ਠੋਸ ਅਤੇ ਤਰਲ ਕੂੜਾ ਪ੍ਰਬੰਧਨ ਦੇ ਸਾਰੇ ਕੰਮ ਜੰਗੀ ਪੱਧਰ ‘ਤੇ ਕੀਤੇ ਜਾਣ – ਡਿਪਟੀ ਕਮਿਸ਼ਨਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਠੋਸ ਅਤੇ ਤਰਲ ਕੂੜਾ ਪ੍ਰਬੰਧਨ ਦੇ ਸਾਰੇ ਕੰਮ ਜੰਗੀ ਪੱਧਰ ‘ਤੇ ਕੀਤੇ ਜਾਣ – ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਤੇ ਜਲ ਜੀਵਨ ਮਿਸ਼ਨ ਦੇ ਕੰਮਾਂ ਦੀ ਪ੍ਰਗਤੀ ਸਬੰਧੀ ਲਿਆ ਜਾਇਜ਼ਾ
ਰੂਪਨਗਰ, 22 ਜੁਲਾਈ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕਰਦਿਆਂ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਤੇ ਜਲ ਜੀਵਨ ਮਿਸ਼ਨ ਦੇ ਕੰਮਾਂ ਦੀ ਪ੍ਰਗਤੀ ਸਬੰਧੀ ਨਿਰੀਖਣ ਕੀਤਾ ਗਿਆ। ਮੀਟਿੰਗ ਦੌਰਾਨ ਜ਼ਿਲ੍ਹਾ ਰੂਪਨਗਰ ਅਧੀਨ ਪਿੰਡਾਂ ਵਿੱਚ ਉਸਾਰੇ ਜਾ ਰਹੇ ਘਰੇਲੂ ਪਖਾਨੇ, ਸਾਂਝੇ ਪਖਾਨੇ, ਠੋਸ ਕੂੜਾ ਪ੍ਰਬੰਧਨ, ਤਰਲ ਕੂੜਾ ਪ੍ਰਬੰਧਨ, ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ, ਗੋਬਰ-ਧਨ ਅਤੇ ਜਲ ਸਪਲਾਈ ਸਕੀਮਾਂ ਦੇ ਕੰਮਾਂ ਦੀ ਪ੍ਰਗਤੀ ਅਤੇ ਪ੍ਰਵਾਨਗੀ ਦੇਣ ਬਾਰੇ ਨਿਰੀਖਣ ਕੀਤਾ ਗਿਆ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਆਦੇਸ਼ ਦਿੱਤਾ ਕਿ ਠੋਸ ਅਤੇ ਤਰਲ ਕੂੜਾ ਪ੍ਰਬੰਧਨ ਦੇ ਸਾਰੇ ਕੰਮ ਜੰਗੀ ਪੱਧਰ ਤੇ ਕੀਤੇ ਜਾਣ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਤੇ ਜਲ ਜੀਵਨ ਮਿਸ਼ਨ ਸਰਕਾਰ ਵਲੋਂ ਚਲਾਈਆ ਜਾ ਰਹੀਆ ਬਹੁਤ ਹੀ ਅਹਿਮ ਮੁਹਿੰਮ ਹੈ ਜਿਸ ਵਿੱਚ ਵਿਭਾਗ ਅਤੇ ਪਿੰਡ ਵਾਸੀਆਂ ਦੀ ਭਾਗੀਦਾਰੀ ਰਾਹੀਂ ਆਪਣੇ ਘਰ ਅਤੇ ਪਿੰਡਾਂ ਨੂੰ ਸਾਫ-ਸੁਥਰਾ ਬਣਾਉਣਾ ਅਤੇ ਪੀਣ ਯੋਗ ਸ਼ੁੱਧ ਜਲ ਮੁਹੱਈਆ ਕਰਵਾ ਕੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਰੂਪਨਗਰ ਦੇ ਸਾਰੇ ਪਿੰਡਾਂ ਨੂੰ ਓ.ਡੀ.ਐੱਫ ਪਲੱਸ ਮਾਡਲ ਪਿੰਡ ਬਣਾਇਆ ਜਾਵੇ। ਉਨ੍ਹਾਂ ਵਲੋਂ ਮੁੱਖ ਕਾਰਜਕਾਰੀ ਅਫਸਰ, ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਨੂੰ ਹਦਾਇਤ ਕੀਤੀ ਕਿ ਬਕਾਇਆ ਰਹਿੰਦੇ ਠੋਸ ਕੂੜਾ ਪ੍ਰਬੰਧਨ ਅਤੇ ਤਰਲ ਕੂੜਾ ਪ੍ਰਬੰਧਨ ਦੇ ਕੰਮਾਂ ਨੂੰ ਜਲਦ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਜ਼ਿਲ੍ਹਾ ਰੂਪਨਗਰ ਦਾ ਓ.ਡੀ.ਐੱਫ ਪਲੱਸ ਮਾਡਲ ਦਾ ਟੀਚਾ ਸਮੇਂ ਸਿਰ ਪ੍ਰਾਪਤ ਕੀਤਾ ਜਾ ਸਕੇ ਅਤੇ ਪਿੰਡਾਂ ਨੂੰ ਸਾਫ-ਸੁਥਰਾ ਰੱਖਿਆ ਜਾ ਸਕੇ। ਇਸ ਦੇ ਨਾਲ-ਨਾਲ ਘਰੇਲੂ ਪਖਾਨਿਆਂ ਦੀ ਉਸਾਰੀ ਦੇ ਕੰਮ ਸਬੰਧਤ ਲਾਭਪਾਤਰੀਆਂ ਨੂੰ ਉਤਸ਼ਾਹਿਤ ਕਰਕੇ ਜਲਦ ਮੁਕੰਮਲ ਕਰਵਾਏ ਜਾਣ।
ਮੀਟਿੰਗ ਦੌਰਾਨ ਜ਼ਿਲ੍ਹਾ ਸੈਨੀਟੇਸ਼ਨ ਅਫਸਰ ਰੂਪਨਗਰ ਵਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਰੂਪਨਗਰ ਅਧੀਨ ਹੁਣ ਤੱਕ ਜ਼ਿਲ੍ਹੇ ਦੇ 587 ਪਿੰਡਾਂ ਨੂੰ ਐਸਪਾਈਰਿੰਗ ਸ਼੍ਰੇਣੀ ਅਤੇ 8 ਪਿੰਡਾਂ ਨੂੰ ਓ.ਡੀ.ਐੱਫ ਪਲੱਸ ਮਾਡਲ ਘੋਸ਼ਿਤ ਕਰ ਦਿੱਤਾ ਗਿਆ ਹੈ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀ ਸੰਜੀਵ ਕੁਮਾਰ, ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਸੈਨੀਟੇਸ਼ਨ ਅਫਸਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਰੂਪਨਗਰ ਸ਼੍ਰੀ ਮਾਈਕਲ, ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਵਾਟਰ ਅਫਸਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਸ਼੍ਰੀ ਅਨੰਦਪੁਰ ਸਾਹਿਬ ਸ. ਹਰਜੀਤਪਾਲ ਸਿੰਘ ਅਤੇ ਉਪ ਮੰਡਲ ਇੰਜੀਨੀਅਰ, ਪੰਚਾਇਤੀ ਰਾਜ ਵਿਭਾਗ ਸ. ਹਰਿੰਦਰ ਸਿੰਘ ਗਿੱਲ, ਡੀ.ਡੀ.ਐਫ. ਸ਼੍ਰੀ ਗਿਰਜਾ ਸ਼ੰਕਰ ਅਤੇ ਹੋਰ ਉੱਚ ਅਧਿਕਾਰੀ ਹਾਜਰ ਸਨ।