ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਦੀ ਅਗਵਾਈ ਹੇਠ ਸੰਵੇਦਨਸ਼ੀਲ ਸਥਾਨਾਂ ਤੇ ਕੱਢਿਆ ਫਲੈਗ ਮਾਰਚ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਦੀ ਅਗਵਾਈ ਹੇਠ ਸੰਵੇਦਨਸ਼ੀਲ ਸਥਾਨਾਂ ਤੇ ਕੱਢਿਆ ਫਲੈਗ ਮਾਰਚ
ਲੋਕ ਸਭਾ ਚੋਣਾਂ ਲਈ ਨਿਰਪੱਖ ਅਤੇ ਆਜ਼ਾਦ ਮਾਹੌਲ ਸਿਰਜਿਆ ਜਾਵੇਗਾ – ਡਿਪਟੀ ਕਮਿਸ਼ਨਰ
ਚੋਣਾਂ ਨੂੰ ਸਾਂਤੀਪੂਰਨ ਤਰੀਕੇ ਨਾਲ ਨੇਪੜੇ ਚਾੜਨ ਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਜ਼ਿਲ੍ਹਾ ਪੁਲਿਸ ਵਲੋਂ ਲਗਾਤਾਰ ਕੱਢੇ ਜਾ ਰਹੇ ਹਨ ਫਲੈਗ ਮਾਰਚ – ਐੱਸਐੱਸਪੀ
ਰੂਪਨਗਰ, 2 ਅਪ੍ਰੈਲ: ਰੂਪਨਗਰ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸ਼ਨ ਲੋਕ ਸਭਾ ਚੋਣਾਂ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਇਸੇ ਲੜੀ ਤਹਿਤ ਅੱਜ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਐੱਸਐੱਸਪੀ ਰੂਪਨਗਰ ਸ . ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਸੰਵੇਦਨਸ਼ੀਲ ਸਥਾਨਾਂ ਪਿੰਡ ਕੋਟਲਾ ਨਿਹੰਗ, ਸਦਾਬਰਤ, ਪਿੰਡ ਸ਼ਾਮਪੁਰਾ ਤੋਂ ਲੈ ਕੇ ਬੇਲਾ ਚੌਂਕ ਤੱਕ ਫਲੈਗ ਮਾਰਚ ਕੱਢਿਆ ਗਿਆ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਕੇਂਦਰੀ ਸੁਰੱਖਿਆ ਬਲਾਂ ਦੇ ਨਾਲ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਫਲੈਗ ਮਾਰਚ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਤਿਉਹਾਰ ਸ਼ੁਰੂ ਹੋ ਚੁੱਕਾ ਹੈ, ਜਿਸ ਵਿਚ ਹਰ ਵੋਟ ਕੀਮਤੀ ਹੈ ਜਿਸ ਦੇ ਚਲਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਹਰ ਸੰਭਵ ਯਤਨ ਕੀਤੇ ਜਾਣਗੇ ਕਿ ਉਹ ਆਪਣੀ ਵੋਟ ਦੀ ਵਰਤੋਂ ਪੂਰੇ ਨਿਡਰ ਹੋਕੇ ਕਰ ਸਕਣ ਅਤੇ ਲੋਕ ਸਭਾ ਚੋਣਾਂ ਲਈ ਨਿਰਪੱਖ ਅਤੇ ਆਜ਼ਾਦ ਮਾਹੌਲ ਸਿਰਜਿਆ ਜਾਵੇਗਾ।
ਉਨ੍ਹਾਂ ਨਵੇਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਿਨ੍ਹਾਂ ਕਿਸੇ ਲਾਲਚ ਅਤੇ ਡਰ ਤੋਂ ਉਪਰ ਉਠ ਕੇ ਆਪਣੇ ਸੋਚ ਦੇ ਆਧਾਰ ਉਤੇ ਵੋਟ ਪਾਉਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਵੋਟ ਦੇ ਸਹੀ ਅਧਿਕਾਰ ਅਤੇ ਉਸਦੀ ਤਾਕਤ ਬਾਰੇ ਜਾਣੂ ਕਰਵਾਇਆ ਜਾਵੇ।
ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਲੋਕ ਸਭਾ ਚੋਣਾਂ-2024 ਦਾ ਵਿਗਲ ਵੱਜ ਚੁੱਕਿਆ ਹੈ, ਇਨ੍ਹਾਂ ਚੋਣਾਂ ਨੂੰ ਸਾਂਤੀਪੂਰਨ ਤਰੀਕੇ ਅਤੇ ਆਜ਼ਾਦਾਨਾ ਢੰਗ ਨਾਲ ਨੇਪੜੇ ਚਾੜਨ ਲਈ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਜ਼ਿਲ੍ਹਾ ਪੁਲਿਸ ਵਲੋਂ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਚੋਣ ਹਲਕਿਆਂ ਦੇ ਪੁਰਾਣੇ ਇਲਾਕਿਆਂ ਅਤੇ ਸੰਵੇਦਨਸ਼ੀਲ ਥਾਵਾਂ ਜਿਥੇ ਪਹਿਲਾਂ ਚੋਣਾਂ ਸਮੇਂ ਲੜਾਈ ਝਗੜੇ, ਸ਼ਰਾਬ ਅਤੇ ਪੈਸੇ ਸਬੰਧੀ ਮਾਮਲੇ ਸਾਹਮਣੇ ਆਏ ਸਨ ਉਨ੍ਹਾਂ ਉਤੇ ਜ਼ਿਲ੍ਹਾ ਪੁਲਿਸ ਅਤੇ ਸਪੈਸ਼ਲ ਟੀਮਾਂ ਵਲੋਂ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ।
ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਸ਼ਹਿਰ ਵਿਚ ਖਾਸ ਅਤੇ ਮਹੱਤਵਪੂਰਨ ਥਾਵਾਂ ਰੇਲਵੇ ਸਟੇਸ਼ਨ, ਬੱਸ ਸਟੈਂਡਾਂ, ਚੌਕਾਂ ਅਤੇ ਪਬਲਿਕ ਥਾਵਾਂ ਉਤੇ ਲਗਾਤਾਰ ਸਰਚ ਅਭਿਆਨ ਚਲਾਏ ਜਾ ਰਹੇ ਹਨ ਅਤੇ ਸੀ.ਸੀ.ਟੀ.ਵੀ ਕੈਮਰਿਆਂ ਨਾਲ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਚੋਣਾਂ ਦੌਰਾਨ ਆਮ ਲੋਕਾਂ ਵਿਚ ਪੂਰੀ ਤਰ੍ਹਾਂ ਵਿਸ਼ਵਾਸ ਜਗਾਇਆ ਜਾ ਸਕੇ।
ਇਸ ਮੌਕੇ ਐਸ.ਪੀ. ਹੈਡਕਵਾਟਰ ਸ. ਰਾਜਪਾਲ ਸਿੰਘ ਹੁੰਦਲ, ਡੀ.ਐਸ.ਪੀ ਹਰਪਿੰਦਰ ਕੌਰ ਗਿੱਲ, ਅਸਿਸਟੈਂਟ ਕਮਾਂਡਰ ਬੀ.ਐਸ.ਐੱਫ. ਦਵਿੰਦਰ ਕੁਮਾਰ, ਜ਼ਿਲ੍ਹਾ ਪੁਲੀਸ ਅਤੇ ਪੈਰਾ ਮਿਲਟਰੀ ਦੀਆਂ ਟੁਕੜੀਆਂ ਹਾਜ਼ਰ ਸਨ।