ਧੀਆਂ ਵੱਲੋਂ ਪੁੱਤਰਾਂ ਨਾਲੋਂ ਵੀ ਵੱਧ ਕੇ ਮਾਰੀਆਂ ਜਾ ਰਹੀਆਂ ਮੱਲ੍ਹਾਂ – ਡਿਪਟੀ ਕਮਿਸ਼ਨਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਧੀਆਂ ਵੱਲੋਂ ਪੁੱਤਰਾਂ ਨਾਲੋਂ ਵੀ ਵੱਧ ਕੇ ਮਾਰੀਆਂ ਜਾ ਰਹੀਆਂ ਮੱਲ੍ਹਾਂ – ਡਿਪਟੀ ਕਮਿਸ਼ਨਰ
“ਬੇਟੀ ਬਚਾਓ, ਬੇਟੀ ਪੜਾਓ” ਮਿਸ਼ਨ ਤਹਿਤ 101 ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਈ
ਰੂਪਨਗਰ, 20 ਜਨਵਰੀ: ਹੁਣ ਧੀਆਂ ਵੱਲੋਂ ਪੁੱਤਰਾਂ ਨਾਲੋਂ ਵੀ ਵੱਧ ਕੇ ਮੱਲ੍ਹਾਂ ਮਾਰੀਆਂ ਜਾ ਰਹੀਆਂ ਹਨ। ਸਿੱਖਿਆ, ਖੇਡਾਂ, ਕਲਾ ਜਾਂ ਫਿਰ ਹੋਰ ਕੋਈ ਵੀ ਖੇਤਰ ਹੋਵੇ, ਧੀਆਂ ਹਰ ਪਾਸੇ ਆਪਣੇ ਮਾਪਿਆਂ, ਜ਼ਿਲ੍ਹੇ ਤੇ ਦੇਸ਼ ਦਾ ਨਾਮ ਰੋਸ਼ਨ ਕਰ ਰਹੀਆਂ ਹਨ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਵੱਲੋਂ “ਬੇਟੀ ਬਚਾਓ, ਬੇਟੀ ਪੜਾਓ” ਮੁਹਿੰਮ ਤਹਿਤ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿਖੇ 101 ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਉਣ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਲੋਹੜੀ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ “ਬੇਟੀ ਬਚਾਓ, ਬੇਟੀ ਪੜਾਓ” ਮਿਸ਼ਨ ਤਹਿਤ ਕਰਵਾਏ ਜਾ ਰਹੇ ਇਸ ਸਮਾਗਮ ਦਾ ਮੁੱਖ ਉਦੇਸ਼ ਧੀਆਂ ਦੇ ਪੜਾਈ ਲਿਖਾਈ ਅਤੇ ਬਣਦੇ ਮਾਣ ਸਤਿਕਾਰ ਪ੍ਰਤੀ ਸਮਾਜ ਵਿਚ ਜਾਗਰੂਕਤਾ ਵਧਾਉਣਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਭਾਰਤ ਵਿੱਚ ਹਰ ਇਕ ਤਿਉਹਾਰ ਦੀ ਆਪਣੀ ਮਹੱਤਤਾ ਹੈ ਅਤੇ ਇਸੇ ਤਰ੍ਹਾਂ ਹੀ ਲੋਹੜੀ ਦੇ ਤਿਉਹਾਰ ਉਤੇ ਧੀਆਂ ਦੀ ਲੋਹੜੀ ਮਨਾਉਣ ਕਰਕੇ ਇਸ ਦੀ ਮਹਤੱਤਾ ਹੋਰ ਵੱਧ ਗਈ ਹੈ।
ਉਨ੍ਹਾਂ ਕਿਹਾ ਕਿ ਨਾਰੀ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅਤੇ ਤਕਨਾਲੋਜੀ ਦੇ ਯੁੱਗ ਵਿੱਚ ਲੜਕੀਆਂ, ਲੜਕਿਆਂ ਤੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਸਾਨੂੰ ਆਪਣੇ ਸਮਾਜ ਵਿਚ ਧੀਆਂ ਨੂੰ ਬਰਾਬਰੀ ਦਾ ਦਰਜਾ ਦੇਣਾ ਚਾਹੀਦਾ ਹੈ ਅਤੇ ਖਾਸ ਕਰਕੇ ਲੜਕੀਆਂ ਨੂੰ ਸਿੱਖਿਆ ਅਤੇ ਨੌਕਰੀ ਕਰਨ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਲੜਕੀ ਦੇ ਜਨਮ ਮੌਕੇ ਘਰਾਂ ਵਿਚ ਖੁਸ਼ੀ ਨਹੀਂ ਮਨਾਈ ਜਾਂਦੀ ਸੀ ਪਰ ਹੁਣ ਪੰਜਾਬ ਦਾ ਸ਼ਾਇਦ ਹੀ ਕੋਈ ਘਰ ਹੋਵੇਗਾ ਜਿਥੇ ਕੁੜੀਆਂ ਦੇ ਜਨਮ ਮੌਕੇ ਖੁਸ਼ੀਆਂ ਨਾ ਮਨਾਈਆਂ ਜਾਣ। ਇਸੇ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਅੱਜ ਸਾਂਝੇ ਤੌਰ ਉਤੇ ਇਹ ਪਵਿੱਤਰ ਤਿਉਹਾਰ ਮਹਾਰਾਜਾ ਰਣਜੀਤ ਸਿੰਘ ਬਾਗ ਵਿਚ ਮਨਾ ਰਹੇ ਹਾਂ।
ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਵੱਲੋਂ ਇਸ ਸਮਾਗਮ ਵਿੱਚ 101 ਨਵ ਜਨਮੀਆਂ ਲੜਕੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਸੱਭਿਆਚਾਰਿਕ ਪ੍ਰੋਗਰਾਮ ਦੌਰਾਨ ਸਕੂਲ ਆਫ ਐਮੀਂਨਸ ਦੀਆਂ ਵਿਦਿਆਰਥਣਾ ਵੱਲੋਂ ਫੋਕ ਡਾਂਸ (ਲੋਹੜੀ ਦੇ ਟੱਪੇ), ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਫੋਕ ਡਾਂਸ, ਜ਼ਿਲ੍ਹਾ ਸਮਾਜਿਕ ਸੁਰੱਖਿਆ ਤੇ ਇਸਤਰੀ ਭਲਾਈ ਵਿਭਾਗ ਦੇ ਕਰਮਚਾਰੀ ਸ. ਨਰਿੰਦਰ ਸਿੰਘ ਵੱਲੋਂ ਧੀਆਂ ਤੇ ਗੀਤ ਦੀ ਪੇਸ਼ਕਾਰੀ, ਨਹਿਰੂ ਯੁਵਾ ਕੇਂਦਰ ਤੋਂ ਕਲਾਕਾਰ ਅਰਵਿੰਦਰ ਸਿੰਘ ਵਲੋਂ ਤਿਆਰ ਕੀਤਾ ਗਿਆ ਨਾਟਕ ‘ਜਾਗੋ-ਜਾਗੋ’ ਵੀ ਦਿਖਾਇਆ ਗਿਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਲੜਕੀਆਂ ਦੀਆਂ ਵਿਦਿਆਰਥਣਾ ਦਾ ਗਿੱਧਾ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀਆਂ ਵਿਦਿਆਰਥਣਾ ਵੱਲੋਂ ਭੰਗੜੇ ਦੀ ਪੇਸ਼ਕਾਰੀ ਦਿੱਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਸ਼ਰੂਤੀ ਸ਼ਰਮਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਕਰਨ ਮਹਿਤਾ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਜਿੰਦਰ ਕੌਰ, ਸਖੀ ਵਨ ਸਟਾਪ ਸੈਂਟਰ ਤੋਂ ਸ਼੍ਰੀਮਤੀ ਕੰਵਲਜੀਤ ਕੌਰ, ਜ਼ਿਲ੍ਹਾ ਕੋਆਰਡੀਨਟਰ ਸ਼੍ਰੀ ਰਾਹੁਲ ਗੌਤਮ, ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਤੋਂ ਸ. ਸਤਨਾਮ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।