ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵੱਲੋਂ ਨਕਾਰਡ ਪ੍ਰਣਾਲੀ ਦੀਆਂ ਚੱਲ ਰਹੀਆਂ ਗਤਵਿਧੀਆਂ ਦਾ ਜਾਇਜਾ ਲਿਆ ਗਿਆ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵੱਲੋਂ ਨਕਾਰਡ ਪ੍ਰਣਾਲੀ ਦੀਆਂ ਚੱਲ ਰਹੀਆਂ ਗਤਵਿਧੀਆਂ ਦਾ ਜਾਇਜਾ ਲਿਆ ਗਿਆ
ਰੂਪਨਗਰ, 27 ਫਰਵਰੀ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਣਾ ਵੱਲੋਂ ਨਾਰਕੋ ਕੋਰਡੀਨੈਸ਼ਨ ਸੈਂਟਰ (ਨਕਾਰਡ) ਪ੍ਰਣਾਲੀ ਦੀਆਂ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜਾ ਲਿਆ ਗਿਆ ਅਤੇ ਵੱਖ-ਵੱਖ ਐਸ.ਡੀ.ਐਮ ਤੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ ਕਾਰਗੁਜ਼ਾਰੀ ਦੀ ਜਾਣਕਾਰੀ ਲਈ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਐਸ.ਡੀ.ਐਮ ਤੇ ਡੀ.ਐਸ.ਪੀ. ਇਕ-ਇਕ ਪਿੰਡ ਮਾਡਲ ਵਜੋਂ ਸਥਾਪਿਤ ਕਰਨਗੇ ਅਤੇ ਵਿਭਾਗਾਂ ਦੇ ਸਹਿਯੋਗ ਨਾਲ ਨਸ਼ਾ-ਪੀੜਤਾਂ ਦਾ ਇਲਾਜ ਕਰਵਾ ਕੇ, ਰੋਜ਼ਗਾਰ ਦੇਣ ਲਈ ਮਦੱਦ ਕਰਨਗੇ।
ਮੀਟਿੰਗ ਦੌਰਾਨ ਸੀਨੀਅਰ ਪੁਲੀਸ ਕਪਤਾਨ ਸ. ਗੁਲਨੀਤ ਸਿੰਘ ਖੁਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਪੰਜਾਬ ਪੁਲਿਸ ਵੱਲੋਂ ਲਗਾਤਾਰ ਸੈਮੀਨਾਰ ਕਰਵਾਏ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਨਸ਼ਾ ਵੇਚਣ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜਨਵਰੀ 2024 ਵਿੱਚ ਸਕੂਲਾਂ, ਪਿੰਡਾ ਅਤੇ ਹੋਰ ਜਨਤਕ ਸਥਾਨਾਂ ਤੇ ਸਾਂਝ ਕੇਂਦਰ ਅਤੇ ਥਾਣਿਆ ਵੱਲੋਂ ਕੁੱਲ 27 ਸੈਮੀਨਾਰ ਕਰਵਾਏ ਗਏ ਹਨ। ਇਸ ਤੋਂ ਇਲਾਵਾ 5 ਫਰਵਰੀ ਨੂੰ ਮਿੰਨੀ ਮੈਰਾਥਨ ਦਾ ਆਯੋਜਨ ਵੀ ਕੀਤਾ ਗਿਆ ਤਾਂ ਜੋ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡ ਮੈਦਾਨਾਂ ਨਾਲ ਜੁੜ ਸਕਣ।
ਡੀ.ਐਸ.ਪੀ. (ਡੀ) ਮਨਬੀਰ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 01 ਜਨਵਰੀ 2024 ਤੋਂ ਲੈ ਕੇ 31 ਜਨਵਰੀ 2024 ਤੱਕ ਇੱਕ ਮਹੀਨੇ ਵਿੱਚ ਹੀ ਨਸ਼ਿਆਂ ਖਿਲਾਫ ਕੁੱਲ 8 ਕੇਸ ਦਰਜ ਕੀਤੇ, 14 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, 15 ਗ੍ਰਾਮ 500 ਐਮ.ਜੀ. ਹੈਰੋਇਨ ਅਤੇ 747 ਗ੍ਰਾਮ ਨਸ਼ੀਲੇ ਪਾਊਡਰ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਪਿਛਲੇ ਸਾਲ 01 ਜਨਵਰੀ 2023 ਤੋਂ ਲੈ ਕੇ 31 ਦਸੰਬਰ 2023 ਤੱਕ ਕੁੱਲ 151 ਕੇਸ ਦਰਜ ਕੀਤੇ ਗਏ ਅਤੇ 258 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਹੀ 13 ਕਿਲੋ ਭੁੱਕੀ, 7 ਕਿਲੋ ਅਫੀਮ, 1 ਕਿਲੋ 846 ਗ੍ਰਾਮ ਹੈਰੋਇਨ, 2 ਕਿਲੋ ਚਰਸ, 4 ਕਿਲੋ 575 ਗ੍ਰਾਮ ਨਸ਼ੀਲੇ ਨਸ਼ੀਲੇ ਪਾਊਡਰ, 5407 ਨਸ਼ੀਲੀਆਂ ਦਵਾਈਆਂ, 280 ਟੀਕੇ, 35 ਗ੍ਰਾਮ ਗਾਂਜਾ ਅਤੇ 3 ਲੱਖ 61 ਹਜਾਰ 60 ਰੁਪਏ ਤੇ 143 ਗ੍ਰਾਮ ਸੋਨਾ ਬਰਾਮਦ ਕੀਤਾ ਹੈ।
ਰੂਪਨਗਰ ਜ਼ਿਲ੍ਹੇ ਨਾਲ ਹਿਮਾਚਲ ਪ੍ਰਦੇਸ਼ ਦੀ ਸਰਹੱਦ ਲੱਗਣ ਕਾਰਨ ਵਿਸ਼ੇਸ਼ ਟੀਮਾਂ ਵਲੋਂ ਸੰਵੇਦਨਸ਼ੀਲ ਇਲਾਕਿਆਂ ਉਤੇ ਨਿਗਰਾਨੀ ਕੀਤੀ ਜਾਵੇ ਅਤੇ ਜ਼ਿਲ੍ਹੇ ਦੇ ਹਰ ਸ਼ੱਕੀ ਵਿਅਕਤੀ ਜੋ ਕਿਸੇ ਵੀ ਪੱਧਰ ਉਤੇ ਨਸ਼ਿਆਂ ਨਾਲ ਜੁੜੇ ਹਨ, ਉਨ੍ਹਾਂ ਉਤੇ ਨਿਰੰਤਰ ਨਜ਼ਰ ਰੱਖੀ ਜਾਵੇ ਤਾਂ ਜੋ ਨੌਜਵਾਨਾਂ ਨੂੰ ਵੱਧ ਤੋਂ ਵੱਧ ਨਸ਼ਿਆਂ ਦੇ ਸੇਵਨ ਤੋਂ ਬਚਾਇਆ ਜਾ ਸਕੇ।
ਉਪ ਮੰਡਲ ਮੈਜਿਸਟਰੇਟਾਂ ਵੱਲੋਂ ਦੱਸਿਆ ਗਿਆ ਕਿ “ਆਪ ਕੀ ਸਰਕਾਰ, ਆਪ ਕੇ ਦੁਆਰ” ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਵਿੱਚ ਵੀ ਲਗਾਤਾਰ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਡਰੱਗ ਇੰਸਪੈਕਟਰ ਡਾ. ਨਵਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੈਮਿਸਟਾਂ ਦੀ ਵੀ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਬੱਚਿਆਂ ਨੂੰ ਸਵੇਰ ਦੀ ਸਭਾ ਵੇਲੇ ਨਿਰੰਤਰ ਨਸ਼ਿਆਂ ਦੇ ਮਾੜ੍ਹੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਬੱਚਿਆਂ ਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਕੋਈ ਉਨ੍ਹਾਂ ਦੇ ਘਰ ਵਿੱਚ ਜਾਂ ਆਲੇ ਦੁਆਲੇ ਕੋਈ ਵੀ ਵਿਅਕਤੀ ਨਸ਼ੇ ਕਰਦਾ ਹੈ ਤਾਂ ਉਸਨੂੰ ਵੀ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਐਸ.ਪੀ ਡਾ. , ਐੱਸ.ਐਮ.ਓ ਡਾ. ਤਰਸੇਮ ਸਿੰਘ, ਐੱਸ.ਐਮ.ਓ ਡਾ. ਬਲਦੇਵ ਸਿੰਘ, ਐੱਸ.ਡੀ.ਐੱਮ ਨੰਗਲ ਅਨਮਜੋਤ ਕੌਰ, ਐੱਸ ਡੀ ਐੱਮ ਸ਼੍ਰੀ ਚਮਕੌਰ ਸਾਹਿਬ ਅਮਰੀਕ ਸਿੰਘ, ਐੱਸ ਡੀ ਐੱਮ ਮੋਰਿੰਡਾ ਸੁਖਪਾਲ ਸਿੰਘ, ਐੱਸ ਡੀ ਐੱਮ ਸ਼੍ਰੀ ਅਨੰਦਪੁਰ ਸਾਹਿਬ ਹਰਜੋਤ ਕੌਰ, ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ, ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀਆਂ ਅਫ਼ਸਰ ਕਮਲਜੀਤ ਰਾਜੂ, ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ, ਜ਼ਿਲ੍ਹਾ ਵਣ ਅਫ਼ਸਰ ਸ. ਹਰਜਿੰਦਰ ਸਿੰਘ, ਨਹਿਰੂ ਯੁਵਾ ਕੇਂਦਰ ਤੋਂ ਕੋਆਰਡੀਨੇਟਰ ਪੰਕਜ ਯਾਦਵ, ਤਹਿਸੀਲਦਾਰ ਰੂਪਨਗਰ ਕੁਲਦੀਪ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ