ਬੰਦ ਕਰੋ

ਨਗਰ ਪੰਚਾਇਤ ਕੀਰਤਪੁਰ ਸਾਹਿਬ ਵੱਲੋਂ ਸਫ਼ਾਈ ਅਤੇ ਪਲਾਸਟਿਕ ਚੁੱਕਣ ਮੁਹਿੰਮ ਦੀ ਸ਼ੁਰੂਆਤ

ਪ੍ਰਕਾਸ਼ਨ ਦੀ ਮਿਤੀ : 28/01/2026
Kiratpur Sahib Nagar Panchayat launches cleanliness and plastic removal campaign

ਨਗਰ ਪੰਚਾਇਤ ਕੀਰਤਪੁਰ ਸਾਹਿਬ ਵੱਲੋਂ ਸਫ਼ਾਈ ਅਤੇ ਪਲਾਸਟਿਕ ਚੁੱਕਣ ਮੁਹਿੰਮ ਦੀ ਸ਼ੁਰੂਆਤ

ਕੀਰਤਪੁਰ ਸਾਹਿਬ, 28 ਜਨਵਰੀ: ਨਗਰ ਪੰਚਾਇਤ ਕੀਰਤਪੁਰ ਸਾਹਿਬ ਵਿਖੇ ਵਾਤਾਵਰਨ ਸੁਰੱਖਿਆ ਅਤੇ ਸ਼ਹਿਰ ਨੂੰ ਸਾਫ਼–ਸੁਥਰਾ ਬਣਾਈ ਰੱਖਣ ਦੇ ਮਕਸਦ ਨਾਲ ਸਹਾਇਕ ਕਮਿਸ਼ਨਰ ਅਤੇ ਕਾਰਜਸਾਧਕ ਅਫ਼ਸਰ ਅਭਿਮਨਿਊ ਮਲਿਕ, ਆਈ.ਏ.ਐਸ. ਵੱਲੋਂ ਸਫ਼ਾਈ ਅਤੇ ਪਲਾਸਟਿਕ ਚੁੱਕਣ ਦੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।

ਆਈ ਏ ਐਸ ਅਭਿਮਨਿਊ ਮਲਿਕ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ’ਤੇ ਲੱਗੇ ਗੰਦਗੀ ਦੇ ਢੇਰ ਅਤੇ ਸੜਕਾਂ, ਗਲੀਆਂ ਅਤੇ ਖੁੱਲ੍ਹੇ ਸਥਾਨਾਂ ’ਤੇ ਖਿਲਰੇ ਪਲਾਸਟਿਕ ਦੇ ਕੂੜੇ ਨੂੰ ਇਕੱਠਾ ਕਰਵਾਇਆ ਗਿਆ।

ਮੁਹਿੰਮ ਤਹਿਤ ਇਕੱਠਾ ਕੀਤਾ ਗਿਆ ਸਾਰਾ ਕੂੜਾ ਅਤੇ ਪਲਾਸਟਿਕ ਨਿਰਧਾਰਤ ਡੰਪਿੰਗ ਯਾਰਡ ਵਿੱਚ ਭੇਜਿਆ ਗਿਆ ਤਾਂ ਜੋ ਸ਼ਹਿਰ ਵਿੱਚ ਸਫ਼ਾਈ ਬਣੀ ਰਹੇ ਅਤੇ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।

ਅਭਿਮਨਿਊ ਮਲਿਕ, ਆਈ.ਏ.ਐਸ. ਨੇ ਖੁਦ ਮੌਕੇ ’ਤੇ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ ਅਤੇ ਮੌਜੂਦ ਰਹਿ ਕੇ ਸਫ਼ਾਈ ਕਾਰਜਾਂ ਦੀ ਨਿਗਰਾਨੀ ਕੀਤੀ ਅਤੇ ਸਫ਼ਾਈ ਕਰਮਚਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ।

ਇਸ ਮੌਕੇ ਸਹਾਇਕ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਥਾਂ–ਥਾਂ ਗੰਦਗੀ ਦੇ ਢੇਰ ਨਾ ਲਗਾਏ ਜਾਣ ਅਤੇ ਪਲਾਸਟਿਕ ਦੇ ਕੂੜੇ ਨੂੰ ਖੁੱਲ੍ਹੇ ਵਿੱਚ ਨਾ ਸੁੱਟਿਆ ਜਾਵੇ।

ਉਨ੍ਹਾਂ ਕਿਹਾ ਕਿ ਪਲਾਸਟਿਕ ਨਾ ਸਿਰਫ਼ ਵਾਤਾਵਰਨ ਲਈ ਹਾਨੀਕਾਰਕ ਹੈ, ਸਗੋਂ ਇਹ ਸਿਹਤ ਸੰਬੰਧੀ ਸਮੱਸਿਆਵਾਂ ਦਾ ਕਾਰਨ ਵੀ ਬਣਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਫ਼ਾਈ ਮੁਹਿੰਮ ਵਿੱਚ ਸਹਿਯੋਗ ਦੇਣ ਅਤੇ ਆਪਣੇ ਆਲੇ–ਦੁਆਲੇ ਦਾ ਵਾਤਾਵਰਨ ਸਾਫ਼–ਸੁਥਰਾ ਰੱਖਣ ਦੀ ਅਪੀਲ ਕੀਤੀ ਕਿ ਸਫ਼ਾਈ ਸਿਰਫ਼ ਪ੍ਰਸ਼ਾਸਨ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਸ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ।

ਉਨ੍ਹਾਂ ਦੱਸਿਆ ਕਿ ਅਜਿਹੀ ਮੁਹਿੰਮਭਵਿੱਖ ਵਿੱਚ ਵੀ ਨਿਰੰਤਰ ਤੌਰ ’ਤੇ ਜਾਰੀ ਰਹਿਣਗੀ ਤਾਂ ਜੋ ਕੀਰਤਪੁਰ ਸਾਹਿਬ ਨੂੰ ਸਾਫ਼, ਸੁੰਦਰ ਅਤੇ ਸਿਹਤਮੰਦ ਸ਼ਹਿਰ ਬਣਾਇਆ ਜਾ ਸਕੇ।

ਇਸ ਮੌਕੇ ਦੇਵ ਕੁਮਾਰ ਲੇਖਾਕਾਰ, ਕੇਸ਼ਵ ਸਿੰਘ, ਸਚਿਨ ਕੁਮਾਰ, ਰਾਹੁਲ ਕਨੋਜੀਆ, ਰਜੇਸ਼ ਕੁਮਾਰ, ਰਜਤ, ਅਤੇ ਸਮੂਹ ਸਫਾਈ ਸੇਵਕ ਮੌਜੂਦ ਸਨ।