ਬੰਦ ਕਰੋ

ਡਿਪਟੀ ਕਮਿਸ਼ਨਰ ਵਲੋਂ ਕਣਕ ਨੂੰ ਖਰੀਦਣ ਅਤੇ ਸਾਂਭ-ਸੰਭਾਲ ਦੇ ਪੁਖਤਾ ਪ੍ਰਬੰਧ ਕਰਨ ਲਈ ਹਦਾਇਤਾਂ ਜਾਰੀ

ਪ੍ਰਕਾਸ਼ਨ ਦੀ ਮਿਤੀ : 28/03/2025
Deputy Commissioner issues instructions to make proper arrangements for purchasing and storing wheat

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਡਿਪਟੀ ਕਮਿਸ਼ਨਰ ਵਲੋਂ ਕਣਕ ਨੂੰ ਖਰੀਦਣ ਅਤੇ ਸਾਂਭ-ਸੰਭਾਲ ਦੇ ਪੁਖਤਾ ਪ੍ਰਬੰਧ ਕਰਨ ਲਈ ਹਦਾਇਤਾਂ ਜਾਰੀ

ਰੂਪਨਗਰ, 28 ਮਾਰਚ: ਪੰਜਾਬ ਰਾਜ ਵਿੱਚ 1 ਅਪ੍ਰੈਲ ਤੋਂ ਰੱਬੀ ਸੀਜ਼ਨ 2025-26 ਸ਼ੁਰੂ ਹੋ ਰਿਹਾ ਹੈ। ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਿਆਈ ਜਾਣ ਵਾਲੀ ਕਣਕ ਨੂੰ ਖਰੀਦਣ ਅਤੇ ਸਾਂਭ-ਸੰਭਾਲ ਦੇ ਪੁਖਤਾ ਪ੍ਰਬੰਧ ਕਰਨ ਲਈ ਅੱਜ ਮਿੰਨੀ ਸਕੱਤਰੇਤ, ਰੂਪਨਗਰ ਵਿਖੇ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਵਰਜੀਤ ਵਾਲੀਆ ਵੱਲੋਂ ਜ਼ਿਲ੍ਹਾ ਕੰਟਰੋਲਰ, ਖੁਰਾਕ ਤੇ ਸਪਲਾਈਜ਼ ਡਾ. ਕਿੰਮੀ ਵਨੀਤ ਕੌਰ ਸੇਠੀ ਅਤੇ ਸਬੰਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਇਸ ਮੌਕੇ ਉਨਾਂ ਕਣਕ ਦੀ ਖਰੀਦ ਅਤੇ ਸਾਂਭ-ਸੰਭਾਲ ਲਈ ਜਿਲ੍ਹਾ ਮੰਡੀ ਅਫਸਰ ਨੂੰ ਆਦੇਸ਼ ਦਿੱਤੇ ਗਏ ਕਿ ਮੰਡੀਆਂ ਵਿੱਚ ਪੀਣ ਵਾਲਾ ਪਾਣੀ, ਬਿਜਲੀ, ਸਫਾਈ, ਬੈਠਣ ਲਈ ਥਾਂ ਅਤੇ ਪਖਾਨਿਆਂ ਦਾ ਯੋਗ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਸਬੰਧਤ ਐਸ.ਡੀ.ਐਮ ਨੂੰ ਆਦੇਸ਼ ਦਿੰਦਿਆਂ ਕਿਹਾ ਕਣਕ ਦੀ ਖਰੀਦ ਲਈ ਮੰਡੀ ਵਿੱਚ ਕੀਤੇ ਗਏ ਪ੍ਰਬੰਧਾਂ ਦੀ 31 ਮਾਰਚ, 2025 ਤੱਕ ਮੰਡੀਆਂ ਵਿੱਚ ਚੈਕਿੰਗ ਕੀਤੇ ਜਾਵੇ।

ਸ੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਜਿਲ੍ਹੇ ਵਿੱਚ ਮੰਡੀ ਬੋਰਡ ਵੱਲੋਂ 24 ਮੰਡੀਆਂ ਨੋਟੀਫਾਈ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਮੰਡੀਆਂ ਵਿੱਚ ਕਣਕ ਦੀ ਖਰੀਦ ਕਰਨ ਲਈ ਬਾਰਦਾਨੇ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾ ਦੀ ਫਸਲ ਸਮੇਂ ਸਿਰ ਖਰੀਦ ਕਰਨ ਤੋਂ ਬਾਅਦ ਕਿਸਾਨਾਂ ਨੂੰ ਅਦਾਇਗੀ 48 ਘੰਟਿਆਂ ਦੇ ਅੰਤਰਾਲ ਵਿੱਚ ਹੀ ਕੀਤੀ ਜਾਵੇਗੀ।

ਉਨ੍ਹਾਂ ਵਧੇਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਿਲ੍ਹੇ ਦੀ ਹਰ ਇੱਕ ਮੰਡੀ ਵਿੱਚ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਮੰਡੀ ਵਿਚੋਂ ਚੁੱਕ ਕੇ ਭੰਡਾਰ ਕਰਨ ਵਾਲੀ ਥਾਂ ਉਤੇ ਸਟੋਰ ਕਰਨ ਲਈ ਸਰਕਾਰ ਵੱਲੋਂ ਲੇਬਰ, ਲੇਬਰ-ਕਾਰਟੇਜ, ਟਰਾਂਸਪੋਰਟੇਸ਼ਨ ਦੇ ਟੈਂਡਰ ਪਹਿਲਾਂ ਹੀ ਵਿਵਸਥਿਤ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਸੀਜ਼ਨ ਦੌਰਾਨ ਬਾਹਰਲੇ ਰਾਜਾਂ ਤੋਂ ਜਿਲ੍ਹੇ ਦੀਆਂ ਮੰਡੀਆ ਵਿੱਚ ਐਮ.ਐਸ.ਪੀ. ਤੇ ਕਣਕ ਵੇਚਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਟਰ-ਸਟੇਟ ਨਾਕੇ ਅਤੇ ਫਲਾਇੰਗ ਸਕੁਐਡ ਰਾਹੀ ਵਾਹਨਾ ਦੀ ਚੈਕਿੰਗ ਕਰਨ ਦੀ ਕਾਰਵਾਈ ਵੀ ਸੁਰੂ ਕਰ ਦਿੱਤੀ ਗਈ ਹੈ।

ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਕਣਕ ਕੱਟਣ ਲਈ ਕੰਬਾਈਨਾਂ ਸਵੇਰੇ 10:00 ਵਜੇ ਤੋਂ ਸ਼ਾਮ 6:00 ਵੱਜੇ ਤੱਕ ਚਲਾਈਆਂ ਜਾਣ ਅਤੇ ਮੰਡੀ ਵਿੱਚ ਫਸਲ ਸੁਕਾ ਕੇ 12% ਮੁਆਈਸਚਰ ਤੋਂ ਘੱਟ ਵਾਲੀ ਕਣਕ ਹੀ ਲਿਆਂਦੀ ਜਾਵੇ ਤਾਂ ਜੋ ਫਸਲ ਦੀ ਬੋਲੀ ਸਮੇਂ ਸਿਰ ਲੱਗ ਸਕੇ ਅਤੇ ਕਿਸਾਨ ਬਿਨਾਂ ਕਿਸੇ ਦੇਰੀ ਤੋਂ ਆਪਣੀ ਫਸਲ ਦੀ ਕੀਮਤ ਵਸੂਲ ਸਕਣ।

ਇਸ ਮੌਕੇ ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਰਮਨਦੀਪ ਸਿੰਘ, ਮੁੱਖ ਖੇਤੀ ਬਾੜੀ ਅਫ਼ਸਰ ਸ੍ਰੀ ਰਾਕੇਸ਼ ਕੁਮਾਰ, ਜ਼ਿਲ੍ਹਾ ਮੈਨੇਜਰ ਮਾਰਕਫੈੱਡ ਸ੍ਰੀਮਤੀ ਨਵੀਤਾ, ਜਿਲ੍ਹਾ ਮੈਨੇਜਰ ਪਨਸਪ ਸ੍ਰੀ ਪਰਮਿੰਦਰਜੀਤ ਬੋਪਾਰਾਏ, ਜਿਲ੍ਹਾ ਮੈਨੇਜਰ ਵੇਅਰਹਾਉਸ ਸ੍ਰੀ ਰਘਵੀਰ ਸਿੰਘ ਅਤੇ ਐਫ.ਸੀ.ਆਈ. ਏਜੰਸੀ ਦੇ ਨੁਮਾਇੰਦੇ ਹਾਜ਼ਰ ਸਨ।