ਠੰਡ ਤੇ ਸੀਤ ਲਹਿਰ ਦੇ ਮਾੜੇ ਪ੍ਰਭਾਵਾਂ ਤੋਂ ਬਚਾਅ ਰੱਖਿਆ ਜਾਵੇ -ਡਿਪਟੀ ਕਮਿਸ਼ਨਰ
ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ
ਠੰਡ ਤੇ ਸੀਤ ਲਹਿਰ ਦੇ ਮਾੜੇ ਪ੍ਰਭਾਵਾਂ ਤੋਂ ਬਚਾਅ ਰੱਖਿਆ ਜਾਵੇ -ਡਿਪਟੀ ਕਮਿਸ਼ਨਰ
ਰੂਪਨਗਰ, 27 ਦਸੰਬਰ :
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮੌਸਮ ਦੇ ਬਦਲਾਅ ਨੂੰ ਵੇਖਦੇ ਹੋਏ ਸੀਤ ਲਹਿਰ ਤੋਂ ਬਚਾਅ ਸਬੰਧੀ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ ਕਿ ਸਰਦ ਰੁੱਤ ਦੇ ਮੌਸਮ ਵਿੱਚ ਲਗਾਤਾਰ ਘਟ ਰਹੇ ਤਾਪਮਾਨ ਵਿੱਚ ਸਿਹਤ ਪ੍ਰਤੀ ਲਾਹਪ੍ਰਵਾਹੀ ਖਤਰਨਾਕ ਸਾਬਤ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਖਾਸ ਕਰ ਬਜੁਰਗਾਂ ਅਤੇ ਬੱਚਿਆਂ ਲਈ ਬਹੁਤ ਘੱਟ ਤਾਪਮਾਨ ਵਿੱਚ ਜ਼ਿਆਦਾ ਦੇਰ ਰਹਿਣ ਨਾਲ ਦਿਲ ਦੇ ਰੋਗਾਂ ਸੰਬੰਧੀ ਔਕੜਾਂ, ਸਰਦੀ ਜ਼ੁਕਾਮ, ਟੋਂਸਿਲ, ਦਮਾ ਅਤੇ ਨਿਮੋਨੀਆ ਵਰਗੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਲੰਮਾ ਸਮਾਂ ਬਹੁਤ ਘੱਟ ਤਾਪਮਾਨ ਵਿੱਚ ਰਹਿਣ ਨਾਲ ਵਿਅਕਤੀ ਹਾਈਪੋਥਰਮੀਆ ਦਾ ਸ਼ਿਕਾਰ ਹੋ ਸਕਦਾ ਹੈ, ਜਿਸ ਵਿੱਚ ਸਰੀਰ ਠੰਢਾ ਪੈ ਜਾਂਦਾ ਹੈ, ਕਾਂਬਾ ਲਗਦਾ ਹੈ ਤੇ ਸਰੀਰ ਨੂੰ ਬਹੁਤ ਜਿਆਦਾ ਥਕਾਵਟ ਮਹਿਸੂਸ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਵਿਅਕਤੀ ਦੀ ਯਾਦਾਸ਼ਤ ਵੀ ਜਾ ਸਕਦੀ ਹੈ। ਇਸ ਤਰ੍ਹਾਂ ਬਹੁਤ ਲੰਮਾ ਸਮਾਂ ਠੰਢ ਵਿੱਚ ਪੈਣ ਨਾਲ ਹੱਥ ਪੈਰ ਨੀਲੇ ਪੈ ਜਾਂਦੇ ਹਨ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਠੰਡ ਤੋਂ ਬਚਾਅ ਲਈ ਢੁੱਕਵੇਂ ਪ੍ਰਬੰਧ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਠੰਢ ਤੋਂ ਬਚਾਅ ਲਈ ਗਰਮ ਕੱਪੜੇ, ਬਿਨਾਂ ਕੰਮ ਤੋਂ ਬਾਹਰ ਨਾ ਜਾਣਾ, ਖਾਣ ਪੀਣ ਵੱਲ ਵਿਸ਼ੇਸ਼ ਧਿਆਨ ਰੱਖਣਾ, ਮੌਸਮ ਵਿਭਾਗ ਦੀਆਂ ਚਿਤਾਵਨੀਆਂ ਤੇ ਅਮਲ ਕਰਨਾ, ਸੰਚਾਰ ਰਾਬਤਾ ਕਾਇਮ ਰੱਖਣਾ, ਗਰਮ ਤਰਲ ਪਦਾਰਥਾਂ ਦਾ ਜ਼ਿਆਦਾ ਪ੍ਰਯੋਗ ਕਰਨਾ, ਰੂਮ ਹੀਟਰ ਦੀ ਵਰਤੋਂ ਕਰਦੇ ਸਮੇਂ ਹਵਾ ਦੀ ਅਵਾਜਾਈ ਦਾ ਖਿਆਲ ਰੱਖਣਾ ਤਾਂ ਜੋ ਆਕਸੀਜਨ ਦੀ ਕਮੀ ਨਾ ਹੋ ਸਕੇ। ਗਰਮ ਪਾਣੀ ਨਾਲ ਨਹਾਉਂਦੇ ਸਮੇਂ ਪਾਣੀ ਦੀ ਭਰਨ ਤੋਂ ਪਹਿਲਾਂ ਗੀਜ਼ਰ ਬੰਦ ਕਰ ਦਿੱਤਾ ਜਾਵੇ। ਗੀਜਰ ਦੀ ਫਿਟਿੰਗ ਬਾਥਰੂਮ ਤੋਂ ਬਾਹਰ ਕਰ ਲਈ ਜਾਵੇ ਤਾਂ ਹੋਰ ਵੀ ਬਿਹਤਰ ਹੈ।
ਉਨ੍ਹਾਂ ਕਿਹਾ ਕਿ ਧੁੰਦ ਦੇ ਮੌਸਮ ਵਿੱਚ ਸਾਰੇ ਹੀ ਡਰਾਈਵਿੰਗ ਵੀ ਬਹੁਤ ਧਿਆਨ ਨਾਲ ਕਰਨ। ਸਾਨੂੰ ਟ੍ਰੈਫਿਕ ਸਬੰਧੀ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਘੱਟ ਤਾਪਮਾਨ ਦੀ ਮੌਜੂਦਗੀ ਤੇ ਠੰਡ ਦੇ ਮਾੜੇ ਪ੍ਰਭਾਵ ਦੇ ਕਾਰਨ ਬਹੁਤ ਜ਼ਿਆਦਾ ਸ਼ੀਤ ਲਹਿਰਾਂ ਦਾ ਖੇਤੀਬਾੜੀ, ਸਿਹਤ, ਪਸ਼ੂਆਂ ਦੀ ਖੁਰਾਕ ਅਤੇ ਵਾਤਾਵਰਣ ’ਤੇ ਪ੍ਰਭਾਵ ਪੈਣ ਦਾ ਖ਼ਦਸਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸ਼ੀਤ ਲਹਿਰ ਅਤੇ ਠੰਡ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਸਾਡੇ ਸਭ ਲਈ ਅਹਿਮ ਹੈ।