ਪੀ.ਏ.ਯੂ.- ਕੇ.ਵੀ.ਕੇ. ਰੋਪੜ ਵੱਲੋਂ ਪਰਾਲੀ ਪ੍ਰਬੰਧਨ ਵਿਸ਼ੇ ਤੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਆਯੋਜਿਤ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਪੀ.ਏ.ਯੂ.- ਕੇ.ਵੀ.ਕੇ. ਰੋਪੜ ਵੱਲੋਂ ਪਰਾਲੀ ਪ੍ਰਬੰਧਨ ਵਿਸ਼ੇ ਤੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਆਯੋਜਿਤ
ਰੂਪਨਗਰ, 15 ਅਕਤੂਬਰ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਆਈਸੀਏਆਰ ਅਟਾਰੀ ਜ਼ੋਨ -1 ਲੁਧਿਆਣਾ ਦੇ ਰਹਿਨੁਮਾਈ ਹੇਠ ਪੀ.ਏ.ਯੂ.- ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵੱਲੋਂ ਅੱਜ ਪਿੰਡ ਭਾਗੋਮਾਜਰਾ ਵਿਖੇ ਪਰਾਲੀ ਪ੍ਰਬੰਧਨ ਵਿਸ਼ੇ ਦੇ ਸੰਦਰਭ ਵਿੱਚ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਭਾਗੋਮਾਜਰਾ, ਚੱਕਲਾਂ, ਲੋਹਾਰੀ, ਸੀਹੋਂਮਾਜਰਾ ਅਤੇ ਰੋਡ ਮਾਜਰਾ ਪਿੰਡਾਂ ਤੋਂ 110 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ।
ਇਸ ਕੈਂਪ ਵਿੱਚ ਇਨ-ਸਿਟੂ ਫ਼ਸਲ ਅਵਸ਼ੇਸ਼ ਪ੍ਰਬੰਧਨ ਦੀ ਮਹੱਤਤਾ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਡਾ. ਸਤਬੀਰ ਸਿੰਘ ਨੇ ਜ਼ਿਲ੍ਹੇ ਵਿੱਚ ਇਨ-ਸਿਟੂ ਅਤੇ ਐਕਸ-ਸਿਟੂ ਪ੍ਰਬੰਧਨ ਦੀ ਵਰਤਮਾਨ ਸਥਿਤੀ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਲਈ ਉਪਲਬਧ ਵਿਕਲਪਾਂ ਬਾਰੇ ਵਿਸਥਾਰ ਜਾਣਕਾਰੀ ਦਿੱਤੀ।
ਡਾ. ਅਪਰਣਾ (ਪਸ਼ੂ ਪਾਲਣ ਵਿਗਿਆਨ), ਡਾ. ਅੰਕੁਰਦੀਪ ਪ੍ਰੀਤੀ (ਐਗਰੋਫੋਰੈਸਟਰੀ) ਅਤੇ ਡਾ. ਜਗਮਨਜੋਤ ਸਿੰਘ (ਭੂਮੀ ਵਿਗਿਆਨ) ਨੇ ਆਪਣੇ-ਆਪਣੇ ਵਿਭਾਗਾਂ ਵਿੱਚ ਹੋ ਰਹੀਆਂ ਨਵੀਂ ਤਰੱਕੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਇਸ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਪ੍ਰਦਰਸ਼ਨੀ ਅਤੇ ਵਿਕਰੀ ਕਾਊਂਟਰ ਸੀ, ਜਿਸ ਵਿੱਚ ਖੇਤੀਬਾੜੀ ਸਾਹਿਤ, ਉੱਚ ਗੁਣਵੱਤਾ ਵਾਲੇ ਬੀਜ ਅਤੇ ਪਸ਼ੂ ਪੋਸ਼ਣ ਉਤਪਾਦ ਦਰਸਾਏ ਅਤੇ ਵਿਕਰੀ ਕੀਤੇ ਗਏ। ਇਹ ਪਹਿਲ ਕਿਸਾਨਾਂ ਨੂੰ ਅਜੋਕੀ ਖੇਤੀ ਲਈ ਜ਼ਰੂਰੀ ਜਾਣਕਾਰੀ ਅਤੇ ਜਿਨਸਾਂ ਤੱਕ ਪਹੁੰਚ ਦੇਣ ਲਈ ਕੀਤੀ ਗਈ। ਸਮਾਗਮ ਦਾ ਅੰਤ ਭਾਗ ਲੈਣ ਵਾਲੇ ਪਿੰਡਾਂ ਦੇ ਸਰਪੰਚਾਂ ਵੱਲੋਂ ਧੰਨਵਾਦ ਪ੍ਰਗਟਾਵੇ ਨਾਲ ਹੋਇਆ।