- ਕੇ ਵਾਈ ਸੀ ਹੋਣ ਉਪਰੰਤ ਹੀ ਸੰਭਵ ਹੋਵੇਗਾ।
ਇਸ ਮੌਕੇ ਤੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਸ਼੍ਰੀ ਅਮਰਾਓ ਸਿੰਘ ਪਿੰਡ ਚੱਕਲਾ, ਸ਼੍ਰੀ ਅਜੈਬ ਸਿੰਘ ਪਿੰਡ ਬੜੀ ਗੰਧੋ, ਸ਼੍ਰੀ ਹਰਮੇਸ਼ ਸਿੰਘ ਪਿੰਡ ਛੋਟੀ ਹਵੇਲੀ, ਸ਼੍ਰੀ ਸਰਵਣ ਸਿੰਘ, ਸ਼੍ਰੀ ਜਗਤਾਰ ਸਿੰਘ ਪਿੰਡ ਮੀਆਂਪੁਰ ਹੰਡੂਰ, ਡਾ. ਪੰਕਜ ਸਿੰਘ ਖੇਤੀਬਾੜੀ ਅਫਸਰ (ਸ.ਮ.), ਡਾ. ਰਣਯੋਧ ਸਿੰਘ (ਏ.ਪੀ.ਪੀ.ਓ.), ਡਾ. ਰਮਨ ਕਰੋੜੀਆ (ਖੇਤੀਬਾੜੀ ਅਫਸਰ ਬੀਜ਼), ਡਾ. ਸੁਰਿੰਦਰ ਪਾਲ ਸਿੰਘ (ਬਲਾਕ ਅਫਸਰ ਸ਼੍ਰੀ ਚਮਕੌਰ ਸਾਹਿਬ), ਡਾ. ਅਮਰਜੀਤ ਸਿੰਘ (ਖੇਤੀਬਾੜੀ ਵਿਕਾਸ ਅਫਸਰ ਸ਼੍ਰੀ ਅਨੰਦਪੁਰ ਸਾਹਿਬ), ਡਾ. ਦਵਿੰਦਰ ਸਿੰਘ (ਖੇਤੀਬਾੜੀ ਵਿਕਾਸ ਅਫਸਰ , ਹੈੱਡ ਕੁਆਰਟਰ), ਸ਼੍ਰੀ ਬਲਵਿੰਦਰ ਕੁਮਾਰ (ਏ.ਈ.ਓ.), ਸ਼੍ਰੀ ਹਰਪ੍ਰੀਤ ਸਿੰਘ (ਏ.ਈ.ਓ) ਅਤੇ ਸ਼੍ਰੀ ਗੁਰਦੀਪ ਸਿੰਘ (ਏ.ਈ.ਓ) ਸ਼ਾਮਿਲ ਸਨ।