ਪ੍ਰਸ਼ਾਸਨ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਿਕ ਮੈਂਬਰਾਂ ਦੀਆਂ ਸਮੱਸਿਆਂ ਨੂੰ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਵਚਨਬੱਧ – ਜਸਜੀਤ ਸਿੰਘ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਪ੍ਰਸ਼ਾਸਨ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਿਕ ਮੈਂਬਰਾਂ ਦੀਆਂ ਸਮੱਸਿਆਂ ਨੂੰ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਵਚਨਬੱਧ – ਜਸਜੀਤ ਸਿੰਘ
ਰੂਪਨਗਰ, 24 ਸਤੰਬਰ: ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿੱਚ ਮੁੱਖ ਮੰਤਰੀ ਫ਼ੀਲਡ ਅਫ਼ਸਰ ਜਸਜੀਤ ਸਿੰਘ, ਪੀ.ਸੀ.ਐਸ. ਦੀ ਅਗਵਾਈ ਹੇਠ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਿਕ ਮੈਂਬਰਾਂ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੀਟਿੰਗ ਦੌਰਾਨ ਸੀ.ਐਮ.ਐਫ਼.ਓ. ਨੇ ਨੁਮਾਇੰਦਿਆਂ ਅਤੇ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਿਕ ਮੈਂਬਰਾਂ ਨਾਲ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ, ਸ਼ਿਕਾਇਤਾਂ ਅਤੇ ਮੁੱਦਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੋਏ ਵਿਸਥਾਰ ਨਾਲ ਚਰਚਾ ਕੀਤੀ ਗਈ।
ਜਸਜੀਤ ਸਿੰਘ ਨੇ ਜ਼ਿਲ੍ਹੇ ਦੇ ਵੱਖ ਵੱਖ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੁਤੰਤਰਤਾ ਸੰਗਰਾਮੀਆਂ ਨਾਲ ਸੰਬੰਧਤ ਲੰਬਿਤ ਰਿਪੋਰਟਾਂ ਨੂੰ ਤੁਰੰਤ ਸਮਰੱਥ ਅਧਿਕਾਰੀ ਕੋਲ ਅਗਲੀ ਕਾਰਵਾਈ ਲਈ ਭੇਜਿਆ ਜਾਵੇ ਅਤੇ ਉਨ੍ਹਾਂ ਵਲੋਂ ਸਰਕਾਰੀ ਦਫ਼ਤਰ ਵਿੱਚ ਆਉਣ ਸਮੇਂ ਬਣਦਾ ਮਾਣ-ਸਨਮਾਨ ਵੀ ਦਿੱਤਾ ਜਾਵੇ। ਸੀ.ਐਮ.ਐਫ਼.ਓ. ਨੇ ਨੁਮਾਇੰਦਿਆਂ ਅਤੇ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਤੱਥ ਤੋਂ ਜਾਣੂ ਵੀ ਕਰਵਾਇਆ ਕਿ ਜੇਕਰ ਕਿਸੇ ਅਧਿਕਾਰੀ ਵਲੋਂ ਲੋਕ ਸੂਚਨਾ ਐਕਟ ਤਹਿਤ ਉਨ੍ਹਾਂ ਦੀ ਅਰਜ਼ੀ ਦਾ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਉਹ ਸਬੰਧਤ ਦਫਤਰ ਦੀ ਪਹਿਲੀ ਐਪੀਲੇਟ ਅਥਾਰਟੀ ਪਾਸ ਅਪੀਲ ਕਰ ਸਕਦੇ ਹਨ।
ਸੀ.ਐਮ.ਐਫ਼.ਓ. ਜਸਜੀਤ ਸਿੰਘ ਨੇ ਯਕੀਨ ਦਵਾਇਆ ਕਿ ਪ੍ਰਸ਼ਾਸਨ ਆਜ਼ਾਦੀ ਸੰਘਰਸ਼ੀ ਯੋਧਿਆਂ ਅਤੇ ਉਨ੍ਹਾਂ ਦੇ ਆਸ਼੍ਰਿਤਾਂ ਦੀਆਂ ਸਾਰੀਆਂ ਸਮੱਸਿਆਵਾਂ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰੂਪਨਗਰ ਹਾਜ਼ਰ ਸਨ। ਡਿਪਟੀ ਡੀ.ਈ.ਓ. ਨੇ ਨੁਮਾਇੰਦਿਆਂ ਨੂੰ ਦੱਸਿਆ ਕਿ ਜੇਕਰ ਉਹ ਆਪਣੇ ਪਿੰਡ/ਮੁਹੱਲੇ ਦੇ ਸਰਕਾਰੀ ਸਕੂਲ ਦਾ ਨਾਂ ਆਪਣੇ ਪਰਿਵਾਰ ਨਾਲ ਸਬੰਧਤ ਸੁਤੰਰਤਰਤਾ ਸੰਗਰਾਮੀ ਦੇ ਨਾਂ ਤੇ ਰੱਖਣਾ ਚਾਹੁੰਦੇ ਹਨ, ਤਾਂ ਉਹ ਆਪਣੀ ਅਰਜ਼ੀ ਮੁੰਮਕਲ ਕਰਕੇ ਸਬੰਧਤ ਸਕੂਲ ਤੋਂ ਸਿੱਖਿਆ ਵਿਭਾਗ ਪੰਜਾਬ ਦੇ ਈ-ਪੰਜਾਬ ਪੋਰਟਲ ਤੇ ਅੱਪਲੋਡ ਕਰਵਾ ਸਕਦੇ ਹਨ।
ਆਜ਼ਾਦੀ ਸੰਘਰਸ਼ੀ ਯੋਧਿਆਂ ਅਤੇ ਉਨ੍ਹਾਂ ਦੇ ਆਸ਼੍ਰਿਤਾਂ ਦੀ ਸੰਸਥਾ ਦੇ ਪ੍ਰਮੁੱਖ ਨੁਮਾਇੰਦਿਆਂ ਵਿੱਚ ਚਿਤੰਨ ਸਿੰਘ ਸੇਖੋਂ, ਸੂਬਾ ਪ੍ਰਧਾਨ (ਫ਼ਰੀਡਮ ਫ਼ਾਈਟਰਜ਼ ਉੱਤਰਾਧਿਕਾਰੀ ਸੰਸਥਾ, ਰਜਿ. 196, ਪੰਜਾਬ), ਬਲਵਿੰਦਰ ਸਿੰਘ, ਸੂਬਾ ਖ਼ਜ਼ਾਨਚੀ ਅਤੇ ਬਲਦੇਵ ਸਿੰਘ, ਪੁੱਤਰ ਸ੍ਰੀ ਰਤਨ ਸਿੰਘ, ਪ੍ਰਧਾਨ (ਰੂਪਨਗਰ ਯੂਨਿਟ) ਸਮੇਤ ਜ਼ਿਲ੍ਹੇ ਦੇ ਸੁੰਤਤਰਤਾ ਸੰਗਰਾਮੀਆਂ ਦੇ ਵਾਰਿਸ ਹਾਜ਼ਰ ਸਨ|