ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੀ ਝੂਠੀ ਕਾਂਗਿਆਰੀ (ਹਲਦੀ ਰੋਗ) ਨਾਲ ਪ੍ਰਭਾਵਿਤ ਖੇਤਾਂ ਦਾ ਦੌਰਾ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੀ ਝੂਠੀ ਕਾਂਗਿਆਰੀ (ਹਲਦੀ ਰੋਗ) ਨਾਲ ਪ੍ਰਭਾਵਿਤ ਖੇਤਾਂ ਦਾ ਦੌਰਾ
ਮੋਰਿੰਡਾ, 04 ਅਕਤੂਬਰ 2025 – ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਨੇ ਅੱਜ ਮੋਰਿੰਡਾ ਸਬ ਡਵਿਜ਼ਨ ਦੇ ਪਿੰਡ ਢੰਗਰਾਲੀ ਵਿਖੇ ਝੋਨੇ ਦੀ ਝੂਠੀ ਕਾਂਗਿਆਰੀ (ਹਲਦੀ ਰੋਗ) ਨਾਲ ਪ੍ਰਭਾਵਿਤ ਖੇਤਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਰੋਗ ਨਾਲ ਹੋਏ ਨੁਕਸਾਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਕਿਸਾਨਾਂ ਨੇ ਦੱਸਿਆ ਕਿ ਇਸ ਰੋਗ ਕਾਰਨ ਕਈ ਖੇਤ ਪ੍ਰਭਾਵਿਤ ਹੋਏ ਹਨ।
ਡਿਪਟੀ ਕਮਿਸ਼ਨਰ ਨੇ ਸਬ ਡਵਿਜ਼ਨਲ ਮੈਜਿਸਟ੍ਰੇਟ ਸ੍ਰੀ ਸੁਖਪਾਲ ਸਿੰਘ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਮਿਲ ਕੇ ਟੀਮ ਬਣਾਈ ਜਾਵੇ ਅਤੇ ਪ੍ਰਭਾਵਿਤ ਪਿੰਡਾਂ ਦਾ ਵਿਸਥਾਰਪੂਰਵਕ ਦੌਰਾ ਕਰਕੇ ਰਿਪੋਰਟ ਤਿਆਰ ਕੀਤੀ ਜਾਵੇ, ਤਾਂ ਜੋ ਇਸ ਬਾਰੇ ਸਰਕਾਰ ਨੂੰ ਜਾਣਕਾਰੀ ਭੇਜੀ ਜਾ ਸਕੇ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਇਸ ਮੁਸ਼ਕਲ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਇਸ ਮੌਕੇ ਖੇਤੀ ਮਾਹਿਰ ਡਾ. ਇਕਬਾਲਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਮੋਰਿੰਡਾ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਫਸਲ ਦੀ ਵਾਢੀ ਧੁੱਪ ਵਿੱਚ ਕਰਨ ਤਾਂ ਜੋ ਰੋਗ ਨਾਲ ਪ੍ਰਭਾਵਿਤ ਡੋਡੀਆ ਪਾਉਡਰ ਰੂਪ ਵਿੱਚ ਸੁੱਕ ਕੇ ਖਤਮ ਹੋ ਜਾਣ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੰਡੀ ਵਿੱਚ ਆਈ ਫਸਲ ਵਿੱਚ ਪ੍ਰਭਾਵਿਤ ਢੇਰੀਆਂ ਨੂੰ ਵੱਖਰਾ ਰੱਖਿਆ ਜਾਵੇ ਅਤੇ ਤੇਜ਼ ਪੱਖਾ ਲਗਾ ਕੇ ਸਾਫ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਰੂਪਨਗਰ ਨੂੰ ਜੀਰੋ ਸਟੱਬਲ ਬਰਨਿੰਗ ਜ਼ਿਲ੍ਹਾ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕਿਸਾਨ ਇਸ ਸਾਲ ਪਰਾਲੀ ਸਾੜਨ ਤੋਂ ਪਰਹੇਜ਼ ਕਰਕੇ ਵਾਤਾਵਰਣ ਦੀ ਰੱਖਿਆ ਕਰਨਗੇ। ਉਨ੍ਹਾਂ ਨੇ ਸ਼ਲਾਘਾ ਕੀਤੀ ਕਿ ਕਿਸਾਨਾਂ ਦੀ ਜਾਗਰੂਕਤਾ ਕਾਰਨ ਹੁਣ ਤੱਕ ਕਿਸੇ ਵੀ ਖੇਤ ਵਿੱਚ ਅੱਗ ਲੱਗਣ ਦੀ ਕੋਈ ਘਟਨਾ ਨਹੀਂ ਹੋਈ।
ਉਨ੍ਹਾਂ ਨੇ ਦੱਸਿਆ ਕਿ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਵੱਲੋਂ ਵੱਖ-ਵੱਖ ਮਸ਼ੀਨਾਂ ਉਪਲਬਧ ਕਰਵਾਈਆਂ ਗਈਆਂ ਹਨ। ਕਿਸਾਨ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਕਰਕੇ ਨਾ ਸਿਰਫ਼ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਾ ਸਕਦੇ ਹਨ, ਸਗੋਂ ਖੇਤੀ ਖਰਚ ਵੀ ਘਟਾ ਸਕਦੇ ਹਨ। ਮਸ਼ੀਨਾਂ ਦੀ ਉਪਲਬਧਤਾ ਲਈ ਕਿਸਾਨ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਵਾਢੀ ਸਮੇਂ ਹਰ ਕਿਸਾਨ ਇਹ ਯਕੀਨੀ ਬਣਾਵੇ ਕਿ ਉਸ ਦੀ ਕੰਬਾਇਨ ’ਤੇ ਸੁਪਰ ਐਸ.ਐਮ.ਐਸ. ਮਸ਼ੀਨ ਲੱਗੀ ਹੋਈ ਹੈ, ਜੋ ਪਰਾਲੀ ਦਾ ਕੁਤਰਾ ਕਰਕੇ ਖੇਤ ਵਿੱਚ ਹੀ ਮਿਲਾਉਂਦੀ ਹੈ। ਨਾਲ ਹੀ, ਉਨ੍ਹਾਂ ਨੇ ਅਪੀਲ ਕੀਤੀ ਕਿ ਝੋਨੇ ਦੀ ਉਪਜ ਦਾ ਸਹੀ ਭਾਅ ਲੈਣ ਲਈ ਕੰਬਾਇਨ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਚਲਾਈ ਜਾਵੇ, ਤਾਂ ਜੋ ਝੋਨੇ ਦੀ ਨਮੀ 17 ਪ੍ਰਤੀਸ਼ਤ ਤੋਂ ਘੱਟ ਰਹੇ।
ਇਸ ਮੌਕੇ ਸ੍ਰੀ ਸੁਖਪਾਲ ਸਿੰਘ, ਉਪ ਮੰਡਲ ਮੇਜਿਸਟ੍ਰੇਟ ਮੋਰਿੰਡਾ, ਡਾ. ਇਕਬਾਲਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਮੋਰਿੰਡਾ, ਸ੍ਰੀ ਪਵਿੱਤਰ ਸਿੰਘ, ਖੇਤੀਬਾੜੀ ਉਪ ਨਿਰੀਖਕ, ਪਿੰਡ ਦੇ ਮੋਹਤਵਪੂਰਨ ਵਿਅਕਤੀ ਅਤੇ ਕਈ ਕਿਸਾਨ ਮੌਜੂਦ ਸਨ।