ਡਿਪਟੀ ਕਮਿਸ਼ਨਰ ਨੇ ਜ਼ਿਲਾ ਖਣਿਜ ਫਾਊਂਡੇਸ਼ਨ ਫੰਡ ਰਿਪੋਰਟ ਦੀ ਸਮੀਖਿਆ ਕੀਤੀ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਜ਼ਿਲਾ ਖਣਿਜ ਫਾਊਂਡੇਸ਼ਨ ਫੰਡ ਰਿਪੋਰਟ ਦੀ ਸਮੀਖਿਆ ਕੀਤੀ
• ਪ੍ਰਧਾਨ ਮੰਤਰੀ ਖਣਿਜ ਖੇਤਰ ਕਲਿਆਣ ਯੋਜਨਾ ਨਾਲ਼ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ
• ਯੋਜਨਾ ਦਾ ਮੰਤਵ ਖਣਨ ਪ੍ਰਭਾਵਿਤ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ
ਰੂਪਨਗਰ, 24 ਅਪ੍ਰੈਲ: ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਦੀ ਅਗਵਾਈ ਅਧੀਨ ਜ਼ਿਲ੍ਹਾ ਖਣਿਜ ਫਾਊਂਡੇਸ਼ਨ ਫੰਡ ਦੀ ਉਚ ਪੱਧਰੀ ਮੀਟਿੰਗ ਹੋਈ ਜਿਸ ਵਿਚ ਪ੍ਰਧਾਨ ਮੰਤਰੀ ਖਣਿਜ ਖੇਤਰ ਕਲਿਆਣ ਯੋਜਨਾ ਤਹਿਤ ਦਿੱਤੀ ਜਾਂਦੀ ਵਿੱਤੀ ਸਹਾਇਤਾ ਦੀ ਵੇਰਵਿਆਂ ਸਹਿਤ ਸਮੀਖਿਆ ਕੀਤੀ ਗਈ। ਜਿਸ ਦਾ ਮੁੱਖ ਮੰਤਵ ਖਣਨ ਪ੍ਰਭਾਵਿਤ ਲੋਕਾਂ ਦਾ ਜੀਵਨ ਪੱਧਰ ਵਧਾਉਣ ਦੇ ਸੰਬੰਧ ਵਿੱਚ ਡਿਸਟਿਕ ਮਿਨਿਰਲ ਫੰਡ (ਡੀ.ਐੱਮ.ਐੱਫ.) ਦੀ ਰਾਸ਼ੀ ਨੂੰ ਬਿਹਤਰ ਤਰੀਕੇ ਨਾਲ ਖ਼ਰਚ ਕਰਨਾ ਹੈ।
ਡਿਪਟੀ ਕਮਿਸ਼ਨਰ ਦੀ ਅਗਵਾਈ ਅਧੀਨ ਮੀਟਿੰਗ ਵਿਚ ਐਕਸੀਅਨ ਮਾਈਨਿੰਗ ਰਜਤ ਗਰੋਵਰ ਨੇ ਜਾਣਕਾਰੀ ਦਿੰਦੇ ਦੱਸਿਆ ਕੀ ਪ੍ਰਧਾਨ ਮੰਤਰੀ ਖਣਿਜ ਖੇਤਰ ਕਲਿਆਣ ਯੋਜਨਾ ਤਹਿਤ ਮਾਈਨਿੰਗ ਦੀਆਂ ਖੱਡਾਂ, ਭੱਠੇ ਅਤੇ ਪਰਮਿਟ ਆਦਿ ਤੋਂ ਇਕੱਠੇ ਹੋਏ ਮਾਲੀਏ ਵਿਚੋਂ ਨਿਰਧਾਰਿਤ ਨਿਯਮਾਂ ਤਹਿਤ ਸਿੰਚਾਈ, ਪੀਣ ਵਾਲ਼ੇ ਪਾਣੀ, ਸਿਹਤ ਸੰਭਾਲ਼, ਸਿੱਖਿਆ, ਮਹਿਲਾ ਅਤੇ ਬਾਲ ਭਲਾਈ, ਦਿਵਿਆਂਗਜਨ ਲੋਕਾਂ ਅਤੇ ਹੁਨਰ ਸਿੱਖਿਆ ਜਾਂ ਫਿਰ ਮਾਈਨਿੰਗ ਵਾਲ਼ੇ ਖੇਤਰ ਵਿਚ ਵਾਤਾਵਰਨ ਦੀ ਸੁਰੱਖਿਆ ਆਦਿ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ।
ਜ਼ਿਲਾ ਖਣਿਜ ਫਾਊਂਡੇਸ਼ਨ ਫੰਡ ਸਬੰਧੀ ਹੋਈ ਮੀਟਿੰਗ ਵਿਚ ਰਜਤ ਗਰੋਵਰ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹਾ ਰੂਪਨਗਰ ਵਿਚ 5 ਮਾਡਰਨ ਆਂਗਨਵਾੜੀ ਸੈਂਟਰਾਂ ਲਈ 2 ਲੱਖ ਰੁਪਏ, 2 ਸਕੂਲਾਂ ਦੇ ਈ-ਲਰਨਿੰਗ ਸੈੱਟਅੱਪ ਲਈ 3.5 ਲੱਖ ਰੁਪਏ, ਸਰਕਾਰੀ ਸਪੈਸ਼ਲ ਸਕੂਲਾਂ ਵਿੱਚ ਕਲਾ ਅਤੇ ਸ਼ਿਲਪਕਾਰੀ ਦੇ ਕਮਰਿਆਂ ਲਈ 5 ਲੱਖ ਰੁਪਏ, ਦਿਵਿਆਂਗਜਨ ਬੱਚਿਆਂ ਲਈ 5 ਲੱਖ ਰੁਪਏ ਅਤੇ ਲਾਇਬਰੇਰੀ ਲਈ ਸੋਲਰ ਪੈਨਲ, ਓਪਨ ਜਿੰਮ, ਬੈਂਚਾਂ ਲਈ 6 ਲੱਖ ਰੁਪਏ ਅਤੇ ਹੋਰ ਕਈ ਕਾਰਜਾਂ ਲਈ ਰਾਸ਼ੀ ਪ੍ਰਵਾਨ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਹਦਾਇਤ ਕੀਤੀ ਗਈ ਕਿ ਪ੍ਰਧਾਨ ਮੰਤਰੀ ਖਣਿਜ ਖੇਤਰ ਕਲਿਆਣ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਨੂੰ ਨਿਯਮਾਂ ਤਹਿਤ ਸਮਾਂਬੱਧ ਸੀਮਾ ਵਿਚ ਜਾਰੀ ਕੀਤਾ ਜਾਵੇ ਤਾਂ ਜੋ ਨਿਰਧਾਰਿਤ ਕੀਤੇ ਗਏ ਖੇਤਰਾਂ ਵਿਚ ਵੱਧ ਤੋਂ ਵੱਧ ਸਹੂਲਤਾਂ ਪਹੁੰਚਾ ਕੇ ਵਿਕਾਸ ਕਾਰਜ ਕੀਤੇ ਜਾ ਸਕਣ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਖਣਿਜ ਫਾਊਂਡੇਸ਼ਨ ਦੇ ਫੰਡਾਂ ਨੂੰ ਵਰਤੋਂ ਵਿਚ ਲਿਆਉਣ ਲਈ ਪ੍ਰਧਾਨ ਮੰਤਰੀ ਖਣਿਜ ਖੇਤਰ ਕਲਿਆਣ ਯੋਜਨਾ ਅਧੀਨ ਟੀਚੇ ਨਿਰਧਾਰਿਤ ਕੀਤੇ ਗਏ ਹਨ ਜਿਸ ਤਹਿਤ ਖਣਨ ਪ੍ਰਭਾਵਿਤ ਖੇਤਰਾਂ ਵਿੱਚ ਵਿਭਿੰਨ ਵਿਕਾਸਾਤਮਕ ਅਤੇ ਕਲਿਆਣਕਾਰੀ ਪਰਿਯੋਜਨਾਵਾਂ/ਪ੍ਰੋਗਰਾਮਾਂ ਨੂੰ ਲਾਗੂ ਕਰਨਾ, ਜੋ ਰਾਜ ਅਤੇ ਕੇਂਦਰ ਸਰਕਾਰ ਦੀਆਂ ਮੌਜੂਦਾ ਯੋਜਨਾਵਾਂ/ਪਰਿਯੋਜਨਾਵਾਂ ਦੇ ਸਮਾਨ ਹੋਣ, ਵਾਤਾਵਰਨ, ਸਿਹਤ ਅਤੇ ਖਨਨ ਮਿੱਲਾਂ ਵਿੱਚ ਲੋਕਾਂ ਦੀ ਸਮਾਜਿਕ, ਆਰਥਿਕ ਹਾਲਤ ਉੱਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਨੂੰ ਖ਼ਤਮ ਕਰਨਾ। ਇਸੇ ਤਰ੍ਹਾਂ ਹੀ ਖਣਨ ਖੇਤਰ ਦੇ ਪ੍ਰਭਾਵਿਤ ਲੋਕਾਂ ਲਈ ਟਿਕਾਊ, ਆਜੀਵਿਕਾ ਯਕੀਨੀ ਬਣਾਉਣਾ ਹੈ।
ਇਸ ਮੀਟਿੰਗ ਵਿਚ ਮਾਈਨਿੰਗ ਵਿਭਾਗ ਤੋਂ ਇਲਾਵਾ ਪੁਲਿਸ ਵਿਭਾਗ, ਉਪ ਮੰਡਲ ਮੈਜਿਸਟ੍ਰੇਟ, ਰੂਪਨਗਰ, ਵਣ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਜਲ ਸਪਲਾਈ ਅਤੇ ਸੈਨੀਟੇਸ਼ਨ, ਪੀ. ਡਬਲਯੂ. ਡੀ, ਬੀ. ਐਂਡ. ਆਰ. ਦੇ ਮੁਖੀ ਹਾਜਰ ਸਨ।