ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪੁਲਿਸ ਨੇ ਮੋਰਿੰਡੇ ਤੋਂ ਸ਼੍ਰੀ ਚਮਕੌਰ ਸਾਹਿਬ ਤੱਕ ਕਰਵਾਈ ਸਾਈਕਲ ਰੈਲੀ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪੁਲਿਸ ਨੇ ਮੋਰਿੰਡੇ ਤੋਂ ਸ਼੍ਰੀ ਚਮਕੌਰ ਸਾਹਿਬ ਤੱਕ ਕਰਵਾਈ ਸਾਈਕਲ ਰੈਲੀ
ਸ਼੍ਰੀ ਚਮਕੌਰ ਸਾਹਿਬ/ਮੋਰਿੰਡਾ, 7 ਅਪ੍ਰੈਲ: ਐੱਸ.ਐੱਸ.ਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਨਾ ਆਈ.ਪੀ.ਐੱਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੂਪਨਗਰ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਐਸ.ਪੀ. ਹੈਡਕੁਆਟਰ ਰਾਜਪਾਲ ਸਿੰਘ ਹੁੰਦਲ ਦੀ ਅਗਵਾਈ ਵਿੱਚ ਸਵੇਰੇ 6 ਵਜੇ ਰਾਮ ਰੀਲਾ ਗਰਾਊਂਡ ਮੋਰਿੰਡਾ ਤੋਂ ਸ਼੍ਰੀ ਚਮਕੌਰ ਸਾਹਿਬ ਤੱਕ ਸਾਈਕਲ ਰੈਲੀ ਕੱਢੀ ਗਈ।
ਇਸ ਸਬੰਧੀ ਬੋਲਦਿਆਂ ਐੱਸ.ਐੱਸ.ਪੀ ਸ. ਗੁਲਨੀਤ ਸਿੰਘ ਖੁਰਾਨਾ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਰੂਪਨਗਰ ਪੁਲਿਸ ਵੱਲੋਂ ਹਰ ਪੱਧਰ ਉੱਤੇ ਠੋਸ ਯਤਨ ਕੀਤੇ ਜਾ ਰਹੇ ਹਨ, ਇਨ੍ਹਾਂ ਯਤਨਾਂ ਨੂੰ ਹੋਰ ਹੁੰਗਾਰਾ ਦੇਣ ਦੇ ਮਕਸਦ ਨਾਲ ਇਹ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਖਾਤਮਾ ਕਰਨਾ ਆਸਾਨ ਨਹੀਂ ਹੈ, ਨਸ਼ਿਆਂ ਦੀ ਸਪਲਾਈ ਉਤੇ ਕਾਬੂ ਕਰਨ ਨਾਲ ਵੀ ਇਸ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ, ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਮੈਦਾਨ ਵਿਚ ਉਤਰਨਾ ਪਵੇਗਾ ਜਿਸ ਲਈ ਗੁਮਰਾਹ ਹੋਏ ਨਸ਼ਾ ਪੀੜਤਾਂ ਨੂੰ ਇਲਾਜ ਕਰਵਾਉਣ ਤੇ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਾ ਲਾਜ਼ਮੀ ਹੈ।
ਇਸ ਮੌਕੇ ਸਾਈਕਲ ਰੈਲੀ ਦੀ ਅਗਵਾਈ ਕਰਦਿਆਂ ਰਾਜਪਾਲ ਸਿੰਘ ਹੁੰਦਲ ਨੇ ਕਿਹਾ ਕਿ ਨਸ਼ਿਆਂ ਉਤੇ ਕਾਬੂ ਪਾਉਣ ਲਈ ਖੇਡਾਂ ਆਪਣਾ ਅਹਿਮ ਯੋਗਦਾਨ ਪਾ ਸਕਦੀਆਂ ਹਨ, ਖੇਡਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਆਪਣੇ ਜ਼ਿੰਦਗੀ ਦੇ ਮੁਕਾਮਾਂ ਨੂੰ ਹਾਸਿਲ ਕਰਨ ਲਈ ਪ੍ਰੇਰਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸੇ ਤਹਿਤ ਰੂਪਨਗਰ ਪੁਲਿਸ ਵੱਲੋਂ ਮੋਰਿੰਡਾਤੋਂ ਸ਼੍ਰੀ ਚਮਕੌਰ ਸਾਹਿਬ ਤੱਕ 15 ਕਿਲੋਮੀਟਰ ਸਾਈਕਲ ਰੈਲੀ ਕੱਢੀ ਗਈ ਜਿਸ ਵਿਚ ਨੌਜਵਾਨਾਂ ਵਲੋਂ ਪੂਰੇ ਜੋਸ਼ ਨਾਲ ਭਾਗ ਲਿਆ ਗਿਆ। ਸਾਈਕਲ ਰੈਲੀ ਮੁਕੰਮਲ ਹੋਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਵਲੋਂ ਭਾਗੀਦਾਰਾਂ ਲਈ ਰਿਫਰਸ਼ਮੇਂਟ ਦਾ ਪ੍ਰਬੰਧ ਵੀ ਕੀਤਾ ਗਿਆ।
ਇਸ ਮੌਕੇ ਡੀ.ਐਸ.ਪੀ. ਸ੍ਰੀ ਚਮਕੌਰ ਸਾਹਿਬ ਜਤਿੰਦਰ ਸਿੰਘ, ਡੀ.ਐਸ.ਪੀ. ਮੋਰਿੰਡਾ ਗੁਰਦੀਪ ਸਿੰਘ ਸੰਧੂ, ਐਸ.ਐੱਚ.ਓ. ਸਿਟੀ ਮੋਰਿੰਡਾ ਸੁਨੀਲ ਕੁਮਾਰ, ਐਸ.ਐੱਚ.ਓ. ਸਦਰ ਮੋਰਿੰਡਾ ਨਰਿੰਦਰ ਸਿੰਘ, ਐਸ.ਐੱਚ.ਓ. ਸ੍ਰੀ ਚਮਕੌਰ ਸਾਹਿਬ ਕੋਮਲ ਤਨੇਜਾ, ਯੋਗੇਸ਼ ਮੋਹਨ ਪੰਕਜ, ਸ਼ਿਵ ਕੁਮਾਰ ਸੈਣੀ ਰੂਪਨਗਰ ਸਾਈਕਲਿੰਗ ਐਂਡ ਐਸੋਸੀਏਸ਼ਨ ਟੀਮ, ਗੁਰਿੰਦਰ ਸਿੰਘ ਬੜਵਾਂ, ਡਾ. ਮਹਿੰਦਰ ਸਿੰਘ ਲੁਠੇੜੀ, ਪਰਮਿੰਦਰ ਸਿੰਘ ਲੱਕੀ ਮੋਰਿੰਡਾ, ਮਨਦੀਪ ਸਿੰਘ ਗਲੋਬਲ ਇਨਕਲੇਵ, ਵਿਨੈ ਸ਼ਰਮਾ ਦੁੱਗਰੀ ਅਤੇ ਹੋਰ ਖਿਡਾਰੀ/ਵਿਦਆਰਥੀ ਆਦਿ ਹਾਜ਼ਰ ਸਨ।