ਡਿਪਟੀ ਕਮਿਸ਼ਨਰ ਨੇ ਨਵੇਂ ਬੱਸ ਸਟੈਂਡ ਦੇ ਚੱਲ ਰਹੇ ਕਾਰਜ ਦੀ ਹਫਤਵਾਰ ਪ੍ਰਗਤੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਨਵੇਂ ਬੱਸ ਸਟੈਂਡ ਦੇ ਚੱਲ ਰਹੇ ਕਾਰਜ ਦੀ ਹਫਤਵਾਰ ਪ੍ਰਗਤੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ
ਨਵੇਂ ਬੱਸ ਸਟੈਂਡ ‘ਚ ਯਾਤਰੀਆਂ ਨੂੰ ਮਿਲਣਗੀਆਂ ਅਤਿ ਆਧੁਨਿਕ ਸੁਵਿਧਾਵਾਂ
ਰੂਪਨਗਰ, 18 ਅਕਤੂਬਰ: ਸ਼ਹਿਰ ਵਾਸੀਆਂ ਨੂੰ ਜਨਤਕ ਟ੍ਰਾਂਸਪੋਰਟ ਸਬੰਧਿਤ ਸੇਵਾਵਾਂ ਜਲਦ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਬਾਈ ਪਾਸ ਉਤੇ ਉਸਾਰੀ ਅਧੀਨ ਨਵੇਂ ਬੱਸ ਸਟੈਂਡ ਦਾ ਹੁਣ ਤੱਕ ਕੀਤੇ ਗਏ ਕਾਰਜ ਦੀ ਸਮੀਖਿਆ ਕਰਨ ਲਈ ਦੌਰਾ ਕੀਤਾ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਉਸਾਰੀ ਕਾਰਜ ਮੁਕੰਮਲ ਕਰਨ ਦੇ ਨਾਲ-ਨਾਲ ਹਫਤਵਾਰ ਪ੍ਰਗਤੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਉਨ੍ਹਾਂ ਅਧਿਕਾਰੀਆਂ ਤੋਂ ਹੁਣ ਤੱਕ ਕੀਤੇ ਗਏ ਕੰਮਾਂ ਦਾ ਵਿਸਥਾਰਪੂਰਵਕ ਵੇਰਵਾ ਲਿਆ ਅਤੇ ਹਦਾਇਤ ਕੀਤੀ ਕਿ ਬੱਸ ਸਟੈਂਡ ਦੇ ਕੰਮ ਨੂੰ ਨਿਯਮਾਂ ਅਧੀਨ ਮਿਆਰੀ ਤਰੀਕੇ ਨਾਲ ਮੁਕੰਮਲ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਸਾਰੀ ਅਧੀਨ ਨਵੇਂ ਬੱਸ ਸਟੈਂਡ ਵਿਖੇ ਕਾਊਂਟਰ ਉਤੇ ਵੱਖ-ਵੱਖ ਥਾਵਾਂ ਉਤੇ ਜਾਣ ਲਈ 21 ਬੱਸਾਂ ਖੜਨਗੀਆਂ ਅਤੇ ਪਾਰਕਿੰਗ ਵਿਚ 20 ਬੱਸਾਂ ਖੜੀਆਂ ਕਰਨ ਲਈ ਥਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਦੀ ਸਹੂਲਤ ਲਈ ਬੇਸਮੈਂਟ ਵਿਚ 60 ਦੇ ਕਰੀਬ ਕਾਰਾਂ ਅਤੇ 100 ਦੇ ਕਰੀਬ ਮੋਟਰਸਾਈਕਲਾਂ ਲਈ ਪਾਰਕਿੰਗ ਬਣਾਈ ਗਈ ਹੈ।
ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਇਸ ਬੱਸ ਸਟੈਂਡ ਵਿਖੇ ਪੰਜਾਬ ਰੋਡਵੇਜ ਦਾ ਪ੍ਰਸ਼ਾਸਨਿਕ ਬਲਾਕ ਤਬਦੀਲ ਹੋਵੇਗਾ ਅਤੇ ਡਰਾਈਵਰਾਂ ਦੇ ਆਰਾਮ ਲਈ ਹਾਲ, 2 ਲਿਫਟਾਂ ਅਤੇ ਕੰਟੀਨ ਸਮੇਤ ਦੁਕਾਨਾਂ ਆਦਿ ਹੋਣਗੀਆਂ।
ਉਨ੍ਹਾਂ ਕਿਹਾ ਕਿ ਰੂਪਨਗਰ ਵਿਖੇ ਬੱਸ ਸਟੈਂਡ ਦੀ ਸੇਵਾ ਨਾ ਹੋਣ ਕਾਰਨ ਆਮ ਲੋਕਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਨ੍ਹਾਂ ਹਲਾਤਾਂ ਦੇ ਮੱਦੇਨਜ਼ਰ ਬੱਸ ਸਟੈਂਡ ਨਾਲ ਸਬੰਧਿਤ ਹਰ ਕਾਰਜ ਨੂੰ ਨਿਰਧਾਰਿਤ ਸਮੇਂ ਵਿਚ ਮੁਕੰਮਲ ਕਰਨਾ ਯਕੀਨੀ ਕਰਨ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਨਵੇਂ ਬੱਸ ਅੱਡੇ ਦੇ ਮੁਕੰਮਲ ਹੋਣ ‘ਤੇ ਰੂਪਨਗਰ ਸ਼ਹਿਰ ਵਾਸੀਆਂ, ਸੂਬੇ ਦੇ ਹੋਰ ਜ਼ਿਲ੍ਹਿਆਂ ਦੇ ਲੋਕ ਅਤੇ ਹਿਮਾਚਲ ਪ੍ਰਦੇਸ਼ ਦੇ ਨਾਗਰਿਕਾਂ ਨੂੰ ਆਵਾਜਾਈ ਵੇਲੇ ਅਤਿ ਆਧੁਨਿਕ ਸਹੂਲਤਾਂ ਮਿਲਣਗੀਆਂ।